Loading Now

ਯੋਗਰਾਜ ਸਿੰਘ ਨੂੰ ਔਰਤਾਂ ਵਿਰੁੱਧ ਕਥਿਤ ਟਿੱਪਣੀ ਮਾਮਲੇ ‘ਚ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਮਨਜ਼ੂਰ

ਯੋਗਰਾਜ ਸਿੰਘ ਨੂੰ ਔਰਤਾਂ ਵਿਰੁੱਧ ਕਥਿਤ ਟਿੱਪਣੀ ਮਾਮਲੇ ‘ਚ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਮਨਜ਼ੂਰ

ਚੰਡੀਗੜ੍ਹ, 29 ਮਈ – ਮਹਿਲਾਵਾਂ ਪ੍ਰਤੀ ਕਥਿਤ ਤੌਰ ‘ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਘਿਰੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ (ਸੈਸ਼ਨ ਕੋਰਟ) ਵੱਲੋਂ ਅਗਾਂਊਂ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਯੋਗਰਾਜ ਸਿੰਘ ਨੇ ਹਾਈਕੋਰਟ ਦਾ ਰੁਖ ਕੀਤਾ ਸੀ, ਜਿੱਥੇ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਅਗਲੀ ਸੁਣਵਾਈ ਤੱਕ ਅੰਤਰਿਮ ਰਾਹਤ (Interim Relief) ਦੇ ਦਿੱਤੀ ਹੈ। ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜੁਲਾਈ ਤੱਕ ਟਾਲ ਦਿੱਤੀ ਹੈ ਅਤੇ ਉੱਥੋਂ ਤੱਕ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ‘ਨੋਟਿਸ ਆਫ਼ ਮੋਸ਼ਨ’ (Notice of Motion) ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਦੇ ਹੁਕਮਾਂ ਮੁਤਾਬਕ ਯੋਗਰਾਜ ਸਿੰਘ ਨੂੰ ਜਦੋਂ ਵੀ ਲੋੜ ਪਵੇਗੀ, ਉਹ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋਣਗੇ ਅਤੇ ਸਹਿਯੋਗ ਕਰਨਗੇ।

ਇਹ ਸਾਰਾ ਵਿਵਾਦ 8 ਮਈ 2026 ਨੂੰ ਓ.ਟੀ.ਟੀ. ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ ‘ਲੁੱਖੇ’ (Lukkhe) ਦੀ ਇੱਕ 17 ਸੈਕਿੰਡ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ।ਵੀਡੀਓ ਕਲਿੱਪ ਵਿੱਚ ਯੋਗਰਾਜ ਸਿੰਘ ਦਾ ਕਿਰਦਾਰ ‘ਵਾਲੀਆ ਸਾਹਬ’ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਕਿਰਦਾਰ ਨਾਲ ਗੱਲ ਕਰਦੇ ਹੋਏ ਕਥਿਤ ਤੌਰ ‘ਤੇ ਕਹਿੰਦਾ ਹੈ ਕਿ ਔਰਤ ਦੀ ਜਗ੍ਹਾ “ਦਿਨ ਵੇਲੇ ਚੁੱਲ੍ਹੇ-ਚੌਕੇ ਤੱਕ ਅਤੇ ਰਾਤ ਨੂੰ ਨਜ਼ਦੀਕੀ (ਸੰਬੰਧਾਂ) ਤੱਕ” ਹੁੰਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਡਵੋਕੇਟ ਉੱਜਵਲ ਭਸੀਨ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਦੇ ਸੈਕਟਰ 36 ਥਾਣੇ ਵਿੱਚ ਯੋਗਰਾਜ ਸਿੰਘ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 79 (ਮਹਿਲਾ ਦੀ ਹੇਠੀ ਕਰਨ ਦੇ ਇਰਾਦੇ ਨਾਲ ਸ਼ਬਦ ਜਾਂ ਇਸ਼ਾਰੇ ਵਰਤਣਾ) ਅਤੇ ਆਈ.ਟੀ. ਐਕਟ (IT Act) ਦੀ ਧਾਰਾ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ, ਯੋਗਰਾਜ ਸਿੰਘ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਇੱਕ ਅਦਾਕਾਰ ਵਜੋਂ ਅਪਣਾ ਫ਼ਰਜ਼ ਨਿਭਾ ਰਹੇ ਸਨ ਅਤੇ ਉਨ੍ਹਾਂ ਨੇ ਸਿਰਫ਼ ਸਕ੍ਰਿਪਟ ਦੇ ਮੁਤਾਬਕ ਹੀ ਡਾਇਲਾਗ ਬੋਲੇ ਹਨ, ਜਿਸ ਲਈ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

Share this content:

Post Comment