ਭੈਣੇ ! ਇਹ ਕਿਹੜਾ ਦਰਿਆ/ਗੁਰਭਜਨ ਗਿੱਲ
ਬਲਵਿੰਦਰ ਸੰਧੂ
ਵਾਹ !
ਗਿੱਲ ਗੁਰਭਜਨ ਸਾਡਾ ਭਾਅ
ਕੀ ਆਖੀਏ, ਕਿਹੜਾ ਦਰਿਆ !
ਜਿਸਦੀ ਆਪਣੀ ਤੋਰ,
ਆਪਣਾ ਵਹਾਅ …
ਰੇਤਿਆਂ ਬਰਾਨਿਆਂ ਨੂੰ ਸਿੰਜਦਾ
ਤਪਦੀਆਂ ਰੋਹੀਆਂ ਤਾਈਂ ਠਾਰਦਾ
ਰਾਵੀ ਦੇ ਰਵੇ ਜਿਹਾ
ਜਨਮ ਵੇਲੇ ਤੋਂ ਅੱਜ ਤੀਕਣ
ਕਲਕਲ ਵਗੇ ਪਿਆ……..!
ਕਦੇ ਉਹ ਲੱਗਦਾ
ਕਈ ਧਾਰਾਵਾਂ ‘ਚ ਵੰਡਿਆ
ਸਾਵਾ ਹਰਿਆਵਲਾ …
ਸੁੰਦਰਬਨ ਦੇ ਡੈਲਟੇ ਜਿਹਾ…
ਜਿਸਦੇ ਵਿਹੜੇ
ਅਨਿਕ ਜੀਅ-ਜੰਤਾਂ ਦਾ ਵਸੇਬਾ
ਰੰਗ ਬਰੰਗੇ ਪੰਖਣੂਆਂ ਦਾ ਕੁਨਬਾ
ਉਹਦੇ ਜਨਮ ਵੇਲੇ ਤੋਂ ਹੀ
ਨਾਲ ਨਾਲ ਵਧਦਾ ਫ਼ਲਦਾ ਪਿਆ…
ਸੂਰਤ ਤੇ ਸੀਰਤ ਦਾ
ਉਹ ਬੇਤਾਜ ਬਾਦਸ਼ਾਹ….
ਜਿਸ ਕਿਸੇ ਨੂੰ ਵੀ ਮਿਲਦਾ
ਅਮੁੱਕ ਚਾਅ ਨਾਲ ਭਰ ਦਿੰਦਾ
ਗਿੱਠਾਂ ਵਿਚ ਸਿਮਟੇ ਕੱਦ ਨੂੰ
ਗ਼ਜ਼ਾਂ ਨਾਲ ਨਾਪਦਾ
ਸਾਵੇ ਸਰੂ ਦੇ ਹਾਣ ਦਾ ਕਰ ਦਿੰਦਾ
ਉਹਦੀ ਸੰਗਤ ਵਿਚ ਆਇਆ
ਕੀ ਨਿਆਣਾ ਕੀ ਸਿਆਣਾ
ਮਾਣ ਤਾਣ ਨਾਲ ਭਰ ਜਾਂਦਾ
ਮਿਲੀ ਥਾਪੜੀ ‘ਤੇ
ਅਸ਼-ਅਸ਼ ਕਰ ਉੱਠਦਾ…
ਬਲਿਹਾਰ ਹੋ ਹੋ ਜਾਂਦਾ….!
ਉਹਦੇ ਬੋਲਾਂ ‘ਚ ਮਿਸ਼ਰੀ
ਕੜੱਕ-ਕੜੱਕ ਬੋਲਦੀ ਟੁੱਟਦੀ
ਰਸੇ ਬੁੱਲਾਂ ‘ਤੇ ਹਰ ਘੜੀ
ਮੁਹੱਬਤ ਦੀ ਝੜੀ ਲੱਗਦੀ…
ਨੈਣਾਂ ‘ਚੋਂ ਅਪਣੱਤ ਚੋ-ਚੋ ਪੈਂਦੀ
ਉਹਦੇ ਅਸਮਾਨ ਜਹੇ ਲਿਲਾਟ ‘ਚ
ਦੂਧੀਆ ਕੋਈ ਗੰਗਾ ਵਗਦੀ
ਤੇ ਨੱਕ ਦੀ ਕਰੂੰਬਲ ‘ਚੋਂ
ਨੀਲਮ ਲਾਟ ਉੱਠਦੀ
ਕਿ ਜਣੀ ਖਣੀ ਮਲੀਨ ਮੱਖੀ
ਉਹਦੇ ਨੇੜੇ ਨਾ ਢੁਕਦੀ ….!
ਸੁਭਾਅ ਦਾ ਸੱਤਰੰਗਾ ਬੰਦਾ
ਜਿਹਦੀਆਂ ਪੱਗਾਂ ਦੇ ਰੰਗਾਂ ਤੋਂ
ਫੱਗਣ ਦੇ ਫੁੱਲ, ਉਧਾਰ ਮੰਗਦੇ
ਨਰੋਏ ਨਕਸ਼ਾਂ ‘ਤੇ
ਭੰਵਰੇ ਆ ਆ ਬਹਿੰਦੇ
ਹੁਸਨ ਦਾ ਇਤਰ ਪੀ-ਪੀ
ਦੂਰ… ਉੱਡ-ਪੁੱਡ ਜਾਂਦੇ….!
ਉਹ ਫਿਰਦਾ ਤੁਰਦਾ
ਦੇਸ਼ ਵਿਦੇਸ਼ ਮੇਲੇ ਗਾਹੁੰਦਾ
ਯਾਰਾਂ ‘ਤੇ ਹੱਕ ਜਮਾਉਂਦਾ
ਵਿੱਛੜਿਆਂ ਨੂੰ
ਹਿੱਕ ਨਾਲ ਲਾਉਂਦਾ…
ਚਿੜੀਆਂ ਘੁੱਗੀਆਂ ਦੇ
ਸਿਰ ਪਲੋਸਦਾ
ਇਕ ਦੋ ਮਿਲਣੀਆਂ ਵਿਚ ਹੀ
ਨਿਮਾਣੀਆਂ ਨਿਤਾਣੀਆਂ
ਬੱਦਲੀਆਂ ਦਾ
ਧਰਮੀ ਬਾਬਲ ਹੋ ਜਾਂਦਾ…
ਅੱਖਾਂ ਭਰ ਲੈਂਦਾ !
ਕਦੇ ਲੱਗਦਾ ਉਹ-
ਮਾਝੇ ਦੁੱਧ ਦਾ ਛਲਕਦਾ
ਲਿਸ਼ਕਦਾ ਪਿੱਤਲ ਦਾ ਡੋਹਣਾ
ਲੋੜਵੰਦੇ ਆਪਣੇ ਕੀ
ਤੇ ਦੁਪਰਿਆਰੇ ਕੀ
ਸਭ ਡੋਲਣੂੰ ਭਰ ਭਰ ਲੈ ਜਾਂਦੇ..
ਤੇ ਕਈ ਸਨੇਹੀ
ਆਪਣੀਆਂ
ਭਰੀਆਂ ਭਕੁੰਨੀਆਂ ਗਾਗਰਾਂ
ਉਹਦੇ ਮੋਕ੍ਹਲੇ ਭਾਂਡੇ ‘ਚ ਉਲੱਦ ਜਾਂਦੇ
ਵਧਣ ਘਟਣ ਦਾ
ਹਿਸਾਬ ਕਿਤਾਬ ਤਾਂ
ਉਸ ਲਾਇਆ ਨਾ ਕਦੇ …..!
ਨਿਮਾਣਿਆਂ ਦਾ ਮਾਣ ਉਹ
ਨਿਤਾਣਿਆਂ ਦਾ ਤਾਣ ਵੀ
ਜਿੱਥੇ ਬਹਿੰਦਾ ਹੈ
ਉਹਦੀ ਭੂਰੀ ਤੇ ਮੇਲਾ ਲੱਗ ਜਾਂਦਾ
ਗੁਲਮੋਹਰਾਂ, ਪਲਾਹਾਂ ਦੇ ਮੂੰਹੀਂ
ਖੇੜਾ ਉੱਗ ਪੈਂਦਾ…!
ਧਰਤੀ ਦਾ ਵਣ ਤ੍ਰਿਣ
ਉਹਦੀ ‘ਵਾ ਨੂੰ ਮਾਣਦਾ
ਮਿੱਟੀ ਦਾ ਕਣ ਕਣ
ਉਹਦੀਆਂ ਪੈੜਾਂ ਪਹਿਚਾਣਦਾ …
ਉਹ ਰੱਜੀ ਪੁੱਜੀ ਰੂਹ ਦਾ ਰਾਂਝਾ
ਭੇਦ ਭਾਵਾਂ ਤੋਂ ਉਚੇਰਾ,
ਸਭਨਾਂ ਦਾ ਸਾਂਝਾ
ਮਾਝੇ, ਮਾਲਵੇ, ਦੁਆਬੇ
ਤੇ ਪੁਆਧ ਵਿਚਾਲੇ ਪੁਲ਼
ਸਕੇ-ਸਹੋਦਰਿਆਂ ਦੇ ਤੁਲ..
ਕੇਹਾ ਸ਼ਖਸ ਕਿ
ਜਿਸ ਕਿਸੇ ਨੂੰ ਮਿਲਦਾ
ਮਿਲਣ ਵਾਲਾ
ਵੇਹਦਿਆਂ ਵੇਹਦਿਆਂ ਹੀ
ਕਰਤੇ ਦੀ ਬਖਸ਼ਿਸ਼ ਦਾ
ਬਸ ਪਾਤਰ ਹੋ ਜਾਂਦਾ…..!
ਉਹਦੀਆਂ ਜੜ੍ਹਾਂ ਹੇਠ
ਆਦਿ, ਮੱਧ ਤੇ
ਨਵੇਂ ਕਾਲ ਦੀਆਂ ਬਰਕਤਾਂ
ਸੀਨੇ ਵਿਚ ਸਦੀਵੀਂ ਹਸਰਤਾਂ
ਬਾਪੂ ਨਾਲ ਖੇਤ ਬੰਨੇ
ਜਾਣ ਜੋਗਾ ਹੋਇਆ
ਤਾਂ ਘਰ ‘ਚ ਲਵੇਰਾ,
ਬਥੇਰਾ ਸੀ
ਘੰਡੀ ਫੁੱਟਣ ਪਹਿਰੇ ਉਸ
ਕਬੀਰ, ਫ਼ਰੀਦ ਤੇ ਨਾਨਕ
ਹੱਥੀਂ ਕੜ੍ਹਿਆ ਕੇਸਰੀ ਦੁੱਧ
ਘੁੱਟਾਂ-ਬਾਟੀ ਪੀਤਾ
ਵਾਰਿਸ, ਹਾਸ਼ਮ, ਪੀਲੂ ਤੇ
ਬਾਹੂ ਦਾ ਸ਼ਬਦ ਸੰਗ ਕੀਤਾ …!
ਬੁੱਲ੍ਹੇ ਨਾਲ ਚੁੱਲ੍ਹੇ ‘ਤੇ ਤਾਮ ਪਕਾਇਆ
ਨਵਾਂ ਤੇ ਸੱਜਰਾ ਜੋ ਵੀ ਆਇਆ
ਸਾਰੇ ਦਾ ਸਾਰਾ ਹਿੱਕ ਨਾਲ ਲਾਇਆ
ਸਬਰ, ਸ਼ੁਕਰ, ਸਹਿਜ,
ਤੇ ਸੋਹਜ ਦਾ ਇਲਮ ਕਮਾਇਆ…!
ਮੁੱਖੜੇ ਜਾ ਮੁੱਛਾਂ ਫੁੱਟੀਆਂ
ਤਾਂ ਉਸ ਅੰਦਰੋਂ ਵੀ ਸ਼ਾਇਰੀ ਦੀਆਂ
ਨਿਸਾਰਾਂ ਵਗ ਉੱਠੀਆਂ
ਨਗਰੀਂ, ਸ਼ਹਿਰੀ, ਦੂਰ ਦੁਰੇਡੇ
ਪਹਿਲੀ ਉਮਰੇ ਹੀ ਫਿਰ
ਕਈ ਮਜਲਸਾਂ ਲੁੱਟੀਆਂ….!
ਉਹਦੀ ਹਿੱਕ ‘ਚ ਜੜਿਆ *ਸ਼ੀਸ਼ਾ
ਕਦੇ ਝੂਠ ਨਾ ਬੋਲਿਆ ..
ਹਰ *ਧੁਖਦਾ ਪਿੰਡ
ਉਹਨੂੰ ਆਪਣਾ ਲੱਗਿਆ ..
ਉਹ ਧੁਰ ਤੋਂ *ਮਿੱਟੀ ਦਾ ਬਾਵਾ
ਸੱਚ ਝੂਠ ਦਾ ਤੁਲਾਵਾ …
ਆਪਣੇ ਸਮਿਆਂ ਦੀ
*ਅਗਨ ਕਥਾ ਕਰਦਾ
*ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ …
ਮਿੱਤਰਾਂ ਦੀ ਖੁਸ਼ੀ ਲਈ
*ਚਰਖ਼ੜੀ ‘ਤੇ ਚੜ੍ਹਿਆ ਰਿਹਾ …
ਹੱਕ ਸੱਚ ਲਈ
ਦੁਸ਼ਮਣਾਂ ਨਾਲ ਵੀ ਖੜ੍ਹਿਆ ਰਿਹਾ…!
ਉਹਦੀ ਸੋਹਬਤ ‘ਚ
*ਧਰਤੀ ਨਾਦ ਵਜਾਉਂਦੀ ਗੀਤ ਗਾਉਂਦੀ
ਪਵਨ, *ਫੁੱਲਾਂ ਦੀ ਝਾਂਜਰ ਪਾ
ਸਦੀਵੀਂ ਨਾਚ ਨੱਚਦੀ..
ਧੁੰਦ ਧੁੰਦਲਕੇ
ਉਹਦੀ ਨਜ਼ਰ’ ਚ ਆ ਛਟ ਜਾਂਦੇ
*ਪਾਰਦਰਸ਼ਤਾ ਪਹਿਨ ਖੁਸ਼ ਹੁੰਦੇ
ਤੇ ਉਹਦੀਆਂ ਕਿਤਾਬਾਂ ‘ਚ
ਸਾਂਭੇ *ਮੋਰ ਪੰਖ
ਰਾਤੀਂ ਅੰਬਰਾਂ ‘ਚ ਉੱਡਦੇ ਰਹਿੰਦੇ …!
ਮਨ ਤੰਦੂਰ ‘ਤੇ
ਕਵਿਤਾਵਾਂ ਲਾਹੁੰਦਾ ਲਾਹੁੰਦਾ
ਉਹ ਗ਼ਜ਼ਲਾਂ*, ਗੁਲਨਾਰਾਂ ਦਾ
ਰਾਜਨ ਹੋ ਜਾਂਦਾ …
ਚੁੰਗੀਆਂ ਭਰਦੀ
ਉਹਦੇ ਗੀਤਾਂ ਦੀ *ਮਿਰਗਾਵਲੀ
*ਰਾਵੀ ਦੇ ਏਧਰ ਵੀ.. ਓਧਰ ਵੀ
ਤੇ ਉਹਦਾ ਮਨ, ਘਰ ਰਹਿੰਦਾ ਵੀ
ਪਰਦੇਸਾਂ ‘ਚ ਭੌਂਦਾ ਫਿਰਦਾ ..
ਉਹ ਖਾਂਦਾ-ਪੀਂਦਾ
ਸੁਣਦਾ-ਸੁਣਾਉਂਦਾ
ਸਦਾ *ਸੁਰਤਾਲ ‘ਚ ਰਹਿੰਦਾ
ਸੰਦਲੀ *ਸੰਧੂਰਦਾਨੀ ‘ਚੋਂ
ਸਧਰਾਂ ਕੱਢ ਕੱਢ
ਦਾਨ ਕਰੀ ਜਾਂਦਾ ….!
ਉਹਦੇ ਚੇਤਿਆਂ ਦੀ ਚੰਗੇਰ ‘ਚੋਂ
ਕੁਝ ਵੀ ਨਾ ਕਿਰਦਾ
ਉਹਦੀ ਅਕਲ ਦਾ ਘੋੜਾ
ਪਤਾ ਨਹੀਂ ਕਿੱਥੇ ਕਿੱਥੇ ਫਿਰਦਾ…
ਯਾਦਾਂ ਦੀ ਲੜੀ ਐਨੀ ਲੰਮੀ
ਕਿਤੇ ਮੁੱਕਣ ਵਿਚ ਹੀ ਨਾ ਆਉਂਦੀ..
ਅਦਬੀ ਇਤਿਹਾਸ ਦਾ
ਵਿਸ਼ਵ ਕੋਸ਼ ਹੈ ਉਹ
ਤਿੱਥਾਂ, ਨਾਵਾਂ ਤੇ ਘਟਨਾਵਾਂ ਨੂੰ ਸਿਮਰਦਾ
ਆਦਮ ਦੇ ਜਨਮ ਤੱਕ ਪਹੁੰਚ ਜਾਂਦਾ…!
ਉਹਦਾ
ਅੱਖਰ ਅੱਖਰ ਬਰ ਮੇਚਵਾਂ
ਤੇ ਸ਼ਬਦ ਸ਼ਬਦ ਸੁਹੰਢਣਾ
ਉਹ ਗੀਤ ਦੇ ਗਲ਼ ਦਾ ਕੈਂਠੜਾ
ਜਾਂ ਗ਼ਜ਼ਲ ਦੇ ਗਲ ਦਾ ਹਾਰ…
ਉਹ ਨਜ਼ਮ ਦੀ ਹਿੱਕ ਤਵੀਤੜਾ
ਕਿ ਨਸਰ ਦਾ ਸ਼ਾਹਸਵਾਰ…
ਬਲਵਿੰਦਰ ਬੈਠਾ ਕਰੇ ਵਿਚਾਰ …..!!

ਗੁਰਭਜਨ ਗਿੱਲ
Share this content:



Post Comment