Loading Now

ਭਗਵੰਤ ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ

ਭਗਵੰਤ ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ

ਚੰਡੀਗੜ੍ਹ, 9 ਅਕਤੂਬਰ – ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਸੰਭਾਵਨਾ ਹੈ। ਅੰਮ੍ਰਿਤਪਾਲ ਸਿੰਘ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਗੇ। ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੁਹਾਲੀ ’ਚ ਹੋਈ ਇੱਕ ਉੱਚ ਪੱਧਰੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਇਸ ਮੀਟਿੰਗ ’ਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੋਂ ਇਲਾਵਾ ਸੀਨੀਅਰ ਆਗੂ ਵੀ ਸ਼ਾਮਲ ਸਨ।

ਅਹਿਮ ਸੂਤਰਾਂ ਅਨੁਸਾਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹਲਕਾ ਲੰਬੀ ਜਾਂ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਹਨ। ਪਾਰਟੀ ਵੱਲੋਂ ਪਿਛਲੇ ਦਿਨਾਂ ’ਚ ਹਲਕਾ ਲੰਬੀ ’ਚ ਸਰਵੇਖਣ ਵੀ ਕਰਾਇਆ ਗਿਆ ਹੈ। ਇਹ ਤੈਅ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਹਲਕੇ (ਲੰਬੀ ਜਾਂ ਗਿੱਦੜਬਾਹਾ) ਤੋਂ ਚੋਣ ਲੜਨਗੇ, ਉਸ ਹਲਕੇ ਤੋਂ ਹੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਉਮੀਦਵਾਰ ਬਣਨਗੇ। ਇਸੇ ਤਰ੍ਹਾਂ ਜਿਸ ਸੀਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਚੋਣ ਮੈਦਾਨ ’ਚ ਉੱਤਰਦੇ ਹਨ, ਉਸ ਹਲਕੇ ਤੋਂ ਵੀ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ’ਚ ਉੱਤਰਨਗੇ। ਪਾਰਟੀ ਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕਾ ਰਾਮਪੁਰਾ ਫੂਲ ਤੋਂ ਚੋਣ ਮੈਦਾਨ ’ਚ ਲਿਆਉਣ ਦਾ ਫੈਸਲਾ ਕੀਤਾ ਸੀ ਕਿਉਂਕਿ ਪਿਛਲੀ ਲੋਕ ਸਭਾ ਚੋਣ ’ਚ ਫ਼ਰੀਦਕੋਟ ਸੰਸਦੀ ਹਲਕੇ ’ਚ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ ਵੋਟ ਅਸੈਂਬਲੀ ਹਲਕਾ ਰਾਮਪੁਰਾ ਫੂਲ ਤੋਂ ਪਈ ਸੀ।

Share this content:

Post Comment