Loading Now

ਰਾਜਸਥਾਨ ‘ਚ ਕੌਕਰੋਚ ਜਨਤਾ ਪਾਰਟੀ ਦੀ ਟੀਮ ‘ਤੇ ਹਮਲਾ

ਰਾਜਸਥਾਨ ‘ਚ ਕੌਕਰੋਚ ਜਨਤਾ ਪਾਰਟੀ ਦੀ ਟੀਮ ‘ਤੇ ਹਮਲਾ

 

ਰਾਜਸਥਾਨ ਦੇ ਇੱਕ ਪਿੰਡ ਵਿੱਚ ਉਸ ਸਮੇਂ ਝੜਪ ਹੋ ਗਈ, ਜਦੋਂ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਦੀ ਮੌਜੂਦਗੀ ਵਿੱਚ ਪਿੰਡ ਵਾਸੀਆਂ ਨੇ ਬੈਰੀਕੇਡ ਲਾ ਕੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਟੀਮ ਨੂੰ ਜ਼ਬਰਦਸਤੀ ਪਿੱਛੇ ਧੱਕ ਦਿੱਤਾ। ਇਹ ਟੀਮ ਆਪਣੀ ‘ਸਕੂਲ ਠੀਕ ਕਰੋ’ ਮੁਹਿੰਮ ਤਹਿਤ ਪਿੰਡ ਵਿਚਲੇ ਸਰਕਾਰੀ ਸਕੂਲ ਦਾ ਨਿਰੀਖਣ ਕਰਨ ਗਈ ਸੀ।

ਪਾਰਟੀ ਨੇ ਜੈਪੁਰ ਜ਼ਿਲ੍ਹੇ ਦੇ ਰਾਮਪੁਰਾ ਕੰਵਰਪੁਰਾ ਪਿੰਡ ਵਿੱਚ ਉਸ ਦੇ ਵਰਕਰਾਂ ’ਤੇ ਹਮਲਾ ਅਤੇ ਪਥਰਾਅ ਹੋਣ ਦੇ ਦੋਸ਼ ਲਾਏ ਹਨ। ਪਾਰਟੀ ਦੇ ਕੋ-ਕਨਵੀਨਰ ਆਸ਼ੂਤੋਸ਼ ਰਾਂਕਾ ਨੇ ਸੂਬੇ ਦੀ ਪੁਲੀਸ ’ਤੇ ਕੋਈ ਕਾਰਵਾਈ ਨਾ ਕਰਨ ਦਾ ਵੀ ਦੋਸ਼ ਲਾਇਆ। ਰਾਂਕਾ ਨੇ ਦੋਸ਼ ਲਾਇਆ ਕਿ ਟੀਮ ਦੇ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ, ਵਾਹਨਾਂ ਦੀ ਭੰਨਤੋੜ ਕੀਤੀ ਗਈ ਅਤੇ ਮਹਿਲਾ ਸਮਰਥਕਾਂ ਨਾਲ ਬਦਸਲੂਕੀ ਕੀਤੀ ਗਈ।

ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਭਾਜਪਾ ਦੇ ਗੁੰਡੇ, ਆਸ਼ੂਤੋਸ਼ ਅਤੇ ਹੋਰ ਪਾਰਟੀ ਵਾਲੰਟੀਅਰਾਂ ਦੇ ਖ਼ੂਨ ਦੇ ਪਿਆਸੇ ਹਨ। ਰਾਜਸਥਾਨ ਪੁਲੀਸ ਇਸ ਤਰ੍ਹਾਂ ਦੇ ਹਮਲੇ ਦੀ ਇਜਾਜ਼ਤ ਕਿਵੇਂ ਦੇ ਸਕਦੀ ਹੈ?’’ ਬਗਰੂ ਦੇ ਡੀ ਐੱਸ ਪੀ ਧਰਮੇਂਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਨਹੀਂ ਹੈ। ਇਸ ਘਟਨਾ ਦੀਆਂ ਵੀਡੀਓਜ਼ ਵਿੱਚ ਵੱਡੀ ਗਿਣਤੀ ਲੋਕ ਟੀਮ ਨਾਲ ਬਹਿਸ ਕਰਦੇ, ਧੱਕਾਮੁੱਕੀ ਕਰਦੇ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਵੜਨ ਤੋਂ ਰੋਕਦੇ ਹੋਏ ਦਿਖਾਈ ਦਿੱਤੇ। ਕੁਝ ਕਲਿੱਪਾਂ ਵਿੱਚ ਗੱਡੀਆਂ ਦੇ ਟੁੱਟੇ ਹੋਏ ਸ਼ੀਸ਼ੇ ਵੀ ਦਿਖਾਈ ਦਿੱਤੇ, ਜੋ ਦੌਰਾ ਕਰਨ ਆਈ ਟੀਮ ਦੀਆਂ ਦੱਸੀਆਂ ਜਾ ਰਹੀਆਂ ਹਨ।

ਉੱਧਰ, ਰਾਂਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪਿਛਲੇ ਕੁਝ ਸਾਲਾਂ ਤੋਂ ਰਾਮਪੁਰਾ ਕੰਵਰਪੁਰਾ ਦਾ ਸਕੂਲ ਮੱਝਾਂ ਦੇ ਤਬੇਲੇ ਵਿੱਚ ਚੱਲ ਰਿਹਾ ਹੈ ਪਰ ਜਦੋਂ ਅਸੀਂ ਉੱਥੇ ਨਿਰੀਖਣ ਲਈ ਪੁੱਜੇ, ਤਾਂ ਸਾਡੇ ’ਤੇ ਸ਼ਰੇਆਮ ਹਮਲਾ ਕੀਤਾ ਗਿਆ, ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ, ਟੀਮ ’ਤੇ ਪਥਰਾਅ ਕੀਤਾ ਗਿਆ। ਕੱਪੜੇ ਪਾੜ ਦਿੱਤੇ ਗਏ। ਮੇਰੇ ਕੱਪੜੇ ਵੀ ਪਾੜੇ ਗਏ।’’

ਰਾਂਕਾ ਨੇ ਦੋਸ਼ ਲਾਇਆ ਕਿ ਟੀਮ ’ਤੇ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਦੇ ਹੁਕਮਾਂ ਤਹਿਤ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਤੁਹਾਨੂੰ 48 ਘੰਟੇ ਦਾ ਸਮਾਂ ਦੇ ਰਹੇ ਹਾਂ। ਇਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਬਾਹਰੀ ਲੋਕਾਂ ਦੇ ਦਾਖ਼ਲੇ ’ਤੇ ਰੋਕ ਲਾਉਣ ਵਾਲਾ ਹੁਕਮ ਵਾਪਸ ਲਿਆ ਜਾਵੇ। ਨਹੀਂ ਤਾਂ, ਇਹ ਅੰਦੋਲਨ ਸਿੱਖਿਆ ਤੋਂ ਅੱਗੇ ਵਧ ਕੇ ਮਦਨ ਦਿਲਾਵਰ ਨੂੰ ਨਿਸ਼ਾਨਾ ਬਣਾਏਗਾ।’’

Share this content:

Post Comment