ਮਹਾਨ ਚਿੱਤਰਕਾਰ ਸੋਭਾ ਸਿੰਘ ਦਾ ਸਰਕਾਰੀ ਸਨਮਾਨ ਸ਼ਲਾਘਾਯੋਗ
27 ਨਵੰਬਰ- ਕੇਂਦਰ ਸਰਕਾਰ ਨੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀ 125ਵੀਂ ਸਾਲਗਿਰ੍ਹਾ ਮੌਕੇ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਜੋ ਫ਼ੈਸਲਾ ਲਿਆ ਹੈ, ਉਹ ਸਿੱਖ ਜਗਤ ਤੋਂ ਇਲਾਵਾ ਸਮੁੱਚੇ ਕਲਾ ਜਗਤ ਵਾਸਤੇ ਵੀ ਇਕ ਫ਼ਖ਼ਰਯੋਗ ਪ੍ਰਾਪਤੀ ਹੈ। ਇਹ ਪ੍ਰਾਪਤੀ ਸੋਭਾ ਸਿੰਘ ਮੈਮੋਰੀਅਲ ਆਰਟ ਸੁਸਾਇਟੀ, ਅੰਦਰੇਟਾ ਦੇ ਯਤਨਾਂ ਤੋਂ ਇਲਾਵਾ ਸੋਭਾ ਸਿੰਘ ਦੀ ਚਿੱਤਰ-ਕਲਾ ਅੰਦਰਲੇ ਮਾਨਵਵਾਦ ਤੇ ਅਧਿਆਤਮਵਾਦ ਸਦਕਾ ਸੰਭਵ ਹੋਈ ਹੈ। ਇਕ ਸਰਕਾਰੀ ਪ੍ਰੈੱਸ ਰਿਲੀਜ਼ ਮੁਤਾਬਿਕ ਨਵਾਂ ਸਿੱਕਾ ‘‘ਸੋਭਾ ਸਿੰਘ ਦੇ 125ਵੇਂ ਜਨਮ ਦਿਵਸ ਨੂੰ ਸਮਰਪਿਤ ਸਰਕਾਰੀ ਜਸ਼ਨਾਂ ਦੇ ਅਹਿਮ ਹਿੱਸੇ ਵਜੋਂ ਅਗਲੇ ਸਾਲ ਫ਼ਰਵਰੀ ਮਹੀਨੇ ਜਾਰੀ ਕੀਤਾ ਜਾਵੇਗਾ।
ਸਿੱਕੇ ਦੇ ਡਿਜ਼ਾਈਨ ਤੇ ਆਕਾਰ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿਤੀ ਹੈ।’’ ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਸਰਕਾਰ ਵਲੋਂ ਕਿਸੇ ਚਿੱਤਰਕਾਰ ਦੀ ਯਾਦ ਨੂੰ ਸਮਰਪਿਤ ਸਿੱਕਾ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਾਮਵਰ ਭਾਰਤੀ ਚਿੱਤਰਕਾਰਾਂ ਦੀ ਯਾਦ ਨੂੰ ਸਮਰਪਿਤ ਡਾਕ ਟਿਕਟਾਂ ਜਾਰੀ ਕਰਨ ਦੀ ਪ੍ਰਥਾ ਪ੍ਰਚਲਿਤ ਸੀ। ਸੋਭਾ ਸਿੰਘ ਦੇ 100ਵੇਂ ਜਨਮ ਦਿਨ ਮੌਕੇ 2001 ਵਿਚ ਵੀ ਭਾਰਤੀ ਡਾਕ ਵਿਭਾਗ ਨੇ ਯਾਦਗਾਰੀ ਡਾਕ ਟਿਕਟ ਤੇ ਪੋਸਟਲ ਕਵਰ ਜਾਰੀ ਕੀਤੇ ਸਨ। ਇਹ ਦੋਵੇਂ ਨਿਸ਼ਾਨੀਆਂ ਭਾਰਤੀ ਡਾਕ ਵਿਭਾਗ ਦੇ ਮਿਊਜ਼ੀਅਮਾਂ ਤੋਂ ਇਲਾਵਾ ਕਈ ਕਲਾ ਪ੍ਰੇਮੀਆਂ ਦੇ ਨਿੱਜੀ ਸੰਗ੍ਰਹਿਆਂ ਦੀ ਵੀ ਸ਼ਾਨ ਹਨ। ਹੁਣ ਭਾਰਤੀ ਕਰੰਸੀ ਦਾ ਸਿੱਕਾ ਅਪਣੇ ਤੌਰ ’ਤੇ ਨਿਵੇਕਲੀ ਯਾਦਗਾਰ ਵਜੋਂ ਸੰਭਾਲਿਆ ਜਾਵੇਗਾ।
ਕੁਲ ਆਲਮ ਵਿਚ ਸਿੱਖ ਗੁਰੂਆਂ ਦੇ ਜਿਹੜੇ ਨਕਸ਼ੀ ਮੁਹਾਂਦਰੇ ਲੋਕ ਦਿਲਾਂ ਵਿਚ ਵਸੇ ਹੋਏ ਹਨ, ਉਹ ਸੋਭਾ ਸਿੰਘ ਦੀ ਕਲਪਨਾ-ਸ਼ਕਤੀ ਅਤੇ ਚਿੱਤਰਣ-ਸ਼ੈਲੀ ਦੀ ਹੀ ਦੇਣ ਹਨ। ਸਾਲ 1969 ਵਿਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੋਭਾ ਸਿੰਘ ਨੂੰ ਤਿੰਨ ਅਜਿਹੀਆਂ ਤਸਵੀਰਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ ਜੋ ਪ੍ਰਥਮ ਪਾਤਸ਼ਾਹ ਦੀ ਸ਼ਖ਼ਸੀ ਰੂਹਾਨੀਅਤ ਨੂੰ ਨਿਖ਼ਰਵੇਂ ਰੂਪ ਵਿਚ ਦੁਨੀਆਂ ਸਾਹਮਣੇ ਲਿਆਉਣ। ਸੋਭਾ ਸਿੰਘ ਨੇ ਪ੍ਰਭਾਵਵਾਦੀ ਤੇ ਯਥਾਰਥਵਾਦੀ ਕਲਾ-ਸ਼ੈਲੀਆਂ ਦੇ ਸੁਮੇਲ ਰਾਹੀਂ ਜੋ ਤਿੰਨ ਨਜ਼ਾਰੇ ਰਚੇ, ਉਹ ਬਾਬਾ ਨਾਨਕ ਦੇ ਅਵਤਾਰੀ ਰੂਪ ਵਜੋਂ ਲੋਕ ਮਨਾਂ ਵਿਚ ਵੱਸ ਗਏ।
ਇਸ ਤੋਂ ਹੀ ਅਗਲੀਆਂ ਨੌਂ ਪਾਤਸ਼ਾਹੀਆਂ ਦੇ ਚਿੱਤਰਾਂ ਦਾ ਸਿਲਸਿਲਾ ਸਾਕਾਰਿਤ ਹੋਇਆ। ਇਹ ਨਹੀਂ ਕਿ ਸਿੱਖ ਗੁਰੂ ਸਾਹਿਬਾਨ ਦੇ ਹੋਰਨਾਂ ਚਿੱਤਰਕਾਰਾਂ ਵਲੋਂ ਸਿਰਜੇ ਗਏ ਚਿੱਤਰ ਊਣੇ ਸਨ, ਪਰ ਜੋ ਰੂਹਾਨੀ ਰੰਗ ਸੋਭਾ ਸਿੰਘ ਦੀ ਕਲਾਕਾਰੀ ਨੇ ਦਰਸਾਏ, ਉਹ ਬੇਜੋੜ ਸਨ। ਇਸ ਅਨੂਠੇ ਕਾਰਜ ਪਿੱਛੇ ਸਿੱਖੀ ਤੇ ਸਿੱਖ ਇਤਿਹਾਸ ਦੀ ਗਹਿਨ ਜਾਣਕਾਰੀ ਦਾ ਪ੍ਰਮੁੱਖ ਯੋਗਦਾਨ ਸੀ। ਅਜਿਹਾ ਗਿਆਨ ਗੁਰੂਆਂ ਤੇ ਉਨ੍ਹਾਂ ਦੇ ਮਿਸ਼ਨ ਪ੍ਰਤੀ ਗੂੜ੍ਹੀ ਆਸਥਾ ਰਾਹੀਂ ਹੀ ਸੰਭਵ ਹੋ ਸਕਦਾ ਸੀ। ਇਹ ਆਸਥਾ ਸੋਭਾ ਸਿੰਘ ਨੂੰ ਗੁੜ੍ਹਤੀ ਰਾਹੀਂ ਮਿਲੀ ਹੋਈ ਸੀ।
ਸ੍ਰੀ ਹਰਗੋਬਿੰਦਪੁਰ ਵਿਖੇ 29 ਨਵੰਬਰ 1901 ਨੂੰ ਇਕ ਸਾਧਾਰਨ ਨਿਮਨ ਮੱਧਵਰਗੀ ਪਰਿਵਾਰ ਵਿਚ ਜਨਮੇ ਸੋਭਾ ਸਿੰਘ ਦੀ ਚਿੱਤਰਕਾਰੀ ਬਾਰੇ ਸਿੱਖਿਆ, ਨਕਸ਼ਾਨਵੀਸੀ (ਡ੍ਰਾਫ਼ਟਸਮੈਨਸ਼ਿਪ) ਦੇ ਡਿਪਲੋਮੇ ਤਕ ਸੀਮਤ ਸੀ, ਪਰ ਪੈਨਸਿਲ ਰਾਹੀਂ ਖ਼ਾਕੇ ਖਿੱਚਣ ਦੇ ਹੁਨਰ ਨੂੰ ਅਪਣੀ ਕਲਪਨਾ-ਸ਼ਕਤੀ ਰਾਹੀਂ ਹੁਸੀਨਤਰੀਨ ਚਿੱਤਰਕਾਰੀ ਵਿਚ ਬਦਲਣ ’ਚ ਉਨ੍ਹਾਂ ਨੇ ਬਹੁਤਾ ਸਮਾਂ ਨਹੀਂ ਲਿਆ। ਪੋਰਟਰੇਟ ਪੇਂਟਿੰਗ ਵਿਚ ਉਨ੍ਹਾਂ ਦੀ ਮੁਹਾਰਤ ਲਾਸਾਨੀ ਸੀ। ਨਾਲ ਹੀ ਕਿਤਾਬਾਂ ਪੜ੍ਹਨ ਅਤੇ ਸਮੇਂ ਦੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਦੀ ਬਿਰਤੀ ਨੇ ਵੀ ਉਨ੍ਹਾਂ ਦੇ ਚਿੱਤਰਾਂ ਨੂੰ ਕਾਲਜਈ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਪਹਿਲਾਂ ਲਾਹੌਰ ਦੇ ਅਨਾਰਕਲੀ ਬਾਜ਼ਾਰ ਅਤੇ 1947 ਤੋਂ ਬਾਅਦ ਅੰਦਰੇਟਾ (ਹਿਮਾਚਲ ਪ੍ਰਦੇਸ਼) ਵਿਚ ਉਨ੍ਹਾਂ ਦੇ ਸਟੂਡੀਓਜ਼ ਸਾਧਾਰਨ ਤੋਂ ਸਜੀਵ ਤੇ ਫਿਰ ਚਿਰਜੀਵੀ ਚਿੱਤਰਕਾਰ ਵਜੋਂ ਉਨ੍ਹਾਂ ਦੀ ਪ੍ਰਗਤੀ ਦੇ ਸਬੂਤ ਸਨ। ਦਸ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਇਤਿਹਾਸਕ ਹਸਤੀਆਂ ਦੇ ਚਿੱਤਰਾਂ ਦੇ ਨਾਲ-ਨਾਲ ਪੰਜਾਬੀ ਲੋਕਯਾਨ, ਖ਼ਾਸ ਕਰ ਕੇ ਸੋਹਣੀ-ਮਹੀਂਵਾਲ ਅਤੇ ਹੀਰ-ਰਾਂਝਾ ਦੇ ਉਨ੍ਹਾਂ ਵਲੋਂ ਬਣਾਏ ਚਿੱਤਰ, ਕਲਾ ਪ੍ਰੇਮੀਆਂ ਦੇ ਦਿਲਾਂ ਵਿਚ ਚਿਰਸਥਾਈ ਤੌਰ ’ਤੇ ਵਸੇ ਹੋਏ ਹਨ। ਇਹੀ ਕਾਰਨ ਹੈ ਕਿ ਜਿੱਥੇ ਪੰਜਾਬੀ ਇਸ ਮਹਾਨ ਕਲਾਕਾਰ ਦੀ ਸਭਿਆਚਾਰਕ ਦੇਣ ਨੂੰ ਸਿਜਦਾ ਕਰਨ ਦਾ ਮੌਕਾ ਨਹੀਂ ਖੁੰਝਾਉਂਦੇ, ਉੱਥੇ ਹਿਮਾਚਲੀ ਵੀ ਉਸ ਨੂੰ ‘ਅਪਣਾ’ ਦੱਸਣ ਵਿਚ ਓਨਾ ਹੀ ਫ਼ਖ਼ਰ ਮਹਿਸੂਸ ਕਰਦੇ ਹਨ। ਕੇਂਦਰ ਸਰਕਾਰ ਨੇ ਇਸ ਮਹਾਨ ਹਸਤੀ ਦਾ ਸਨਮਾਨ ਕਰਨ ਲਈ ਜੋ ਤਰੀਕਾ ਅਖ਼ਤਿਆਰ ਕੀਤਾ ਹੈ, ਉਹ ਸ਼ਲਾਘਾਯੋਗ ਵੀ ਹੈ ਅਤੇ ਮੌਕੇ ਮੁਤਾਬਿਕ ਦਰੁਸਤ ਵੀ ਹੈ।
Share this content:



Post Comment