ਬੱਸ ਅੱਡਾ ਬਚਾਓ ਮੋਰਚਾ ਵੱਲੋਂ 6 ਜਨਵਰੀ ਨੂੰ ਰੋਸ ਪ੍ਰਦਰਸ਼ਨ
*ਨਗਰ ਨਿਗਮ ਚੋਣਾਂ ਚ ਕਰਾਂਗੇ ਆਮ ਆਦਮੀ ਪਾਰਟੀ ਦਾ ਵਿਰੋਧ
*ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਨੀਤੀਆਂ ਦੇ ਖ਼ਿਲਾਫ਼ ਲੋਕ ਸੜਕਾਂ ‘ਤੇ ਉਤਰਣਗੇ
ਬਠਿੰਡਾ, 26 ਦਸੰਬਰ – ਮੌਜੂਦਾ ਥਾਂ ਤੇ ਬੱਸ ਅੱਡਾ ਕਾਇਮ ਰੱਖਣ ਦੀ ਮੰਗ ਨੂੰ ਲੈ ਕੇ ਪਿਛਲੇ ਅੱਠ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਬੱਸ ਸਟੈਂਡ ਸੰਘਰਸ਼ ਕਮੇਟੀ ਨੇ 6 ਜਨਵਰੀ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੰਬੇਡਕਰ ਪਾਰਕ ਵਿੱਚ ਹੋਈ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਸਹਿਮਤੀ ਨਾਲ ਲਿਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਚੁੱਕੀ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲੋਕਾਂ ‘ਤੇ ਤਾਨਾਸ਼ਾਹੀ ਫ਼ੈਸਲੇ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਮੁੜ ਬੱਸ ਅੱਡਾ ਬਦਲਣ ਦੀ ਗੱਲ ਕਰਦਿਆਂ ਮਲੋਟ ਰੋਡ ‘ਤੇ ਦਸ ਏਕੜ ਜ਼ਮੀਨ ਵਿੱਚ ਨਵਾਂ ਬੱਸ ਅੱਡਾ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ, ਜੋ ਪੂਰੀ ਤਰ੍ਹਾਂ ਜਨ ਵਿਰੋਧੀ ਫ਼ੈਸਲਾ ਹੈ। ਉਨ੍ਹਾਂ ਦੱਸਿਆ ਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਅਤੇ ਸਥਾਨਕ ਆਗੂ ਖੁਦ ਮੌਜੂਦਾ ਥਾਂ ‘ਤੇ ਬੱਸ ਅੱਡਾ ਰੱਖਣ ਦੇ ਹੱਕ ਵਿੱਚ ਹਨ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਸਥਾਨਕ ਵਿਧਾਇਕ ਕੁਝ ਕਾਲੋਨਾਈਜ਼ਰਾਂ ਨੂੰ ਫ਼ਾਇਦਾ ਪਹੁੰਚਾਉਣ ਦੀ ਨੀਅਤ ਨਾਲ ਬੱਸ ਅੱਡਾ ਬਦਲਣ ਦੀ ਜ਼ਿੱਦ ‘ਤੇ ਅਡਿੱਗ ਹਨ। ਜਦਕਿ ਮੌਜੂਦਾ ਬੱਸ ਸਟੈਂਡ ਸ਼ਹਿਰਵਾਸੀਆਂ, ਵਪਾਰੀਆਂ, ਯਾਤਰੀਆਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਲਈ ਸਾਲਾਂ ਤੋਂ ਸਹੂਲਤ ਦਾ ਕੇਂਦਰ ਰਿਹਾ ਹੈ।
ਸੰਘਰਸ਼ ਕਮੇਟੀ ਦੇ ਮੈਂਬਰ ਹਰਵਿੰਦਰ ਹੈੱਪੀ ਨੇ ਕਿਹਾ ਕਿ ਸਰਕਾਰ ਦੀ ਇਸੇ ਤਾਨਾਸ਼ਾਹੀ ਅਤੇ ਜਨ ਵਿਰੋਧੀ ਨੀਤੀਆਂ ਕਾਰਨ ਹੀ ਆਮ ਆਦਮੀ ਪਾਰਟੀ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਬੱਸ ਅੱਡਾ ਬਦਲਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਰਕਾਰ ਦੀ ਸ਼ਹਿਰ ਉਜਾੜਨ ਵਾਲੀ ਨੀਤੀ ਬਾਰੇ ਜਾਗਰੂਕ ਕੀਤਾ ਜਾਵੇਗਾ। ਵਪਾਰੀ ਆਗੂਆਂ ਰਾਮ ਜਿੰਦਲ ਅਤੇ ਡੇਜ਼ੀ ਮੋਹਨ ਨੇ ਕਿਹਾ ਕਿ ਸਰਕਾਰ ਵਪਾਰੀਆਂ ਨੂੰ ਰੌਂਦਣ ਵਾਲੀਆਂ ਨੀਤੀਆਂ ਅਧੀਨ ਫ਼ੈਸਲੇ ਲੈ ਰਹੀ ਹੈ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਬੱਸ ਅੱਡਾ ਬਦਲਣ ਨਾਲ ਸੈਂਕੜੇ ਦੁਕਾਨਦਾਰਾਂ, ਛੋਟੇ ਵਪਾਰੀਆਂ ਅਤੇ ਰਿਹੜੀ-ਫੜੀ ਵਾਲਿਆਂ ਦੀ ਰੋਜ਼ੀ-ਰੋਟੀ ਖੋਹ ਲਈ ਜਾਵੇਗੀ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਹੁਣ ਸਰਕਾਰ ਦਾ ਜ਼ੁਲਮ ਅਤੇ ਅਨਿਆਂ ਸਹਿਣਯੋਗ ਨਹੀਂ ਰਹੇਗਾ।
ਸੰਘਰਸ਼ ਕਮੇਟੀ ਦੇ ਮੀਡੀਆ ਪ੍ਰਭਾਰੀ ਸੰਦੀਪ ਅਗਰਵਾਲ ਅਤੇ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਪਾਇਲ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਹਰ ਵਰਗ ਸਰਕਾਰ ਦੇ ਖ਼ਿਲਾਫ਼ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਨੌਕਰੀਆਂ ਦੇਣ ਵਿੱਚ ਨਾਕਾਮ ਰਹੀ ਹੈ, ਉੱਥੇ ਹੁਣ ਪਹਿਲਾਂ ਤੋਂ ਚੱਲ ਰਹੇ ਰੋਜ਼ਗਾਰ ਨੂੰ ਵੀ ਉਜਾੜਨ ‘ਤੇ ਤੁਲੀ ਹੋਈ ਹੈ। ਇਸੇ ਕਾਰਨ ਵਪਾਰੀ, ਕਿਸਾਨ, ਮਜ਼ਦੂਰ, ਪੈਨਸ਼ਨਰ, ਬੱਸ ਓਪਰੇਟਰ ਅਤੇ ਆਮ ਨਾਗਰਿਕ ਸਰਕਾਰ ਦੇ ਵਿਰੋਧ ਵਿੱਚ ਇਕਜੁੱਟ ਹੋ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ 6 ਜਨਵਰੀ ਨੂੰ ਹੋਣ ਵਾਲੇ ਰੋਸ ਮਾਰਚ ਵਿੱਚ ਵੱਖ-ਵੱਖ ਵਪਾਰਿਕ ਸੰਗਠਨਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਬੱਸ ਓਪਰੇਟਰ ਐਸੋਸੀਏਸ਼ਨ ਅਤੇ ਸਮਾਜਿਕ ਸੰਗਠਨਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਸ਼ਾਮਲ ਹੋਣਗੇ। ਇਹ ਮਾਰਚ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੋਕਾਂ ਦਾ ਨਿਰਣਾਇਕ ਸੁਨੇਹਾ ਹੋਵੇਗਾ।
ਸੰਘਰਸ਼ ਕਮੇਟੀ ਨੇ ਦੋ ਟੋਕ ਸ਼ਬਦਾਂ ਵਿੱਚ ਕਿਹਾ ਕਿ ਜਦ ਤੱਕ ਬੱਸ ਅੱਡਾ ਮੌਜੂਦਾ ਥਾਂ ‘ਤੇ ਕਾਇਮ ਰੱਖਣ ਸਬੰਧੀ ਲਿਖਤੀ ਭਰੋਸਾ ਨਹੀਂ ਮਿਲਦਾ, ਤਦ ਤੱਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅੰਦੋਲਨ ਨੂੰ ਹੋਰ ਵਿਆਪਕ ਰੂਪ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਬੱਸ ਸਟੈਂਡ ਮਾਰਕੀਟ ਐਸੋਸੀਏਸ਼ਨ, ਕਿਸਾਨ ਯੂਨੀਅਨ, ਪੁਲਿਸ ਪੈਨਸ਼ਨਰ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਬਿਜਲੀ ਪੈਨਸ਼ਨਰ ਅਤੇ ਹੋਰ ਸੰਗਠਨ ਮੌਜੂਦ ਸਨ।
Share this content:



Post Comment