ਯੂਨੀਵਰਸਿਟੀਆਂ ਦੇ ਇਤਰਾਜ਼ਾਂ ਮਗਰੋਂ ਇਸ ਵਾਰ ਕੁਝ ਹਫ਼ਤੇ ਪਹਿਲਾਂ ਹੋ ਸਕਦੀ ਹੈ CUET
ਨਵੀਂ ਦਿੱਲੀ, 5 ਨਵੰਬਰ – ਯੂਨੀਵਰਸਿਟੀਆਂ ਵਿਚ ਦਾਖ਼ਲੇ ਲਈ ਹੋਣ ਵਾਲਾ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ) ਇਸ ਵਾਰ ਕੁਝ ਪਹਿਲਾਂ ਹੋ ਸਕਦਾ ਹੈ। ਯੂਨੀਵਰਸਿਟੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਐੱਨਟੀਏ ਨਾਲ ਇਸ ਬਾਰੇ ਵਿਚਾਰ-ਚਰਚਾ ਤੇਜ਼ ਕਰ ਦਿੱਤੀ ਹੈ ਜਿਸ ਵਿਚ ਟੈਸਟ ਦੀ ਪੂਰੀ ਪ੍ਰਕਿਰਿਆ ਹੁਣ ਲਗਪਗ 15 ਜੂਨ ਤੱਕ ਪੂਰੀ ਕੀਤੀ ਜਾ ਸਕਦੀ ਹੈ। ਇਸ ਸਾਲ ਇਹ ਟੈਸਟ 13 ਮਈ ਤੋਂ 4 ਜੂਨ ਤੱਕ ਹੋਇਆ ਸੀ, ਜਦਕਿ ਨਤੀਜੇ 4 ਜੁਲਾਈ ਨੂੰ ਐਲਾਨੇ ਗਏ ਸਨ। ਇਸ ਤੋਂ ਬਾਅਦ ਕੌਂਸਲਿੰਗ ਸ਼ੁਰੂ ਹੋਈ ਸੀ। ਹਾਲਾਂਕਿ ਇਸ ਬਾਰੇ ਕੋਈ ਵੀ ਅੰਤਮ ਫੈਸਲਾ ਜੇਈ ਮੇਨਜ਼ ਅਤੇ ਐਡਵਾਂਸ ਵਰਗੀਆਂ ਪ੍ਰੀਖਿਆਵਾਂ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਲਿਆ ਜਾਵੇਗਾ।
ਸਿੱਖਿਆ ਮੰਤਰਾਲੇ ਨੇ ਐੱਨਟੀਏ ਨਾਲ ਮਿਲ ਕੇ ਇਹ ਵਿਚਾਰ-ਚਰਚਾ ਉਸ ਵੇਲੇ ਸ਼ੁਰੂ ਕੀਤੀ ਹੈ ਜਦੋਂ ਕੇਂਦਰੀ ਯੂਨੀਵਰਸਿਟੀਆਂ ਸਮੇਤ ਸੀਯੂਈਟੀ ਰਾਹੀਂ ਦਾਖਲਾ ਦੇਣ ਵਾਲੀਆਂ ਹੋਰ ਪ੍ਰਮੁੱਖ ਯੂਨੀਵਰਸਿਟੀਆਂ ਨੇ ਸੀਯੂਈਟੀ ਦੇ ਨਤੀਜਿਆਂ ਵਿਚ ਦੇਰੀ ਦਾ ਮੁੱਦਾ ਚੁੱਕਿਆ ਅਤੇ ਸ਼ਿਕਾਇਤ ਕੀਤੀ ਕਿ ਇਸ ਕਾਰਨ ਉਨ੍ਹਾਂ ਦਾ ਵਿੱਦਿਅਕ ਸੈਸ਼ਨ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਇਸ ਦੇਰੀ ਕਾਰਨ ਉਨ੍ਹਾਂ ਦੀਆਂ ਵੱਡੀ ਗਿਣਤੀ ਵਿਚ ਸੀਟਾਂ ਵੀ ਖਾਲੀ ਹਨ। ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਇਸ ਦੇਰੀ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੇ ਦਾਖਲੇ ਨੂੰ ਯਕੀਨੀ ਬਣਾਉਣ ਲਈ ਹੋਰ ਸੰਸਥਾਵਾਂ ਵਿਚ ਦਾਖਲਾ ਲੈ ਲੈਂਦੇ ਹਨ ਜੋ ਬਾਅਦ ਵਿਚ ਸੀਯੂਈਟੀ ਵਿਚ ਨਾਂ ਆਉਣ ਦੇ ਬਾਵਜੂਦ ਵਾਪਸ ਨਹੀਂ ਆਉਂਦੇ। ਸੂਤਰਾਂ ਮੁਤਾਬਕ, ਬਹੁਤ ਸਾਰੇ ਯਤਨਾਂ ਦੇ ਬਾਵਜੂਦ ਸਿਰਫ ਦਿੱਲੀ ਯੂਨੀਵਰਸਿਟੀ ਵਿਚ ਇਸ ਵਾਰ ਲਗਪਗ ਸੱਤ ਹਜ਼ਾਰ ਸੀਟਾਂ ਖਾਲੀ ਰਹਿ ਗਈਆਂ। ਦੇਸ਼ ਦੀਆਂ ਹੋਰ ਕੇਂਦਰੀ ਯੂਨੀਵਰਸਿਟੀਆਂ ਅਤੇ ਯੂਨੀਵਰਸਿਟੀਆਂ ਦੀ ਸਥਿਤੀ ਵੀ ਕੁਝ ਅਜਿਹੀ ਹੀ ਸੀ। ਐੱਨਟੀਏ ਨਾਲ ਜੁੜੇ ਸੂਤਰਾਂ ਮੁਤਾਬਕ, ਇਸ ਸਥਿਤੀ ਨਾਲ ਨਜਿੱਠਣ ਲਈ ਬਦਲ ਲੱਭੇ ਜਾ ਰਹੇ ਹਨ ਤਾਂ ਜੋ ਯੂਨੀਵਰਸਿਟੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸਹਿਜ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰਾਲੇ ਨੇ ਸੀਯੂਈਟੀ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਦਾਖਲਾ ਪ੍ਰੀਖਿਆਵਾਂ ਅਤੇ ਆਰਥਿਕ ਬੋਝ ਤੋਂ ਬਚਾਉਣ ਲਈ ਕੀਤੀ ਸੀ ਜਿਸ ਵਿਚ ਉਹ ਸਿਰਫ ਇਕ ਪ੍ਰੀਖਿਆ ਦੇ ਕੇ ਕਿਸੇ ਵੀ ਯੂਨੀਵਰਸਿਟੀ ਵਿਚ ਦਾਖਲਾ ਲੈ ਸਕਣਗੇ।
Share this content:


Post Comment