ਮੰਜ਼ਿਲ ਤੱਕ ਪਹੁੰਚਣ ਦੀ ਔਖੀ ਦੌੜ
ਜਦੋਂ ਤੁਸੀਂ ਮੁਕਾਬਲੇ ਵਿੱਚ ਘੱਟ ਆਂਕੇ ਗਏ ਆਪਣੇ ਇਨ੍ਹਾਂ ਖਿਡਾਰੀਆਂ ਨੂੰ ਟਰੈਕ ’ਤੇ ਵਿਸ਼ਵ ਦੇ ਨਾਮਵਰ ਦੌੜਾਕਾਂ ਨੂੰ ਮਾਤ ਦਿੰਦਿਆਂ ਦੇਖਦੇ ਹੋ ਤਾਂ ਮਨ ਅੰਦਰ ਇਹ ਸਵਾਲ ਉੱਠਦਾ ਹੈ ਕਿ ਆਖ਼ਰ ‘ਸਰਬੋਤਮ’ ਹੋਣ ਦਾ ਅਸਲ ਮਾਅਨੇ ਵਿੱਚ ਕੀ ਅਰਥ ਹੈ? ਜਿਵੇਂ ਆਇਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ 4×400 ਮੀਟਰ ਰਿਲੇਅ ਦੇ ਫ਼ਾਈਨਲ ਦੌਰਾਨ ਕੋਇੰਬਟੂਰ ਦੀ ਵਿਥਿਆ ਰਾਮਰਾਜ ਨੇ ਪਹਿਲਾਂ ਚੀਨੀ ਅਤੇ ਫਿਰ ਬਹਿਰੀਨੀ ਖਿਡਾਰਨ ਨੂੰ ਪਿੱਛੇ ਛੱਡਿਆ। ਵਿਥਿਆ ਨੇ ਇਹ ਦੌੜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਪ੍ਰਾਚੀ ਚੌਧਰੀ ਕੋਲੋਂ ਬੈਟਨ ਲੈ ਕੇ ਤੀਜੇ ਗੇੜ ਵਿੱਚ ਦੌੜੀ ਸੀ। ਪ੍ਰਾਚੀ ਨੇ ਇਹ ਬੈਟਨ ਕਰਨਾਟਕ ਦੇ ਕੂਰਗ ਤੋਂ ਐੱਮ ਆਰ ਪੂਵੰਮਾ ਤੋਂ ਫੜੀ ਸੀ, ਜਿਨ੍ਹਾਂ ਨੇ ਦੂਜਾ ਗੇੜ ਦੌੜਿਆ ਸੀ। ਪੂਵੰਮਾ ਨੇ ਇਹ ਬੈਟਨ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਗੁਮੜ ਦੀ ਧੀ ਕਿਰਨ ਪਾਹਲ ਤੋਂ ਫੜੀ ਸੀ, ਜਿਨ੍ਹਾਂ ਨੇ ਪਿਸਤੌਲ ਦੀ ਆਵਾਜ਼ ਨਾਲ ਮੁਕਾਬਲੇ ਦਾ ਪਹਿਲਾ ਗੇੜ ਸ਼ੁਰੂ ਕੀਤਾ ਸੀ। ਜਦੋਂ ਅੱਖਾਂ ਸਾਹਮਣੇ ਅਜਿਹਾ ਜਾਦੂਈ ਮੰਜ਼ਰ ਦੇਖਦੇ ਹਾਂ ਤਾਂ ਮਨ ਵਿੱਚ ਉਹੀ ਪੁਰਾਣੇ ਮੁਹਾਵਰੇ ਆਉਣ ਲੱਗਦੇ ਹਨ। ਮਾਸਪੇਸ਼ੀਆਂ, ਹੱਡੀਆਂ ਦੀ ਤਾਕਤ, ਸਾਲਾਂ ਦੀ ਸਖ਼ਤ ਮਿਹਨਤ ਅਤੇ ਨਿਰੰਤਰ ਪੀੜ ਜੋ ਤੁਹਾਨੂੰ ਸਰਬੋਤਮ ਬਣਨ ਲਈ ਪ੍ਰੇਰਿਤ ਕਰਦੀ ਹੈ, ਇਹ ਸਭ ਕੁਝ ਦੇਸ਼ ਦੇ ਅਣਗੌਲੇ ਕੋਨਿਆਂ ਤੋਂ ਆਈਆਂ ਚਾਰ ਔਰਤਾਂ ਦੀ ਇੱਕੋ ਦੌੜ ਵਿੱਚ ਸਮਾ ਜਾਂਦਾ ਹੈ। ਭਾਰਤ ਦੀਆਂ ਧੀਆਂ। ਸਾਡੀਆਂ ਸੋਨ ਤਗ਼ਮਾ ਜੇਤੂ ਕੁੜੀਆਂ। ਅਨੇਕਤਾ ਵਿੱਚ ਏਕਤਾ। ਜਦੋਂ ਉੱਤਰ ਦੱਖਣ ਨਾਲ ਮਿਲਦਾ ਹੈ ਤਾਂ ਸਾਰੇ ਫ਼ਰਕ ਮਿਟ ਜਾਂਦੇ ਹਨ।
ਪਰ ਜਦੋਂ ਇਹ ਮਹਿਲਾ ਖਿਡਾਰਨਾਂ ਆਪਣੇ ਕੁਪੋਸ਼ਣ ਭਰੇ ਬਚਪਨ, ਸਮਾਜਿਕ ਦਬਾਅ, ਗ਼ਰੀਬੀ ਨਾਲ ਜੂਝਦਿਆਂ, ਹਰ ਸਮੇਂ ਮੰਡਰਾਉਂਦੇ ਜਿਨਸੀ ਸ਼ੋਸ਼ਣ ਦੇ ਡਰ ਅਤੇ ਛੋਟੇ ਪਿੰਡਾਂ-ਕਸਬਿਆਂ ਦੀ ਉਥਲ-ਪੁਥਲ ਭਰੀ ਰੋਜ਼ਾਨਾ ਜ਼ਿੰਦਗੀ ਦੇ ਮਾਹੌਲ ਖ਼ਿਲਾਫ਼ ਆਪਣੇ ਸੁਪਨਿਆਂ ਦੀ ਜੰਗ ਲੜ ਕੇ ਜਿੱਤ ਪ੍ਰਾਪਤ ਕਰਦੀਆਂ ਹਨ, ਤਾਂ ਇਨ੍ਹਾਂ ਘਿਸੇ-ਪਿੱਟੇ ਮੁਹਾਵਰਿਆਂ ਦਾ ਅਸਲ ਅਰਥ ਕੀ ਰਹਿ ਜਾਂਦਾ ਹੈ? ਜਦੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਹ ਕੁੜੀਆਂ ਆਇਚੀ-ਨਾਗੋਆ ਵਿੱਚ ਆਪਣੀ ਹੋਂਦ ਦੀ ਲੜਾਈ ਲੜਦਿਆਂ ਦੌੜ ਰਹੀਆਂ ਸਨ ਤਾਂ ਭਾਰਤ ਦੀਆਂ ਕੁਝ ਹੋਰ ਧੀਆਂ ਦਿੱਲੀ ਦੀਆਂ ਸੜਕਾਂ ’ਤੇ ਇੱਕ ਪਾਰਕ ਵਿੱਚ ਹੋਏ ਸਮੂਹਿਕ ਜਬਰ-ਜਨਾਹ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਸਾਡੇ ਵਿੱਚੋਂ ਜਿਨ੍ਹਾਂ ਨੂੰ 2012 ਦੀਆਂ ਸਰਦੀਆਂ ਦਾ ‘ਨਿਰਭਿਆ’ ਕਾਂਡ ਯਾਦ ਹੈ, ਉਨ੍ਹਾਂ ਲਈ ਇਹ ਵਿਚਕਾਰਲਾ ਸਮਾਂ ਜਿਵੇਂ ਖ਼ਤਮ ਹੀ ਹੋ ਗਿਆ ਜਾਪਦਾ ਹੈ ਅਤੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਹਾਲਾਤ ਅਸਲ ਵਿੱਚ ਬਦਲੇ ਵੀ ਹਨ?
ਮਿਜ਼ੋਰਮ ਦੇ ਕੋਲਾਸਿਬ ਤੋਂ ਲਾਲਰੇਮਸਿਆਮੀ ਹਮਾਰਜ਼ੋਤੇ ਨੇ ਮਹਿਲਾ ਹਾਕੀ ਫ਼ਾਈਨਲ ਵਿੱਚ 10ਵੇਂ ਮਿੰਟ ਵਿੱਚ ਜੇਤੂ ਗੋਲ ਦਾਗ਼ਿਆ। ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੇ ਪਿੰਡ ਬੜਕੀਚਾਪਰ ਦੀ ਰਹਿਣ ਵਾਲੀ ਸਲੀਮਾ ਟੇਟੇ ਖਾੜੀਆ ਆਦਿਵਾਸੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਨੇ ਆਪਣੀ ਟੀਮ ਦੀ ਸ਼ਾਨਦਾਰ ਅਗਵਾਈ ਕਰਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਸਲੀਮਾ ਦਾ ਕਹਿਣਾ ਹੈ ਕਿ ਉਹ ਮਹਿਲਾ ਹਾਕੀ ਦੀ ਸਾਬਕਾ ਕਪਤਾਨ ਅਸੁੰਤਾ ਲਕੜਾ ਨੂੰ ਆਪਣਾ ਆਦਰਸ਼ ਮੰਨਦੀ ਹੈ, ਜਿਨ੍ਹਾਂ ਨੇ ਜੁਲਾਈ ਵਿੱਚ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਉੱਤੇ ‘ਜਿਨਸੀ ਸ਼ੋਸ਼ਣ ਅਤੇ ਸੰਸਥਾਗਤ ਡਰਾਉਣ-ਧਮਕਾਉਣ’ ਦੇ ਦੋਸ਼ ਲਾਏ ਸਨ। ਸਲੀਮਾ ਦੀਆਂ ਇਨ੍ਹਾਂ ਸੋਨ ਤਗ਼ਮਾ ਜੇਤੂ ਕੁੜੀਆਂ ਨੇ 44 ਸਾਲਾਂ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਸਾਲ 2028 ਦੀਆਂ ਓਲੰਪਿਕ ਖੇਡਾਂ ਵਿੱਚ ਆਪਣੀ ਪੱਕੀ ਜਗ੍ਹਾ ਬਣਾ ਲਈ ਹੈ। ਸ਼ਾਇਦ ਸਭ ਤੋਂ ਔਖੇ ਸਵਾਲ ਅਜੇ ਵੀ ਉਨ੍ਹਾਂ ਲੋਕਾਂ ਨੂੰ ਨਹੀਂ ਪੁੱਛੇ ਜਾ ਰਹੇ ਜੋ ਸੱਤਾ ਸਾਂਝੀ ਨਹੀਂ ਕਰਨਾ ਚਾਹੁੰਦੇ। ਉਹ ਅਜਿਹਾ ਕਿਉਂ ਨਹੀਂ ਕਰਨਾ ਚਾਹੁੰਦੇ? ਔਰਤਾਂ ਵਿੱਚ ਅਜਿਹੀ ਕਿਹੜੀ ਗੱਲ ਹੈ ਜੋ ਉਨ੍ਹਾਂ ਨੂੰ ਇੰਨਾ ਡਰਾਉਂਦੀ ਹੈ? ਇਹ ਗੱਲ ਜੱਗ-ਜ਼ਾਹਿਰ ਹੈ ਕਿ ਕੇਰਲ ਦੀ ਅਗਵਾਈ ਹੇਠ ਦੱਖਣੀ ਸੂਬਿਆਂ ਵਿੱਚ ਲਿੰਗ ਅਨੁਪਾਤ ਸਭ ਤੋਂ ਉੱਤਮ ਹੈ (ਕੇਰਲਮ ਵਿੱਚ ਜਨਮ ਸਮੇਂ 1,000 ਮਰਦਾਂ ਪਿੱਛੇ 1,084 ਔਰਤਾਂ ਹਨ), ਜਦਕਿ ਹਰਿਆਣਾ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ (ਕ੍ਰਮਵਾਰ 1,000 ਮੁੰਡਿਆਂ ਪਿੱਛੇ 898 ਅਤੇ 924 ਕੁੜੀਆਂ ਹਨ) ਸਥਿਤੀ ਵੱਖਰੀ ਹੈ, ਭਾਵੇਂ ਕਿ ਇਨ੍ਹਾਂ ਤਿੰਨਾਂ ਸੂਬਿਆਂ ਦੀ ਆਬਾਦੀ ਲਗਪਗ ਇੱਕੋ ਜਿਹੀ ਯਾਨੀ ਤਿੰਨ-ਤਿੰਨ ਕਰੋੜ ਹੈ।
ਇੱਥੇ ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਕੇਰਲਮ ਦੀ ਮੌਜੂਦਾ ਵਿਧਾਨ ਸਭਾ ਵਿੱਚ 140 ਵਿੱਚੋਂ ਸਿਰਫ਼ 11 ਮਹਿਲਾ ਵਿਧਾਇਕ ਹਨ, ਜੋ ਕਿ ਪੰਜਾਬ ਅਤੇ ਹਰਿਆਣਾ ਨਾਲੋਂ ਘੱਟ ਹਨ, ਕਿਉਂਕਿ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਕ੍ਰਮਵਾਰ 13-13 ਮਹਿਲਾ ਵਿਧਾਇਕ ਹਨ (ਜਦਕਿ ਪੰਜਾਬ ਵਿੱਚ ਕੁੱਲ ਸੀਟਾਂ 117 ਅਤੇ ਹਰਿਆਣਾ ਵਿੱਚ 90 ਹਨ)। ਭਾਵੇਂ ਕੇਰਲ ਵਿੱਚ ਸਾਲ 1957 ਦੀਆਂ ਪਹਿਲੀਆਂ ਚੋਣਾਂ ਤੋਂ ਹੀ ਮਹਿਲਾ ਵਿਧਾਇਕ ਚੁਣੇ ਜਾਂਦੇ ਰਹੇ ਹਨ, ਜਦੋਂ ਈ ਐੱਮ ਐੱਸ ਨੰਬੂਦਰੀਪਾਦ ਦੀ ਅਗਵਾਈ ਹੇਠ ਦੁਨੀਆ ਦੀ ਪਹਿਲੀ ਕਮਿਊਨਿਸਟ ਸਰਕਾਰ ਬਣੀ ਸੀ, ਪਰ ਉੱਥੇ ਔਰਤਾਂ ਦੀ ਨੁਮਾਇੰਦਗੀ ਕਦੇ ਵੀ 10 ਫ਼ੀਸਦੀ ਤੋਂ ਉੱਪਰ ਨਹੀਂ ਗਈ। ਓਧਰ ਦੂਜੇ ਪਾਸੇ ਫ਼ਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਪੰਜਾਬ ਵਿੱਚ ਸਿਆਸਤ ਦੀ ਇੱਕ ਵੱਖਰੀ ਹੀ ਦੌੜ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਹਾਈਕਮਾਂਡ ਵੱਲੋਂ ਸੂਬੇ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਰ ਕਤਰਦਿਆਂ ਪਾਰਟੀ ਨੇ ਸਾਬਕਾ ਹਾਕੀ ਓਲੰਪੀਅਨ ਪਰਗਟ ਸਿੰਘ ਨੂੰ ਆਪਣਾ ਨਵਾਂ ਸੂਬਾ ਪ੍ਰਧਾਨ ਬਣਾ ਦਿੱਤਾ ਹੈ। ਵੜਿੰਗ ਹੁਣ ਲੰਡਨ ਛੁੱਟੀਆਂ ਕੱਟਣ ਜਾ ਰਹੇ ਹਨ, ਜੋ ਕਿ ਸਪੱਸ਼ਟ ਤੌਰ ’ਤੇ ਉਨ੍ਹਾਂ ਦੇ ਜੱਦੀ ਸ਼ਹਿਰ ਮੁਕਤਸਰ ਨਾਲੋਂ ਵਧੇਰੇ ਆਕਰਸ਼ਕ ਜਗ੍ਹਾ ਜਾਪਦੀ ਹੈ। ਬਾਕੀ ਦੀ ਕਾਂਗਰਸ ਪਾਰਟੀ ਪਹਿਲਾਂ ਹੀ ਸ਼ੁਕਰਾਨੇ ਅਤੇ ਆਉਣ ਵਾਲੇ ਕੱਲ੍ਹ ਦੀਆਂ ਉਮੀਦਾਂ ਨੂੰ ਲੈ ਕੇ ਅੱਗੇ ਵਧ ਚੁੱਕੀ ਹੈ, ਇਹੋ ਉਹ ਦੋ ਭਾਵਨਾਵਾਂ ਹਨ ਜਿਨ੍ਹਾਂ ਨੇ ਇਸ ਪੂਰੇ ਹਫ਼ਤੇ ਸਿਆਸਤ ਅਤੇ ਖੇਡਾਂ ਦੇ ਮੈਦਾਨ ’ਚ ਇੱਕੋ ਜਿਹਾ ਪ੍ਰਭਾਵ ਛੱਡਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਦੇ ਪ੍ਰਾਚੀਨ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਇਸੇ ਭਾਵਨਾ ਦਾ ਇਜ਼ਾਹਰ ਕੀਤਾ। ਉਨ੍ਹਾਂ ਦੇ ਚਿਹਰੇ ’ਤੇ ਉਮੀਦ ਸਾਫ਼ ਨਜ਼ਰ ਆ ਰਹੀ ਸੀ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹ ਪੰਜਾਬ ਵਿੱਚ ਸਿਆਸਤ ਕਰਨ ਨਹੀਂ ਆਏ ਪਰ ਉਨ੍ਹਾਂ ਵਾਅਦਾ ਕੀਤਾ ਕਿ ਜੇ ਜਨਤਾ ਨੇ ਇੱਕ ਵਾਰ ਭਾਜਪਾ ਨੂੰ ਸੱਤਾ ਵਿੱਚ ਲਿਆਂਦਾ ਤਾਂ ਪਾਰਟੀ ਸੂਬੇ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰ ਦੇਵੇਗੀ।
ਭਾਵੇਂ ਇਸ ਵਿਰਲੀ ਜਿਹੀ ਰੈਲੀ ਵਿੱਚੋਂ ਹੁੰਗਾਰਾ ਤਾਂ ਜ਼ਰੂਰ ਮਿਲਿਆ, ਪਰ ਪਾਰਟੀ ਦੇ ਇਸ ਕੱਦਾਵਰ ਆਗੂ ਲਈ ਘੱਟ ਭੀੜ ਖ਼ੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ, ਖ਼ਾਸ ਕਰਕੇ ਮਾਰਚ ਵਿੱਚ ਹੋਈ ਮੋਗਾ ਰੈਲੀ ਦੇ ਮੁਕਾਬਲੇ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਤੈਅ ਸਮੇਂ ਤੋਂ ਲਗਪਗ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਸਨ ਅਤੇ ਉਦੋਂ ਲੋਕ ਆ ਹੀ ਰਹੇ ਸਨ। ਪੰਜਾਬ ਭਾਜਪਾ ਦੇ ਆਗੂ ਨਿੱਜੀ ਤੌਰ ’ਤੇ ਇਹ ਮੰਨਦੇ ਹਨ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਪਾਰਟੀ ਵੱਲੋਂ ਸੂਬੇ ਭਰ ਵਿੱਚ ਕੱਢੀਆਂ ਗਈਆਂ ਵੱਖ-ਵੱਖ ਨਸ਼ਾ ਵਿਰੋਧੀ ਯਾਤਰਾਵਾਂ, ਜੋ ਕਿ ਅੰਤ ਵਿੱਚ ਜਲੰਧਰ ਵਿਖੇ ਪੁੱਜੀਆਂ ਸਨ, ਨੂੰ ਉਸ ਤਰ੍ਹਾਂ ਦਾ ਭਰਵਾਂ ਹੁੰਗਾਰਾ ਨਹੀਂ ਮਿਲਿਆ ਜਿਨ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ। ਜਿਵੇਂ ਕਿ ਮੇਰੀ ਸਾਥੀ ਪੱਤਰਕਾਰ ਨੇਹਾ ਸੈਣੀ ਨੇ ਅੰਮ੍ਰਿਤਸਰ ਤੋਂ ਰਿਪੋਰਟ ਦਿੱਤੀ ਹੈ ਕਿ ਕੁਝ ਥਾਵਾਂ ’ਤੇ ਤਾਂ ਯਾਤਰਾ ਦੇ ਪੜਾਅ ਦੌਰਾਨ ਸਿਰਫ਼ ਉਹੀ 25-30 ਨਸ਼ਾ-ਪੀੜਤ ਪਰਿਵਾਰ ਹੀ ਮੌਜੂਦ ਸਨ ਜਿਨ੍ਹਾਂ ਨੂੰ ਭਾਜਪਾ ਆਗੂ ਖ਼ੁਦ ਰੈਲੀ ਵਿੱਚ ਲੈ ਕੇ ਆਏ ਸਨ। ਅਮਿਤ ਸ਼ਾਹ ਦੇ ਭਾਸ਼ਣ ਨੂੰ ਬਾਰੀਕੀ ਨਾਲ ਦੇਖਣ ਵਾਲੇ ਹਰ ਵਿਅਕਤੀ ਦਾ ਧਿਆਨ ਇੱਕ ਤੀਜੀ ਗੱਲ ਵੱਲ ਵੀ ਜ਼ਰੂਰ ਗਿਆ ਹੋਵੇਗਾ। ਉਨ੍ਹਾਂ ਨੇ ਪੰਜਾਬ ਦੀ ਸੱਤਾਧਾਰੀ ‘ਆਪ’ ਸਰਕਾਰ ਉੱਤੇ ਵੀ ਹਮਲਾ ਕੀਤਾ ਅਤੇ ਕਾਂਗਰਸ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ, ਜੋ ਕਿ ਪੂਰੇ ਦੇਸ਼ ਵਿੱਚ ਅਜੇ ਵੀ ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਹੈ, ਭਾਵੇਂ ਇਹ ਵੱਖਰੀ ਗੱਲ ਹੈ ਕਿ ਕਾਂਗਰਸ ਅਕਸਰ ਆਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਲੈਂਦੀ ਹੈ। ਪਰ ਉਨ੍ਹਾਂ ਨੇ ਇੱਕ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲਿਆ।
Share this content:



Post Comment