ਭ੍ਰਿਸ਼ਟਾਚਾਰ ਮਾਮਲੇ ’ਚ ਈ.ਡੀ. ਵੱਲੋਂ, ਚਾਰ ਮੌਜੂਦਾ ਆਈ.ਏ.ਐੱਸ. ਅਧਿਕਾਰੀਆਂ ਨੂੰ ਸੰਮਨ
ਚੰਡੀਗੜ੍ਹ, 27 ਨਵੰਬਰ- ਮੁਅੱਤਲ ਡੀ ਆਈ ਜੀ ਐੱਚ ਐੱਸ ਭੁੱਲਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਨੈੱਟਵਰਕ ਦੀ ਚੱਲ ਰਹੀ ਜਾਂਚ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਦੇ ਚਾਰ ਸੀਨੀਅਰ ਨੌਕਰਸ਼ਾਹਾਂ – ਕ੍ਰਿਸ਼ਨ ਕੁਮਾਰ, ਰਾਮਵੀਰ, ਵਰੁਣ ਰੂਜ਼ਮ ਅਤੇ ਅਭਿਨਵ ਤ੍ਰਿਖਾ ਨੂੰ ਸੰਮਨ ਭੇਜੇ ਹਨ।
ਚਾਰੇ ਅਧਿਕਾਰੀਆਂ ਨੂੰ ਦਸੰਬਰ ਦੇ ਪਹਿਲੇ ਹਫ਼ਤੇ ਏਜੰਸੀ ਦੇ ਚੰਡੀਗੜ੍ਹ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਪ੍ਰਸ਼ਾਸਕੀ ਸਕੱਤਰ (ਸਿਹਤ) ਕੁਮਾਰ ਰਾਹੁਲ, ਪੀ ਸੀ ਐੱਸ ਅਧਿਕਾਰੀ ਆਨੰਦ ਸਾਗਰ ਸ਼ਰਮਾ, ਸੇਵਾਮੁਕਤ ਅਧਿਕਾਰੀਆਂ ਗੁਰਪ੍ਰੀਤ ਸਪਰਾ ਅਤੇ ਅਰੁਣ ਸੇਖੜੀ, ਫਾਜ਼ਿਲਕਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਅਤੇ ਵਿਸ਼ੇਸ਼ ਸਕੱਤਰ (ਆਮ ਪ੍ਰਸ਼ਾਸਨ) ਨੀਰੂ ਕਤਿਆਲ ਗੁਪਤਾ ਨੂੰ ਸੰਮਨ ਭੇਜੇ ਸਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।
ਇਹ ਸੰਮਨ ਡੀ ਆਈ ਜੀ ਭੁੱਲਰ ਅਤੇ ਕਥਿਤ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨਾਲ ਜੁੜੇ ਮਾਮਲੇ ਵਿੱਚ ਏਜੰਸੀ ਦੀ ਮਨੀ-ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਸੀ ਬੀ ਆਈ ਨੇ ਗ੍ਰਿਫ਼ਤਾਰ ਕੀਤਾ ਸੀ। ਈ ਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ “…ਡੀ ਆਈ ਜੀ ਭੁੱਲਰ ਮਾਮਲੇ ਵਿੱਚ ਮੁਲਜ਼ਮ ਸ਼ਾਰਦਾ (ਵਿਚੋਲਾ) ਪੰਜਾਬ ਸਰਕਾਰ ਦੇ ਇਨ੍ਹਾਂ ਅਧਿਕਾਰੀਆਂ ਤੋਂ ਅਣਉਚਿਤ ਲਾਭ ਲੈਣ ਵਿੱਚ ਸ਼ਾਮਲ ਪਾਇਆ ਗਿਆ ਸੀ, ਜੋ ਸੂਬਾ ਸਰਕਾਰ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ।” ਇਸ ਮਾਮਲੇ ਵਿੱਚ ਕੇਂਦਰੀ ਏਜੰਸੀ ਵੱਲੋਂ ਲਗਪਗ 40 ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੰਮਨ ਭੇਜੇ ਜਾਣ ਦੀ ਉਮੀਦ ਹੈ।
ਡੀ ਆਈ ਜੀ ਭੁੱਲਰ ਅਤੇ ਸ਼ਾਰਦਾ ਨੂੰ ਸੀ.ਬੀ.ਆਈ. ਨੇ 16 ਅਕਤੂਬਰ, 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਾਰਦਾ ਨੂੰ ਪਹਿਲਾਂ ਡੀ ਆਈ ਜੀ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸੇ ਦਿਨ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਤੋਂ ਬਾਅਦ ਈ.ਡੀ. ਨੇ ਮਨੀ-ਲਾਂਡਰਿੰਗ ਦਾ ਮਾਮਲਾ ਦਰਜ ਕੀਤਾ। ਸ਼ਾਰਦਾ ਨੂੰ ਈ ਡੀ ਨੇ 18 ਸਤੰਬਰ, 2026 ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ 9 ਅਕਤੂਬਰ, 2026 ਨੂੰ ਭੁੱਲਰ ਦੀ ਗ੍ਰਿਫ਼ਤਾਰੀ ਹੋਈ। ਸੀਨੀਅਰ ਪੁਲੀਸ ਅਧਿਕਾਰੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਸੀ ਬੀ ਆਈ ਨੇ ਉਸ ਦੀ ਗ੍ਰਿਫ਼ਤਾਰੀ ਦੌਰਾਨ 7.37 ਕਰੋੜ ਰੁਪਏ ਨਕਦ ਅਤੇ 2.32 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਸਨ।
ਈ ਡੀ ਨੇ ਅਦਾਲਤ ਨੂੰ 26 ਲੱਖ ਰੁਪਏ ਨਕਦ ਆਰਜ਼ੀ ਤੌਰ ’ਤੇ ਜ਼ਬਤ (ਅਟੈਚ) ਕਰਨ ਬਾਰੇ ਵੀ ਸੂਚਿਤ ਕੀਤਾ ਹੈ। ਇਸ ਕਥਿਤ ਵੱਡੇ ਨੈੱਟਵਰਕ ਦੀ ਜਾਂਚ ਜਾਰੀ ਹੈ। ਅਕਤੂਬਰ 2025 ਵਿੱਚ ਕਬਾੜ ਵਪਾਰੀ ਆਕਾਸ਼ ਬੱਤਾ ਨੇ ਭੁੱਲਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭੁੱਲਰ ਨੇ ਸਰਹਿੰਦ ਥਾਣੇ ਵਿੱਚ ਦਰਜ ਇੱਕ ਐੱਫ ਆਈ ਆਰ ਵਿੱਚ ਪੱਖ ਪੂਰਨ ਦੇ ਬਦਲੇ ਸ਼ਾਰਦਾ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਸੀ।
Share this content:



Post Comment