ਮੋਦੀ ਕੈਬਨਿਟ ਨੇ 62 ਸਾਲ ਪੁਰਾਣੇ ਬੈਂਕ ਨੂੰ ਵੇਚਣ ਦੀ ਦਿੱਤੀ ਮਨਜ਼ੂਰੀ
ਨਵੀਂ ਦਿੱਲੀ- 16 ਅਕਤੂਬਰ 62 ਸਾਲ ਪੁਰਾਣੇ ਭਾਰਤੀ ਬੈਂਕ IDBI ਬੈਂਕ ਵਿੱਚ ਸਰਕਾਰੀ ਹਿੱਸੇਦਾਰੀ ਵੇਚਣ ਲਈ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਤਹਿਤ ਸਰਕਾਰ ਅਤੇ ਭਾਰਤੀ ਜੀਵਨ ਬੀਮਾ ਨਿਗਮ (LIC) ਮਿਲ ਕੇ ਬੈਂਕ ਵਿੱਚ ਆਪਣੀ ਕੁੱਲ 60.72 ਫ਼ੀਸਦੀ ਹਿੱਸੇਦਾਰੀ ‘ਕੈਨੇਡਾ ਇੰਕ’ ਨੂੰ ਵੇਚਣਗੇ। ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਜ਼ ਦੀ ਮੂਲ ਕੰਪਨੀ ਕੈਨੇਡਾ ਇੰਕ ਹੈ।
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ, ‘ਸਾਨੂੰ ਅਜਿਹੀਆਂ ਸੰਸਥਾਵਾਂ ਦੀ ਲੋੜ ਹੈ, ਜੋ ਉੱਦਮੀਆਂ ਦੀ ਵਿਕਾਸ ਲਈ ਪੂੰਜੀ ਦੀਆਂ ਲੋੜਾਂ ਪੂਰੀਆਂ ਕਰ ਸਕਣ।’
IDBI ਬੈਂਕ ਦੀ ਹਿੱਸੇਦਾਰੀ ਕੈਨੇਡਾ ਦੀ ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਜ਼ ਨੂੰ 52,878 ਕਰੋੜ ਰੁਪਏ ਵਿੱਚ ਵੇਚੀ ਜਾਵੇਗੀ। ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਜ਼ ਨੂੰ ਭਾਰਤੀ-ਕੈਨੇਡੀਅਨ ਅਰਬਪਤੀ ਪ੍ਰੇਮ ਵਤਸਾ ਦਾ ਸਮਰਥਨ ਹਾਸਲ ਹੈ।
ਪ੍ਰੇਮ ਵਤਸਾ ਦਾ ਜਨਮ ਭਾਰਤ ਦੇ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਨੇ IIT ਮਦਰਾਸ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ 1972 ਵਿੱਚ ਕੈਨੇਡਾ ਚਲੇ ਗਏ। ਉੱਥੇ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਵੈਸਟਰਨ ਓਂਟਾਰੀਓ ਤੋਂ ਐੱਮਬੀਏ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ 1985 ਵਿੱਚ ਟੋਰਾਂਟੋ ਵਿਖੇ ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਜ਼ ਦੀ ਸਥਾਪਨਾ ਕੀਤੀ ਸੀ। ਅੱਜ ਇਸ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਲਗਭਗ 3.6 ਲੱਖ ਕਰੋੜ ਰੁਪਏ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰੇਮ ਵਤਸਾ ਭਾਰਤ ਵਿੱਚ ਜਨਮੇ ਕੈਨੇਡੀਅਨ ਅਰਬਪਤੀ ਨਿਵੇਸ਼ਕ, ਕਾਰੋਬਾਰੀ ਅਤੇ ਸਮਾਜ ਸੇਵੀ ਹਨ। ਉਹ ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਜ਼ ਦੇ ਚੇਅਰਮੈਨ ਅਤੇ ਸੀਈਓ ਵਜੋਂ ਕੰਮ ਕਰਦੇ ਹਨ। ਪ੍ਰੇਮ ਵਤਸਾ ਦੀ ਅੰਦਾਜ਼ਨ ਕੁੱਲ ਜਾਇਦਾਦ 2.5 ਅਰਬ ਡਾਲਰ (23 ਹਜ਼ਾਰ ਕਰੋੜ ਰੁਪਏ ਤੋਂ ਵੱਧ) ਹੈ।
Share this content:



Post Comment