Loading Now

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ ਅਨੋਖਾ ਮੇਲ

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ ਅਨੋਖਾ ਮੇਲ

ਨਵੀਂ ਦਿੱਲੀ, 5 ਨਵੰਬਰ – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਕਾਂਗਰਸ ਦੇ ਦਿੱਗਜ ਆਗੂ ਡਾ. ਕਰਨ ਸਿੰਘ ਦੇ ਪੋਤੇ ਮਾਰਤੰਡ ਸਿੰਘ ਨਾਲ ਹੋਇਆ ਸ਼ਾਨਦਾਰ ਵਿਆਹ ਇਸ ਹਫ਼ਤੇ ਰਾਜਧਾਨੀ ਦਿੱਲੀ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ ਹੈ। ਲੁਟੀਅਨਜ਼ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ‘ਤੇ ਅਨੰਦ ਕਾਰਜ ਦੀਆਂ ਰਸਮਾਂ ਨਾਲ ਸੰਪੂਰਨ ਹੋਏ ਇਸ ਹਫ਼ਤਾ ਭਰ ਚੱਲੇ ਸਮਾਗਮ ਵਿੱਚ ਨਾ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਸਗੋਂ ਇਸ ਵਿਆਹ ਨੇ ਦੇਸ਼ ਦੇ ਪ੍ਰਮੁੱਖ ਸ਼ਾਹੀ ਅਤੇ ਸਿਆਸੀ ਪਰਿਵਾਰਾਂ ਦੇ ਇਤਿਹਾਸਕ ਸਬੰਧਾਂ ਦੀ ਇੱਕ ਨਵੀਂ ਤਸਵੀਰ ਵੀ ਪੇਸ਼ ਕੀਤੀ।

ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਇਸ ਵਿਵਾਹਿਕ ਬੰਧਨ ਨਾਲ ਪੰਜਾਬ ਦਾ ਬਾਦਲ ਪਰਿਵਾਰ ਹੁਣ ਜੰਮੂ ਦੇ ਇਤਿਹਾਸਕ ਡੋਗਰਾ ਸ਼ਾਹੀ ਘਰਾਣੇ ਨਾਲ ਸਾਂਝ ਪਾ ਚੁੱਕਾ ਹੈ। ਇਸ ਵਿਆਹ ਦੀ ਰਿਸੈਪਸ਼ਨ ਪਟਿਆਲਾ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ ‘ਤੇ ਰੱਖੀ ਗਈ ਸੀ, ਜਿੱਥੇ ਦੇਸ਼ ਦੀਆਂ ਕਈ ਵੱਡੀਆਂ ਰਿਆਸਤਾਂ ਦੇ ਵਾਰਸ ਆਪਣੇ ਸ਼ਾਹੀ ਪਹਿਰਾਵੇ ਵਿੱਚ ਨਜ਼ਰ ਆਏ। ਇਸ ਸਮਾਗਮ ਵਿੱਚ ਜੰਮੂ ਦੇ ਡੋਗਰਾ ਘਰਾਣੇ ਤੋਂ ਇਲਾਵਾ ਹਿਮਾਚਲ ਦੇ ਰਾਮਪੁਰ ਬੁਸ਼ਹਿਰ ਪਰਿਵਾਰ ਦੀ ਪ੍ਰਤਿਭਾ ਸਿੰਘ, ਗਵਾਲੀਅਰ ਦੇ ਸਿੰਧੀਆ ਘਰਾਣੇ ਤੋਂ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਪਟਿਆਲਾ ਸ਼ਾਹੀ ਘਰਾਣੇ ਦੇ ਮੈਂਬਰ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਇਹ ਸ਼ਾਹੀ ਅਤੇ ਸਿਆਸੀ ਘਰਾਣੇ ਪਹਿਲਾਂ ਹੀ ਆਪਸੀ ਵਿਆਹਾਂ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅੰਗਦ ਸਿੰਘ ਦਾ ਵਿਆਹ ਹਿਮਾਚਲ ਦੀ ਪ੍ਰਤਿਭਾ ਸਿੰਘ ਦੀ ਧੀ ਅਪਰਾਜਿਤਾ ਨਾਲ ਹੋਇਆ ਹੈ, ਜਦਕਿ ਕੈਪਟਨ ਦਾ ਦੋਹਤਾ ਨਿਰਵਾਣ ਸਿੰਘ ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਨਾਲ ਵਿਆਹਿਆ ਹੋਇਆ ਹੈ। ਇਸ ਤੋਂ ਇਲਾਵਾ ਡਾ. ਕਰਨ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਦਾ ਵਿਆਹ ਗਵਾਲੀਅਰ ਦੇ ਸਵਰਗੀ ਮਾਧਵਰਾਓ ਸਿੰਧੀਆ ਦੀ ਧੀ ਚਿਤ੍ਰਾਂਗਦਾ ਰਾਜੇ ਨਾਲ ਹੋਇਆ ਹੈ।

Share this content:

Previous post

ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 137.10 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖਰੀਦ – ਹਰਚੰਦ ਸਿੰਘ ਬਰਸਟ

Next post

ਸੰਗਰੂਰ ਦੀ ਇਨਸਾਫ਼ ਰੈਲੀ ਵਿੱਚ ਮੋਹਾਲੀ ਤੋਂ ਬੱਸਾਂ, ਗੱਡੀਆਂ ਅਤੇ ਸੈਂਕੜੇ ਲੋਕਾਂ ਦਾ ਵਿਸ਼ਾਲ ਕਾਫ਼ਲਾ ਲੈ ਕੇ ਪਹੁੰਚੇ ਬਲਬੀਰ ਸਿੰਘ ਸਿੱਧੂ

Post Comment