ਮਾਸਟਰ ਕਾਡਰ ਚ ‘ ਆਏ ਅਧਿਆਪਕ ਅਲਾਟ ਸਟੇਸ਼ਨਾਂ ’ਤੋਂ ਨਾਖ਼ੁਸ਼
ਚੰਡੀਗਡ਼੍ਹ 30 ਸਤੰਬਰ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਤਰੱਕੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਅਲਾਟ ਕੀਤੇ ਸਟੇਸ਼ਨਾਂ ’ਤੇ ਉਂਗਲ ਉੱਠੀ ਹੈ। ਤਰੱਕੀ ਲੈਣ ਵਾਲੇ ਅਧਿਆਪਕਾਂ ਨੂੰ ਇਤਰਾਜ਼ ਹੈ ਕਿ ਉਨ੍ਹਾਂ ਨੂੰ ਪਿਤਰੀ ਜ਼ਿਲ੍ਹਿਆਂ ਚੋਂ ਦੂਰ ਦੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ। ਕਈ ਜ਼ਿਲ੍ਹਿਆਂ ’ਚ ਅਧਿਆਪਕ ਧਿਰਾਂ ਨੇ ਜ਼ਿਲ੍ਹਾ ਪੱਧਰ ’ਤੇ ਅਧਿਕਾਰੀਆਂ ਨੂੰ ਮਿਲ ਕੇ ਆਪਣਾ ਰੋਸ ਵੀ ਜ਼ਾਹਿਰ ਕੀਤਾ ਹੈ। ਅੱਜ ਪੂਰਾ ਦਿਨ ਪ੍ਰਭਾਵਿਤ ਅਧਿਆਪਕ ਭੱਜ-ਦੌੜ ਕਰਦੇ ਰਹੇ ਅਤੇ ਸਿੱਖਿਆ ਮੰਤਰੀ ਕੋਲ ਵੀ ਲਗਾਤਾਰ ਫੋਨ ਆਉਂਦੇ ਰਹੇ।
ਵੇਰਵਿਆਂ ਅਨੁਸਾਰ ਨੇ ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ 4484 ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ 208 ਸੈਂਟਰ ਹੈੱਡ ਟੀਚਰ, 927 ਹੈੱਡ ਟੀਚਰ ਅਤੇ 2595 ਈ ਟੀ ਟੀ ਅਧਿਆਪਕ ਸ਼ਾਮਲ ਹਨ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਮਾਲਵੇ ਦੇ ਅਧਿਆਪਕਾਂ ਨੂੰ ਮਾਝੇ ਜਾਂ ਦੁਆਬੇ ਵਿੱਚ ਭੇਜ ਦਿੱਤਾ ਗਿਆ ਹੈ, ਜਿਸ ਨਾਲ ਖ਼ਾਸ ਕਰ ਕੇ ਮਹਿਲਾ ਅਧਿਆਪਕਾਂ ਲਈ ਵੱਡੀਆਂ ਪਰਿਵਾਰਕ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਐਲਾਨ ਕਰ ਚੁੱਕੇ ਹਨ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ’ਤੇ ਨਿਯੁਕਤ ਮਹਿਲਾ ਮੁਲਾਜ਼ਮਾਂ ਦੀ ਘਰਾਂ ਦੇ 40 ਕਿਲੋਮੀਟਰ ਦੇ ਘੇਰੇ ਅੰਦਰ ਹੀ ਤਾਇਨਾਤੀ ਕੀਤੀ ਜਾਵੇਗੀ।
ਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਵਿਭਾਗ ਦੀ ਤਰੱਕੀ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਫ਼ਸਰਸ਼ਾਹੀ ਅਧਿਆਪਕਾਂ ਤੋਂ ਸਟੇਸ਼ਨ ਚੋਣ ਦਾ ਹੱਕ ਖੋਹ ਰਹੀ ਹੈ। ਜਥੇਬੰਦੀ ਦੇ ਸੀਨੀਅਰ ਆਗੂ ਦਵਿੰਦਰ ਪੂਨੀਆ ਨੇ ਕਿਹਾ ਕਿ ਅਧਿਆਪਕਾਂ ਤੋਂ ਸਟੇਸ਼ਨ ਬਾਰੇ ਪੁੱਛਣਾ ਚਾਹੀਦਾ ਸੀ ਜਾਂ ਫਿਰ ਪਿਤਰੀ ਜ਼ਿਲ੍ਹਿਆਂ ਵਿੱਚ ਹੀ ਤਾਇਨਾਤੀ ਕਰਨੀ ਬਣਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਟੇਸ਼ਨ ਅਲਾਟ ਕਰਨ ਵਿੱਚ ਮਨਮਾਨੀ ਹੋਈ ਹੈ ਅਤੇ ‘ਦਾਲ ਵਿੱਚ ਕੁਝ ਕਾਲਾ’ ਜ਼ਰੂਰ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜਥੇਬੰਦੀ ਵਾਰ-ਵਾਰ ਸਿੱਖਿਆ ਮੰਤਰੀ ਅਤੇ ਅਧਿਕਾਰੀਆਂ ਨੂੰ ਮਿਲ ਕੇ ਸਮੁੱਚੀ ਪ੍ਰਕਿਰਿਆ ’ਚ ਪਾਰਦਰਸ਼ਤਾ ਦੀ ਮੰਗ ਕਰ ਚੁੱਕੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਨੇ ਇਹ ਤਰੱਕੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਚੌਥੀ ਵਾਰ ਉਪਰਾਲਾ ਕੀਤਾ ਸੀ। ਕਾਨੂੰਨੀ ਅੜਿੱਕਿਆਂ ਤੋਂ ਬਚਣ ਅਤੇ ਅਧਿਆਪਕਾਂ ਨੂੰ ਜਲਦੀ ਜੁਆਇਨ ਕਰਾਉਣ ਲਈ ਫੌਰੀ ਤੌਰ ’ਤੇ ਇਹ ਸਟੇਸ਼ਨ ਅਲਾਟ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਭਾਵਿਤ ਅਧਿਆਪਕ ਫਿਲਹਾਲ ਅਲਾਟ ਹੋਏ ਸਟੇਸ਼ਨਾਂ ’ਤੇ ਜੁਆਇਨ ਕਰ ਲੈਣ, ਇਸੇ ਹਫ਼ਤੇ ਉਨ੍ਹਾਂ ਦੇ ਸਟੇਸ਼ਨ ਦਰੁਸਤ ਕਰ ਦਿੱਤੇ ਜਾਣਗੇ।
Share this content:



Post Comment