ਭਾਰਤ ਸਰਕਾਰ ਦੀ ਖਾਮੋਸ਼ੀ
ਇਹ ਸਤਰਾਂ ਲਿਖੇ ਜਾਣ ਤੱਕ ਭਾਰਤ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਨਹੀਂ ਕੀਤੀ ਸੀ। ਉਸ ਨੇ ਇੱਕ ਦੇਸ਼ ਦੇ ਮੁਖੀ (ਆਇਤੁੱਲ੍ਹਾ ਖਾਮਨੇਈ ਦੀ ਦੂਜੇ ਦੇਸ਼ਾਂ ਦੀਆਂ ਫੌਜਾਂ ਵੱਲੋਂ ਕੀਤੀ ਗਈ ਹੱਤਿਆ ਦੀ ਵੀ ਨਿੰਦਾ ਨਹੀਂ ਕੀਤੀ। ਅਲਬੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੇ ਪ੍ਰਧਾਨ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਫੋਨ ’ਤੇ ਗੱਲ ਕਰਦਿਆਂ ਉਨ੍ਹਾ ਦੇ ਦੇਸ਼ ’ਤੇ ਈਰਾਨ ਦੇ ਹਮਲੇ ਦੀ ਸਖਤ ਨਿੰਦਾ ਜ਼ਰੂਰ ਕੀਤੀ ਹੈ। ਮੋਦੀ ਨੇ ਪ੍ਰਧਾਨ ਨੂੰ ਆਪਣਾ ਭਰਾ ਵੀ ਦੱਸਿਆ। ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੀ ਗੱਲਬਾਤ ਕੀਤੀ ਹੈ। ਈਰਾਨ ’ਤੇ ਹਮਲੇ ਦੇ ਚੰਦ ਰੋਜ਼ ਪਹਿਲਾਂ ਮੋਦੀ ਇਜ਼ਰਾਈਲ ਦੀ ਰਾਜਧਾਨੀ ਵਿੱਚ ਯੁੱਧ ਅਪਰਾਧੀ ਨੇਤਨਯਾਹੂ ਨਾਲ ਜੱਫੀਆਂ ਪਾਉਦੇ ਨਜ਼ਰ ਆਏ ਸਨ।
ਕੀ ਨੇਤਨਯਾਹੂ ਨੇ ਉਨ੍ਹਾ ਦੇ ਕੰਨ ਵਿੱਚ ਪਾ ਦਿੱਤਾ ਸੀ ਕਿ ਉਹ ਈਰਾਨ ’ਤੇ ਹਮਲਾ ਕਰਨ ਜਾ ਰਹੇ ਹਨ? ਕੀ ਇਸ ਹਮਲੇ ਵਿੱਚ ਭਾਰਤ ਦੀ ਖਾਮੋਸ਼ ਸਹਿਮਤੀ ਹੈ? ਜੋ ਵੀ ਹੋਵੇ, ਇਹ ਸਾਫ ਹੈ ਕਿ ਬਿ੍ਰਕਸ ਸਮੂਹ ਦੇ ਦੇਸ਼ਾਂ ਵਿੱਚ ਭਾਰਤ ਇਕੱਲਾ ਦੇਸ਼ ਹੈ, ਜਿਸ ਨੇ ਈਰਾਨ ’ਤੇ ਹਮਲੇ ਦੀ ਤੁਰੰਤ ਨਿੰਦਾ ਨਹੀਂ ਕੀਤੀ। ਭਾਜਪਾ ਦੀ ਸਰਕਾਰ ਨੇ ਇਸ ਤਰ੍ਹਾਂ ਪੂਰੀ ਦੁਨੀਆ ਵਿੱਚ ਭਾਰਤ ਦਾ ਸਿਰ ਨੀਵਾਂ ਕਰ ਦਿੱਤਾ ਹੈ। ਪਰ ਕੀ ਭਾਜਪਾ ਨੂੰ ਇਸ ਦੀ ਪ੍ਰਵਾਹ ਹੈ? ਉਸ ਦਾ ਸੁਫਨਾ ਤਾਂ ਇਹੀ ਹੈ ਕਿ ਭਾਰਤ ਵੀ ਦੱਖਣੀ ਏਸ਼ੀਆ ਦਾ ਇਜ਼ਰਾਈਲ ਬਣ ਸਕੇ! ਆਪੋਜ਼ੀਸ਼ਨ ਪਾਰਟੀਆਂ ਦੇ ਆਗੂਆਂ ਨੇ ਲੰਬੇ ਸਮੇਂ ਤੋਂ ਭਾਰਤ ਦੇ ਮਿੱਤਰ ਚਲੇ ਆ ਰਹੇ ਈਰਾਨ ’ਤੇ ਮੜ੍ਹੀ ਗਈ ਜੰਗ ਨੂੰ ਲੈ ਕੇ ਮੋਦੀ ਸਰਕਾਰ ਦੇ ਰਵੱਈਏ ਨੂੰ ਭਾਰਤ ਦੀਆਂ ਕਦਰਾਂ-ਕੀਮਤਾਂ, ਅਸੂਲਾਂ ਤੇ ਹਿੱਤਾਂ ਨਾਲ ਵਿਸਾਹਘਾਤ ਕਰਾਰ ਦਿੱਤਾ ਹੈ। ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਕਿਹਾ ਹੈ ਕਿ ਅਮਰੀਕੀ-ਇਜ਼ਰਾਈਲੀ ਗੱਠਜੋੜ ਬੁਰਾਈ ਦੀ ਸਭ ਤੋਂ ਨੰਗੇ ਰੂਪ ਵਿੱਚ ਨੁਮਾਇੰਦਗੀ ਕਰਦਾ ਹੈ।
ਕਿਸੇ ਮੌਜੂਦਾ ਰਾਸ਼ਟਰ-ਮੁਖੀ ਦੀ ਹੱਤਿਆ ਅਖੌਤੀ ਨਿਯਮ ਆਧਾਰਤ ਵਿਵਸਥਾ ਦੀ ਆਖਰੀ ਆੜ ਨੂੰ ਵੀ ਖਤਮ ਕਰ ਦਿੰਦੀ ਹੈ। ਇਹ ਸਪੱਸ਼ਟ ਹੈ ਕਿ ਪ੍ਰਭੂਸੱਤਾ ਸਿਰਫ ਉਨ੍ਹਾਂ ’ਤੇ ਲਾਗੂ ਹੁੰਦੀ ਹੈ, ਜਿਹੜੇ ਅਮਰੀਕਾ ਨਾਲ ਖੜ੍ਹੇ ਹਨ। ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਚਿੰਤਾਜਨਕ ਹੈ। ਈਰਾਨ ਵਕਤ ਦਾ ਪਰਖਿਆ ਮਿੱਤਰ ਰਿਹਾ ਹੈ, ਜਿਸ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦੀ ਹਮਾਇਤ ਕੀਤੀ। ਸੀ ਪੀ ਆਈ (ਐੱਮ) ਨੇ ਈਰਾਨ ’ਤੇ ਕੀਤੇ ਗਏ ਹਮਲੇ ਨੂੰ ਕੌਮਾਂਤਰੀ ਸੰਧੀਆਂ ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਮੁਤਾਬਕ ਲੋਕਤੰਤਰੀ ਦੇਸ਼ਾਂ ਦੇ ਅਖੌਤੀ ਆਗੂਆਂ ਵੱਲੋਂ ਪ੍ਰਭੂਸੱਤਾ ਵਾਲੇ ਦੇਸ਼ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਕੇ ਮਾਰਨਾ ਤੇ ਬੇਗੁਨਾਹ ਲੋਕਾਂ ਦਾ ਕਤਲ ਕਰਨਾ ਨਿੰਦਣਯੋਗ ਹੈ। ਕਾਂਗਰਸ ਦੇ ਇੱਕ ਹੋਰ ਆਗੂ ਪਵਨ ਖੇੜਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀ ਚੁੱਪ ਭਾਰਤ ਦੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ ਅਤੇ ਇਹ ਉਨ੍ਹਾਂ ਸਾਰੇ ਸਿਧਾਂਤਾਂ ਨਾਲ ਧੋਖਾ ਹੈ, ਜਿਨ੍ਹਾਂ ਨਾਲ ਭਾਰਤ ਹਮੇਸ਼ਾ ਖੜ੍ਹਾ ਰਿਹਾ ਹੈ।
ਕਾਂਗਰਸ ਦੇ ਇੱਕ ਹੋਰ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਦੇ ਇਜ਼ਰਾਈਲ ਦੌਰੇ ਦੇ ਤੁਰੰਤ ਬਾਅਦ ਈਰਾਨ ’ਤੇ ਹਮਲੇ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਕਮਜ਼ੋਰੀ ਨੂੰ ਜੱਗ-ਜ਼ਾਹਰ ਕਰ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਸਰਕਾਰ ਇਸ ਮੁੱਦੇ ’ਤੇ ਆਪਣਾ ਰੁਖ਼ ਸਪੱਸ਼ਟ ਕਰੇ। ਆਪ ਦੇ ਆਗੂ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡਰਪੋਕ ਤੇ ਅਮਰੀਕਾ ਦੀ ਕਠਪੁਤਲੀ ਕਰਾਰ ਦਿੱਤਾ ਹੈ। ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਤੇ ਹਮਲਾ ਕਰਕੇ ਦੁਨੀਆ ਨੂੰ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ। ਵਿਸ਼ਵੀ ਸੰਕਟ ਨੂੰ ਹੱਲ ਕਰਨ ਵਿੱਚ ਭਾਰਤ ਹਮੇਸ਼ਾ ਆਪਣੀ ਬਣਦੀ ਭੂਮਿਕਾ ਨਿਭਾਉਦਾ ਰਿਹਾ ਹੈ। ਈਰਾਨ ਭਾਰਤ ਦਾ ਸਦੀਆਂ ਪੁਰਾਣਾ ਮਿੱਤਰ ਰਿਹਾ ਹੈ।
Share this content:



Post Comment