ਰੇਲਵੇ ਵਲੋਂ ਊਨਾ ਤੋਂ ਚੰਡੀਗੜ੍ਹ ਰਾਹੀਂ ਅੰਬਾਲਾ ਕੈਂਟ ਤੱਕ ਚਲੱਣ ਵਾਲੀਆਂ ਗੱਡੀਆਂ 30 ਨਵੰਬਰ ਤੱਕ ਕੀਤੀ ਰੱਦ
ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਚੰਡੀਗੜ੍ਹ ਅਤੇ ਅੰਬਾਲਾ ਜਾਣ ਵਾਲੇ ਯਾਤਰੀਆਂ ਨੂੰ ਰੇਲਵੇ ਵੱਲੋਂ ਰੇਲ ਸੇਵਾ ਰੱਦ ਕੀਤੇ ਜਾਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਨੇ ਦੌਲਤਪੁਰ ਚੌਕ ਤੋਂ ਚੰਡੀਗੜ੍ਹ ਰਾਹੀਂ ਅੰਬਾਲਾ ਕੈਂਟ ਤੱਕ ਚੱਲਣ ਵਾਲੀਆਂ ਰੇਲ ਗੱਡੀਆਂ ਨੰਬਰ 74991 ਅਤੇ 74992 ਨੂੰ 30 ਨਵੰਬਰ ਤੱਕ ਰੱਦ ਕਰ ਦਿੱਤਾ ਹੈ। ਇਹ ਫ਼ੈਸਲਾ ਰੇਲਵੇ ਲਾਈਨ ਦੀ ਮੁਰੰਮਤ ਅਤੇ ਪਟੜੀਆਂ ਬਦਲਣ ਦੇ ਕੰਮ ਕਾਰਨ ਲਿਆ ਗਿਆ ਹੈ। ਇਹ ਯਾਤਰੀ ਰੇਲ ਸੇਵਾ ਮਈ ਮਹੀਨੇ ਤੋਂ ਬੰਦ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਮੁੜ ਸ਼ੁਰੂ ਕੀਤੀ ਗਈ ਸੀ। ਹੁਣ ਇਸ ਨੂੰ ਫਿਰ ਰੱਦ ਕਰ ਦਿੱਤਾ ਗਿਆ ਹੈ। ਅੰਬਾਲਾ ਰੇਲਵੇ ਮੰਡਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਜੰਕਸ਼ਨ-ਮੋਰਿੰਡਾ ਜੰਕਸ਼ਨ ਰੇਲ ਸੈਕਸ਼ਨ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਖਰੜ ਰੇਲਵੇ ਸਟੇਸ਼ਨਾਂ ਵਿਚਾਲੇ ਪਟੜੀਆਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਦੋਵੇਂ ਦਿਸ਼ਾਵਾਂ ਵਿੱਚ ਰੇਲ ਸੇਵਾ 30 ਨਵੰਬਰ ਤੱਕ ਬੰਦ ਰਹੇਗੀ। ਇਸ ਰੇਲ ਗੱਡੀ ਰਾਹੀਂ ਊਨਾ ਜ਼ਿਲ੍ਹੇ ਤੋਂ ਚੰਡੀਗੜ੍ਹ ਅਤੇ ਅੰਬਾਲਾ ਜਾਣ ਵਾਲੇ ਮੁਲਾਜ਼ਮਾਂ, ਵਿਦਿਆਰਥੀਆਂ, ਮਰੀਜ਼ਾਂ ਅਤੇ ਹੋਰ ਯਾਤਰੀਆਂ ਨੂੰ ਸਿੱਧੀ ਆਵਾਜਾਈ ਦੀ ਸਹੂਲਤ ਮਿਲਦੀ ਸੀ। ਖ਼ਾਸ ਤੌਰ ’ਤੇ ਪੀ ਜੀ ਆਈ ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਰੇਲ ਗੱਡੀ ਕਾਫ਼ੀ ਲਾਹੇਵੰਦ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਹਵਾਈ ਅੱਡੇ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਯਾਤਰੀ ਵੀ ਇਸ ਸੇਵਾ ’ਤੇ ਨਿਰਭਰ ਕਰਦੇ ਸਨ।
ਇੰਟਰਸਿਟੀ ਰੇਲ ਗੱਡੀ ਦਾ ਰੂਟ ਬਦਲਣ ਦੀ ਮੰਗ
ਰੇਲ ਸੇਵਾ ਰੱਦ ਹੋਣ ਕਾਰਨ ਯਾਤਰੀਆਂ ਨੂੰ ਸੜਕ ਰਾਹੀਂ ਸਫ਼ਰ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖ਼ਰਚਾ ਦੋਵੇਂ ਵਧ ਰਹੇ ਹਨ। ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਇਸ ਸੇਵਾ ਨੂੰ ਜਲਦੀ ਬਹਾਲ ਕਰਨ ਦੀ ਮੰਗ ਕੀਤੀ ਹੈ।
Share this content:



Post Comment