ਮਾਣਹਾਨੀ ਮਾਮਲੇ ‘ਚ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਵੱਡਾ ਐਲਾਨ
ਲੁਧਿਆਣਾ -21 ਅਕਤੂਬਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਦਾਲਤ ਵੱਲੋਂ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਉਣ ਦੇ ਫ਼ੈਸਲੇ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਦੇ ਕਾਨੂੰਨ ਵਿੱਚ ਪੂਰਾ ਭਰੋਸਾ ਹੈ ਅਤੇ ਇਸ ਸਜ਼ਾ ਵਾਲੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਉਠਾਈ ਜਾਂਦੀ ਆਵਾਜ਼ ਕਾਰਨ ਹੀ ਉਨ੍ਹਾਂ ਨੂੰ 13 ਵਾਰ ਜੇਲ੍ਹ ਜਾਣਾ ਪਿਆ ਹੈ ਅਤੇ ਉਹ ਹਰ ਜੇਲ੍ਹ ਤੋਂ ਬਾਅਦ ਮਜ਼ਬੂਤ ਹੋ ਕੇ ਨਿਕਲੇ ਹਨ ਅਤੇ ਉਹ ਹੁਣ ਵੀ ਹੋਰ ਮਜ਼ਬੂਤੀ ਅਤੇ ਦ੍ਰਿੜ੍ਹ ਹੌਸਲੇ ਨਾਲ ਭ੍ਰਿਸ਼ਟਾਚਾਰ ਅਤੇ ਬੇਈਮਾਨਾਂ ਖ਼ਿਲਾਫ਼ ਆਪਣੀ ਆਵਾਜ਼ ਚੁੱਕਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਨੂੰ ਮਾਣਹਾਨੀ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਸਿਪਾਹੀ ਹਨ ਜਿਨ੍ਹਾਂ ਨੂੰ ਗੁਜਰਾਤ ਵਿੱਚ ਅਜਿਹੇ ਹੀ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਹ ਡਰੇ ਨਹੀਂ ਅਤੇ ਹੁਣ ਉਹ ਵੀ ਆਪਣੇ ਲੀਡਰ ਵਾਂਗ ਨਹੀਂ ਡਰਨਗੇ। ਇਹ ਪੁੱਛਣ ’ਤੇ ਕਿ ਇੱਕ ਕਾਂਗਰਸੀ ਵੱਲੋਂ ਹੀ ਉਨ੍ਹਾਂ ਨੂੰ ਸਜ਼ਾ ਕਰਵਾਈ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਪਰ ਉਸ ਸਮੇਂ ਉਹ ਕਾਂਗਰਸ ਪਾਰਟੀ ਵਿੱਚ ਨਹੀਂ ਸਨ।
Share this content:



Post Comment