ਰਣਜੀਵ ਪੁਰੀ ਨੇ ਵਧਾਇਆ ਭਾਰਤੀਆਂ ਦਾ ਮਾਣ, ਮਿਸ਼ੀਗਨ ਹਾਊਸ ਦੇ ਪਹਿਲੇ ਭਾਰਤੀ-ਅਮਰੀਕੀ ਸਪੀਕਰ ਚੁਣੇ ਗਏ
ਵਾਸ਼ਿੰਗਟਨ , 6 ਨਵੰਬਰ ਅਮਰੀਕਾ ਦੀ ਰਾਜਨੀਤੀ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਨੇ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਡੈਮੋਕ੍ਰੇਟਿਕ ਪਾਰਟੀ ਦੇ 42 ਸਾਲਾ ਆਗੂ ਰਣਜੀਵ ਪੁਰੀ ਨੂੰ ਮਿਸ਼ੀਗਨ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦਾ ਨਵਾਂ ਸਪੀਕਰ ਚੁਣਿਆ ਗਿਆ ਹੈ। ਉਹ ਇਸ ਵੱਕਾਰੀ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ।
ਵੀਰਵਾਰ ਨੂੰ ਸਪੀਕਰ ਚੁਣੇ ਜਾਣ ਤੋਂ ਬਾਅਦ ਪੁਰੀ ਨੇ ਸੋਸ਼ਲ ਮੀਡੀਆ ‘ਤੇ ਇਸ ਜ਼ਿੰਮੇਵਾਰੀ ਨੂੰ ਵੱਡਾ ਸਨਮਾਨ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸੈਨੇਟ ਦੇ ਨਵੇਂ ਚੁਣੇ ਗਏ ਬਹੁਮਤ ਆਗੂ ਡੈਰਿਨ ਕੈਮਿਲੇਰੀ ਅਤੇ ਨਵ-ਨਿਯੁਕਤ ਗਵਰਨਰ ਜੋਸਲਿਨ ਬੈਨਸਨ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਨ, ਤਾਂ ਜੋ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾ ਸਕਣ।
ਉਨ੍ਹਾਂ ਲਿਖਿਆ, ‘ਅੱਜ ਆਪਣੇ ਸਾਥੀਆਂ ਵੱਲੋਂ ਮਿਸ਼ੀਗਨ ਹਾਊਸ ਦਾ ਸਪੀਕਰ ਚੁਣਿਆ ਜਾਣਾ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਮੇਰੇ ‘ਤੇ ਭਰੋਸਾ ਜਤਾਉਣ ਲਈ ਸਾਰੇ ਸਾਥੀਆਂ ਦਾ ਧੰਨਵਾਦ। ਹੁਣ ਕੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਹਾਂ।’
ਮਾਪਿਆਂ ਦੇ ਸੰਘਰਸ਼ ਨੂੰ ਕੀਤਾ ਯਾਦ
ਪੰਜਾਬੀ ਮੂਲ ਦੇ ਪ੍ਰਵਾਸੀ ਮਾਪਿਆਂ ਦੇ ਪਰਿਵਾਰ ਵਿੱਚ ਜਨਮੇ ਰਣਜੀਵ ਪੁਰੀ ਨੇ ਆਪਣੀ ਇਸ ਇਤਿਹਾਸਕ ਪ੍ਰਾਪਤੀ ‘ਤੇ ਭਾਵੁਕ ਹੁੰਦਿਆਂ ਕਿਹਾ, ‘ਜਦੋਂ ਮੇਰੇ ਮਾਪੇ ਇਸ ਦੇਸ਼ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਸ਼ਾਇਦ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦਾ ਪੁੱਤਰ ਇੱਕ ਦਿਨ ਇਤਿਹਾਸ ਰਚੇਗਾ ਅਤੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਮਿਸ਼ੀਗਨ ਹਾਊਸ ਦੀ ਅਗਵਾਈ ਕਰੇਗਾ। ਇਹੀ ਤਾਂ ਅਮਰੀਕਾ ਦਾ ਅਸਲ ਵਾਅਦਾ ਹੈ।’
ਪੁਰੀ ਨੇ ਸਪੱਸ਼ਟ ਕੀਤਾ ਕਿ ਉਹ ਸੈਨੇਟ ਦੇ ਨਵੇਂ ਚੁਣੇ ਗਏ ਬਹੁਮਤ ਆਗੂ ਡੈਰਿਨ ਕੈਮਿਲੇਰੀ ਅਤੇ ਨਵ-ਨਿਯੁਕਤ ਗਵਰਨਰ ਜੋਸਲਿਨ ਬੈਨਸਨ ਨਾਲ ਮਿਲ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਕਰਨਗੇ।
ਓਬਾਮਾ ਦੀ ਚੋਣ ਮੁਹਿੰਮ ਤੋਂ ਸਪੀਕਰ ਦੇ ਅਹੁਦੇ ਤੱਕ ਦਾ ਸਫ਼ਰ
ਰਣਜੀਵ ਪੁਰੀ ਨੇ 2008 ਅਤੇ 2012 ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਚੋਣ ਮੁਹਿੰਮਾਂ ਵਿੱਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ ਅਤੇ ਮਿਸ਼ੀਗਨ ਪਰਤ ਆਏ। ਇੱਥੇ ਉਨ੍ਹਾਂ ਨੇ ਆਟੋਮੋਟਿਵ ਉਦਯੋਗ ਵਿੱਚ ਕੰਮ ਕੀਤਾ।
ਸਟੇਟ ਹਾਊਸ ਵਿੱਚ ਆਪਣੇ ਤੀਜੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ 110 ਮੈਂਬਰੀ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿੱਚ ਡੈਮੋਕ੍ਰੇਟਿਕ ਕਾਕਸ ਦਾ ਆਗੂ ਨਿਯੁਕਤ ਕੀਤਾ ਗਿਆ।
ਇੰਡੀਅਨ ਅਮਰੀਕਨ ਇੰਪੈਕਟ ਨੇ ਜਤਾਈ ਖ਼ੁਸ਼ੀ
ਰਣਜੀਵ ਪੁਰੀ ਦੀ ਇਸ ਪ੍ਰਾਪਤੀ ‘ਤੇ ਇੰਡੀਅਨ ਅਮਰੀਕਨ ਇੰਪੈਕਟ ਦੇ ਕਾਰਜਕਾਰੀ ਨਿਰਦੇਸ਼ਕ ਚਿੰਤਨ ਪਟੇਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੁਰੀ ਨੇ ਹਮੇਸ਼ਾ ਸਿਹਤ ਸੇਵਾਵਾਂ ਅਤੇ ਰਿਹਾਇਸ਼ ਨਾਲ ਜੁੜੇ ਖ਼ਰਚੇ ਘਟਾ ਕੇ ਆਮ ਲੋਕਾਂ ਦੇ ਜੀਵਨ ਨੂੰ ਕਿਫ਼ਾਇਤੀ ਬਣਾਉਣ ਲਈ ਕੰਮ ਕੀਤਾ ਹੈ।
ਉਨ੍ਹਾਂ ਭਰੋਸਾ ਜਤਾਇਆ ਕਿ ਪੁਰੀ ਦੱਖਣੀ ਏਸ਼ੀਆਈ ਭਾਈਚਾਰਿਆਂ ਸਮੇਤ ਮਿਸ਼ੀਗਨ ਦੇ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਮਜ਼ਬੂਤੀ ਨਾਲ ਆਵਾਜ਼ ਉਠਾਉਣਗੇ।
Share this content:



Post Comment