ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਦਿੱਤੀ ਜਾ ਰਹੀ ਹੈ ਮੁਫ਼ਤ ਇਲਾਜ ਦੀ ਸਹੂਲਤ -ਡਿਪਟੀ ਕਮਿਸ਼ਨਰ
*ਸਿਹਤ ਯੋਜਨਾ ਕਾਰਡ ਘਰ-ਘਰ ਪਹੁੰਚਾਉਣਗੀਆਂ ਆਸ਼ਾ ਵਰਕਰ
ਫਰੀਦਕੋਟ, 2 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਰਾਹੁਲ ਚਾਬਾ ਵੱਲੋਂ ਲਾਭਪਾਤਰੀਆਂ ਤੱਕ ਸਿਹਤ ਯੋਜਨਾ ਦੇ ਕਾਰਡ ਪਹੁੰਚਾਉਣ ਸਬੰਧੀ ਸਿਹਤ ਅਧਿਕਾਰੀਆਂ ਅਤੇ ਆਸ਼ਾ ਵਰਕਰਾਂ ਦੇ ਵਫਦ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਾਸੀਆਂ ਲਈ ਬਹੁਤ ਮਹੱਤਵਪੂਰਨ ਯੋਜਨਾ ਹੈ। ਗੰਭੀਰ ਬਿਮਾਰੀ ਜਾਂ ਮਹਿੰਗੇ ਇਲਾਜ ਦੀ ਸਥਿਤੀ ਵਿੱਚ ਇਹ ਯੋਜਨਾ ਪਰਿਵਾਰਾਂ ਉੱਪਰ ਪੈਣ ਵਾਲੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਸਹਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦੀ ਨਕਦੀ ਰਹਿਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਜਿਲ੍ਹੇ ਭਰ ਵਿੱਚ ਵੱਖ-ਵੱਖ ਸ਼ਹਿਰੀ ਖੇਤਰਾਂ ਅਤੇ ਪਿੰਡ-ਕਸਬਿਆਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਨਾਉਣ ਲਈ ਰਜਿਸਟ੍ਰੇਸ਼ਨ ਕੀਤੀ ਗਈ ਸੀ, ਜਿਸ ਤਹਿਤ ਲਾਭਪਾਤਰੀਆਂ ਦੇ ਕਾਰਡ ਬਣ ਕੇ ਤਿਆਰ ਹੋ ਗਏ ਹਨ, ਇਹਨਾਂ ਸਿਹਤ ਕਾਰਡਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਅਧੀਨ ਸੇਵਾਵਾਂ ਨਿਭਾ ਰਹੀਆਂ ਆਸ਼ਾ ਅਤੇ ਆਸ਼ਾ ਫੈਸਲੀਟੇਟਰ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ ਨੇ ਆਸ਼ਾ ਵਰਕਰਾਂ ਦੇ ਵਫਦ ਦੀ ਅਗਵਾਈ ਕਰਦਿਆਂ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਸਾਂਝੇ ਕੀਤੇ ਤਾਂ ਜੋ ਘਰ-ਘਰ ਸਿਹਤ ਯੋਜਨਾ ਕਾਰਡ ਪਹੁੰਚਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਸਮੇਂ ਸਿਰ ਲਾਭਪਾਤਰੀ ਤੱਕ ਉਸਦਾ ਸਿਹਤ ਕਾਰਡ ਪਹੁੰਚ ਜਾਵੇ। ਉਹਨਾਂ ਦੱਸਿਆ ਕਿ ਲੋੜ ਪੈਣ ਤੇ ਕੋਈ ਵੀ ਸਿਹਤ ਕਾਰਡ ਧਾਰਕ ਸੂਚੀਬੱਧ ਹਸਪਤਾਲ ਵਿੱਚ ਆਪਣਾ ਮੁਫਤ ਇਲਾਜ ਕਰਵਾ ਸਕਦਾ ਹੈ। ਡਾ. ਵਿਸ਼ਵਦੀਪ ਨੇ ਮੀਟਿੰਗ ਦੌਰਾਨ ਵਿਸ਼ਵਾਸ ਦਿਵਾਇਆ ਕਿ ਸਿਹਤ ਕਰਮਚਾਰੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਇਸ ਸਿਹਤ ਬੀਮਾ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਅਕਾਉਂਟੈਂਟ ਦਵਿੰਦਰ ਗੁਪਤਾ, ਕੋਆਰਡੀਨੇਟਰ ਕਰਨ ਸ਼ਰਮਾ ਅਤੇ ਆਸ਼ਾ ਵਰਕਰਾਂ ਦਾ ਵਫਦ ਹਾਜਰ ਸਨ।
Share this content:



Post Comment