Loading Now

ਭਾਰਤ ਵਿੱਚ ਬਣੀ ਐੱਚ ਆਈ ਵੀ ਦਵਾਈ ‘ਲੇਨਾਕਾਪਾਵੀਰ’ ਨੂੰ ਮਿਲੀ ਮਨਜ਼ੂਰੀ

ਭਾਰਤ ਵਿੱਚ ਬਣੀ ਐੱਚ ਆਈ ਵੀ ਦਵਾਈ ‘ਲੇਨਾਕਾਪਾਵੀਰ’ ਨੂੰ ਮਿਲੀ ਮਨਜ਼ੂਰੀ

ਲੂਇਸਵਿਲੇ , 3 ਨਵੰਬਰ – ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ (US-FDA) ਵੱਲੋਂ ਐੱਚ ਆਈ ਵੀ ਤੋਂ ਬਚਾਅ ਲਈ ਭਾਰਤ ਵਿੱਚ ਬਣੇ ਇੰਜੈਕਸ਼ਨ ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਇੱਕ ਵੱਡੀ ਉਮੀਦ ਜਾਗੀ ਹੈ। ਇਸ ਮਨਜ਼ੂਰੀ ਨਾਲ 120 ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਇਸ ਜਾਨਲੇਵਾ ਬਿਮਾਰੀ ਦੀ ਦਵਾਈ ਜਲਦੀ ਅਤੇ ਘੱਟ ਕੀਮਤ ‘ਤੇ ਮਿਲਣ ਦੀ ਆਸ ਬੱਝੀ ਹੈ। ਭਾਰਤ ਵਿੱਚ ਤਿਆਰ ਕੀਤੇ ਗਏ ਇਸ ਇੰਜੈਕਸ਼ਨ (ਦਵਾਈ ਦੇ ਜੈਨੇਰਿਕ ਸੰਸਕਰਣ) ਨੂੰ ਸਾਲ ਵਿੱਚ ਸਿਰਫ਼ ਦੋ ਵਾਰ ਲੈਣ ਦੀ ਲੋੜ ਹੋਵੇਗੀ। ਇਸ ਨੂੰ ‘ਲੇਨਾਕਾਪਾਵੀਰ’ ਦਾ ਨਾਮ ਦਿੱਤਾ ਗਿਆ ਹੈ। ਯੂ ਐੱਸ-ਐੱਫ ਡੀ ਏ (US-FDA) ਤੋਂ ਮਨਜ਼ੂਰੀ ਮਿਲਣ ਦਾ ਐਲਾਨ ਸੋਮਵਾਰ ਸਵੇਰੇ ਦਵਾਈ ਬਣਾਉਣ ਵਾਲੀ ਕੰਪਨੀ ਅਤੇ ਇਸਦੇ ਵਿਕਾਸ ਕਾਰਜ ਵਿੱਚ ਮਦਦ ਕਰਨ ਵਾਲੀਆਂ ਸੰਸਥਾਵਾਂ ਨੇ ਕੀਤਾ। ਇਹ ਜੈਨੇਰਿਕ ਦਵਾਈ ਭਾਰਤ ਦੀ ‘ਡਾ. ਰੈੱਡੀਜ਼ ਲੈਬਾਰਟਰੀਜ਼’ (Dr. Reddy’s Laboratories) ਵੱਲੋਂ ਵਿਕਸਿਤ ਕੀਤੀ ਗਈ ਹੈ। ਇਸ ਨੂੰ ‘ਯੂਨਿਟਏਡ’, ‘ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ’ ਅਤੇ ਅਫਰੀਕਾ ਦੇ ਸਿਹਤ ਖੋਜ ਸੰਸਥਾਨ ‘ਵਿਟਸ ਆਰ ਐੱਚ ਆਈ’ (Wits RHI) ਵਿਚਾਲੇ ਹੋਏ ਸਮਝੌਤੇ ਤਹਿਤ ਤਿਆਰ ਕੀਤਾ ਗਿਆ ਹੈ। ਇਨ੍ਹਾਂ ਭਾਈਵਾਲਾਂ ਦਾ ਮੁੱਖ ਉਦੇਸ਼ ਦਵਾਈ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਅਤੇ ਇਸਨੂੰ ਕਿਫਾਇਤੀ ਦਰਾਂ ‘ਤੇ ਲੋਕਾਂ ਤੱਕ ਪਹੁੰਚਾਉਣਾ ਹੈ।

ਜਿਨ੍ਹਾਂ ਦੇਸ਼ਾਂ ਵਿੱਚ ਇਹ ਇੰਜੈਕਸ਼ਨ ਉਪਲਬਧ ਹੋਵੇਗਾ, ਉੱਥੇ ਪ੍ਰਤੀ ਵਿਅਕਤੀ ਇਸਦਾ ਸਾਲਾਨਾ ਖਰਚਾ ਲਗਪਗ 40 ਅਮਰੀਕੀ ਡਾਲਰ ਹੋਣ ਦੀ ਉਮੀਦ ਹੈ। ਇਹ ਕੀਮਤ ਓਨੀ ਹੀ ਹੈ ਜਿੰਨੀ ਰੋਜ਼ਾਨਾ ਖਾਣ ਵਾਲੀਆਂ ਗੋਲੀਆਂ ‘ਤੇ ਆਉਂਦੀ ਹੈ। ਪਰ, ਗੋਲੀਆਂ ਦੇ ਮੁਕਾਬਲੇ ਇਹ ਇੰਜੈਕਸ਼ਨ ਕਿਤੇ ਜ਼ਿਆਦਾ ਸੁਵਿਧਾਜਨਕ ਹੈ ਕਿਉਂਕਿ ਇਸਨੂੰ ਵਾਰ-ਵਾਰ ਲੈਣ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ, ਵੱਧ ਖਤਰੇ ਵਾਲੇ ਲੋਕਾਂ ‘ਤੇ ਕੀਤੇ ਗਏ ਦੋ ਅਹਿਮ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਇੰਜੈਕਸ਼ਨਾਂ ਨੇ ਨਵੇਂ ਸੰਕ੍ਰਮਣ (Infections) ਨੂੰ ਲਗਪਗ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਗ੍ਰਾਂਟ ਦੇਣ ਵਾਲੀ ਸੰਸਥਾ ‘ਯੂਨਿਟਏਡ’ ਵਿੱਚ ਐੱਚ ਆਈ ਵੀ ਮਾਮਲਿਆਂ ਦੀ ਮੁਖੀ ਕਾਰਮੇਨ ਪੇਰੇਜ਼ ਕਾਸਾਸ ਨੇ ਕਿਹਾ, “ਲੋਕ ਹਮੇਸ਼ਾ ਆਪਣੀ ਰੋਜ਼ਾਨਾ ਦੀ ਦਵਾਈ ਨਹੀਂ ਲੈਂਦੇ ਅਤੇ ਜੇਕਰ ਤੁਸੀਂ ਦਵਾਈ ਨਹੀਂ ਲੈਂਦੇ, ਤਾਂ ਤੁਸੀਂ ਐੱਚ ਆਈ ਵੀ ਤੋਂ ਸੁਰੱਖਿਅਤ ਨਹੀਂ ਰਹਿ ਸਕਦੇ। ਇਸ ਲਈ, ਲੇਨਾਕਾਪਾਵੀਰ ਤੋਂ ਸਾਨੂੰ ਬਹੁਤ ਉਮੀਦਾਂ ਹਨ।”

Share this content:

Post Comment