ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹਾਕੀ ਦਾ ਮੈਚ ਡਰਾਅ; ਭਾਰਤ ਨੇ ਸੀਰੀਜ਼ 1-0 ਨਾਲ ਜਿੱਤੀ
ਆਕਲੈਂਡ, 23 ਨਵੰਬਰ – ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਜਿੱਤ ਲਈ ਹੈ। ਭਾਰਤ ਨੇ ਤਿੰਨ ਮੈਚਾਂ ਦੀ ਹਾਕੀ ਲੜੀ 1-0 ਨਾਲ ਆਪਣੇ ਨਾਂ ਕਰ ਲਈ। ਐਤਵਾਰ ਨੂੰ ਖੇਡੇ ਗਏ ਤੀਜੇ ਅਤੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ 2-2 ਦੀ ਬਰਾਬਰੀ ’ਤੇ ਰੋਕਿਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਮੈਚ 3-2 ਨਾਲ ਜਿੱਤਿਆ ਸੀ ਜਦਕਿ ਦੂਜਾ ਮੁਕਾਬਲਾ ਵੀ 2-2 ਨਾਲ ਬਰਾਬਰ ਰਿਹਾ ਸੀ। ਭਾਰਤ ਨੂੰ ਲੜੀ ਜਿੱਤਣ ਲਈ ਆਖ਼ਰੀ ਮੈਚ ਵਿੱਚ ਹਾਰ ਤੋਂ ਬਚਣ ਦੀ ਲੋੜ ਸੀ। ਇਹ ਲੜੀ ਦੋਵਾਂ ਦੇਸ਼ਾਂ ਵਿਚਾਲੇ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿੱਚ ਕਰਵਾਈ ਗਈ।
ਦੋ ਮਿੰਟਾਂ ਵਿੱਚ ਭਾਰਤ ਨੇ ਕੀਤੇ ਦੋ ਗੋਲ
ਆਖ਼ਰੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਡਾਇਲਨ ਥਾਮਸ ਦੇ ਨੌਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਲੀਡ ਹਾਸਲ ਕਰ ਲਈ। ਭਾਰਤ ਨੇ ਵਾਪਸੀ ਕਰਦਿਆਂ ਦੋ ਮਿੰਟਾਂ ਵਿੱਚ ਦੋ ਗੋਲ ਕਰ ਦਿੱਤੇ। ਭਾਰਤੀ ਕਪਤਾਨ ਸੰਜੈ ਨੇ 16ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਦੋ ਮਿੰਟ ਬਾਅਦ ਕਾਰਤੀ ਸੇਲਵਮ ਨੇ ਮੈਦਾਨੀ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਮੈਚ ਦੇ ਆਖ਼ਰੀ ਪੜਾਅ ਵਿੱਚ ਮੇਜ਼ਬਾਨ ਟੀਮ ਨੇ ਵਾਪਸੀ ਕੀਤੀ। ਬੈਂਜੀ ਕੁਲਹੇਨ ਨੇ 55ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਜੇਤੂ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਟੀਮ ਸਫ਼ਲ ਨਾ ਹੋ ਸਕੀ।
ਸੰਜੈ ਭਾਰਤ ਦੇ ਸਭ ਤੋਂ ਸਫ਼ਲ ਖਿਡਾਰੀ
ਭਾਰਤੀ ਕਪਤਾਨ ਸੰਜੈ ਨੇ ਇਸ ਲੜੀ ਦੇ ਤਿੰਨਾਂ ਮੈਚਾਂ ਵਿੱਚ ਗੋਲ ਕੀਤੇ ਅਤੇ ਕੁੱਲ ਤਿੰਨ ਗੋਲਾਂ ਨਾਲ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਰਹੇ। 19 ਨਵੰਬਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ 3-2 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਵੱਲੋਂ ਉੱਤਮ ਸਿੰਘ ਨੇ 25ਵੇਂ, ਸ਼ਰਦਾਨੰਦ ਤਿਵਾੜੀ ਨੇ 38ਵੇਂ ਅਤੇ ਸੰਜੈ ਨੇ 43ਵੇਂ ਮਿੰਟ ਵਿੱਚ ਗੋਲ ਕੀਤੇ ਸਨ। ਨਿਊਜ਼ੀਲੈਂਡ ਵੱਲੋਂ ਜੋਂਟੀ ਐਲਮਸ ਅਤੇ ਸੈਮ ਹਿਹਾ ਨੇ ਗੋਲ ਕੀਤੇ ਸਨ। 21 ਨਵੰਬਰ ਨੂੰ ਹੋਇਆ ਦੂਜਾ ਮੈਚ 2-2 ਨਾਲ ਬਰਾਬਰ ਰਿਹਾ ਸੀ। ਭਾਰਤ ਵੱਲੋਂ ਅੰਗਦ ਬੀਰ ਸਿੰਘ ਨੇ 35ਵੇਂ ਅਤੇ ਸੰਜੈ ਨੇ 57ਵੇਂ ਮਿੰਟ ਵਿੱਚ ਗੋਲ ਕੀਤਾ ਸੀ, ਜਦਕਿ ਮੇਜ਼ਬਾਨ ਟੀਮ ਵੱਲੋਂ ਡਾਇਲਨ ਥਾਮਸ ਅਤੇ ਸੈਮ ਹਿਹਾ ਨੇ ਗੋਲ ਕੀਤੇ ਸਨ।
Share this content:



Post Comment