Loading Now

ਬੰਗਾਲ ’ਚ ਬਦਲਾਅ ਨਾਲ ਪੁਨਰ

ਬੰਗਾਲ ’ਚ ਬਦਲਾਅ ਨਾਲ ਪੁਨਰ

‘ਹੇ ਨੂਤਨ, ਦੇਖਾ ਦਿਕ ਆਰ-ਬਾਰ, ਜਨਮੇਰੋ ਪ੍ਰਥਮ ਸ਼ੁਭੋਖੋਨ।’ ਇਸ ਦਾ ਅਰਥ ਹੈ-ਹੇ ਨਵੀਨ, ਇਕ ਵਾਰ ਫਿਰ ਸਾਹਮਣੇ ਆਓ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜਨਮ ਦੇ ਸਮੇਂ ਉਹ ਪਹਿਲਾ ਸ਼ੁਭ ਪਲ ਆਇਆ ਸੀ। ਗੁਰੂਦੇਵ ਰਵਿੰਦਰਨਾਥ ਟੈਗੋਰ ਦੀਆਂ ਇਹ ਪੰਕਤੀਆਂ ਸਿਰਫ਼ ਇਕ ਕਵਿਤਾ ਦਾ ਹਿੱਸਾ ਨਹੀਂ ਹਨ, ਸਗੋਂ ਸਮੇਂ-ਸਮੇਂ ’ਤੇ ਆਪਣੇ-ਆਪ ਫੁਰਤੀ ਅਤੇ ਨਵਾਂਪਣ ਹੋਣ ਵਾਲੇ ਬੰਗਾਲ ਦੀ ਆਤਮਾ ਦਾ ਸੱਦਾ ਵੀ ਹਨ। ਗੁਰੂਦੇਵ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਕਿ ਬੰਗਾਲ ਸਮੇਂ ਦੇ ਨਾਲ ਸਿਰਫ਼ ਬਦਲਦਾ ਨਹੀਂ, ਸਗੋਂ ਉਹ ਵਾਰ-ਵਾਰ ਬਿਹਤਰ ਅਤੇ ਨਵੇਂ ਰੂਪ ਵਿਚ ਪ੍ਰਗਟ ਹੁੰਦਾ ਹੈ। ਗੁਰੂਦੇਵ ਦੀ ਜਯੰਤੀ ’ਤੇ ਗਾਈ ਜਾਣ ਵਾਲੀ ਇਹ ਕਵਿਤਾ ਨਵ-ਜਾਗਰਣ ਅਤੇ ਨਵਚੇਤਨਾ ਦੀ ਪ੍ਰਤੀਕ ਹੈ। ਇਹ ਇਕ ਸੁਖਦ ਸੰਜੋਗ ਹੈ ਕਿ ਟੈਗੋਰ ਦੀ 165ਵੀਂ ਜਯੰਤੀ ਤੋਂ ਕੁਝ ਦਿਨ ਪਹਿਲਾਂ ਹੀ ਬੰਗਾਲ ਕਈ ਦਹਾਕਿਆਂ ਬਾਅਦ ਨਵ-ਜਾਗਰਣ ਦਾ ਗਵਾਹ ਬਣਿਆ। ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਲਈ ਇਹ ਚੋਣ ਕਦੇ ਵੀ ਸਿਰਫ਼ ਇਕ ਰਾਜਨੀਤਕ ਮੁਕਾਬਲਾ ਨਹੀਂ ਸੀ। ਇਹ ਚੋਣ ਇਸ ਮਹਾਨ ਧਰਤੀ ਦੇ ਗੁਆਚੇ ਹੋਏ ਗੌਰਵ ਨੂੰ ਦੁਬਾਰਾ ਸਥਾਪਤ ਕਰਨ ਦਾ ਇਕ ਮੌਕਾ ਸੀ-ਇਕ ਅਜਿਹਾ ਸੱਭਿਆਚਾਰਕ ਸੱਦਾ ਜੋ ਚੁਣਾਵੀ ਸਮੀਕਰਨਾਂ ਅਤੇ ਗਣਨਾਵਾਂ ਤੋਂ ਬਹੁਤ ਉੱਪਰ ਹੈ।

ਅੱਜ ਜਦੋਂ ਬੰਗਾਲ ਦੀ ਚੇਤਨਾ ਅਤੇ ਗੌਰਵ ਦਾ ਉਦੈ ਹੋ ਰਿਹਾ ਹੈ ਤਾਂ ਇਹ ਸਮਝਣ ਦੀ ਲੋੜ ਹੈ ਕਿ ਬੰਗਾਲ ਕੀ ਹੈ ਅਤੇ ਉਸ ਦੀ ਚੇਤਨਾ ਦਾ ਪੁਨਰ-ਜਾਗਰਣ ਕਿਸ ਨੂੰ ਕਿਹਾ ਜਾ ਸਕਦਾ ਹੈ? ਬੰਗਾਲ ਸਮਾਜਿਕ ਚੇਤਨਾ ਦਾ ਕੇਂਦਰ ਹੋਣ ਤੋਂ ਪਹਿਲਾਂ ਗਿਆਨ ਅਤੇ ਰੂਹਾਨੀਅਤ ਦੀ ਪਵਿੱਤਰ ਧਰਤੀ ਸੀ। ਪੰਦਰਵੀਂ ਸਦੀ ਵਿਚ ਨਬਦਵੀਪ ਦੇ ਗੰਗਾ ਤਟ ’ਤੇ ਇਕ ਨੌਜਵਾਨ ਸੰਨਿਆਸੀ ਨਿਮਾਈ ਨੇ ਆਪਣੇ ਕੀਰਤਨ ਜ਼ਰੀਏ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਉਸ ਨੌਜਵਾਨ ਸੰਨਿਆਸੀ ਨੂੰ ਅਸੀਂ ਸੰਤ ਚੈਤੰਨਿਆ ਮਹਾਪ੍ਰਭੂ ਦੇ ਨਾਂ ਨਾਲ ਜਾਣਦੇ ਹਾਂ। ਉਨ੍ਹਾਂ ਦੁਆਰਾ ਦਿਖਾਇਆ ਗਿਆ ਭਗਤੀ ਮਾਰਗ ਰੂਹਾਨੀ ਸ਼ਾਂਤੀ ਪ੍ਰਾਪਤ ਕਰਨ ਦੇ ਨਾਲ-ਨਾਲ ਸਮਾਜਿਕ ਸਮਰਸੱਤਾ ਦੀ ਮੁਹਿੰਮ ਵੀ ਸੀ। ਉਨ੍ਹਾਂ ਦੁਆਰਾ ਪ੍ਰਵਾਹਿਤ ਵੈਸ਼ਣਵ ਵਿਧਾਨ ਨੇ ਸਮਾਜ ਵਿਚ ਕਰੁਣਾ, ਸਮਾਵੇਸ਼ਤਾ, ਸਮਤਾ ਅਤੇ ਸਦਭਾਵਨਾ ਨੂੰ ਬਲ ਦਿੱਤਾ। ਇਹੀ ਚੇਤਨਾ ਬਾਉਲ ਪਰੰਪਰਾ ਵਿਚ ਵੀ ਦਿਖਾਈ ਦਿੱਤੀ। ਬਾਉਲ ਪਰੰਪਰਾ ਦੇ ਫਕੀਰਾਂ ਦੀ ਪਛਾਣ ਜਾਤੀ, ਧਰਮ ਜਾਂ ਕੋਈ ਗ੍ਰੰਥ ਨਹੀਂ, ਸਗੋਂ ਮਨੁੱਖਤਾ ਦੀ ਭਾਵਨਾ ਸੀ। ਬਾਉਲ ਪਰੰਪਰਾ ਦੇ ਸਭ ਤੋਂ ਮਹਾਨ ਪ੍ਰਚਾਰਕ ਲਾਲਨ ਫਕੀਰ ਸਨ। ਉਹ ਕਿਸ ਸੰਪ੍ਰਦਾਇ ਤੋਂ ਸਨ, ਇਹ ਕਦੇ ਵੀ ਮਹੱਤਵਪੂਰਨ ਨਹੀਂ ਰਿਹਾ। ਉਨ੍ਹਾਂ ਨੇ ਹਿੰਦੂ ਸਮਾਜ ਵਿਚ ਪ੍ਰਚਲਿਤ ਜਾਤੀ ਪ੍ਰਥਾ ਦਾ ਵੀ ਵਿਰੋਧ ਕੀਤਾ ਅਤੇ ਮੁਸਲਿਮ ਸਮਾਜ ਵਿਚ ਹੋ ਰਹੇ ਭੇਦਭਾਵ ਖ਼ਿਲਾਫ਼ ਵੀ ਆਵਾਜ਼ ਉਠਾਈ। ਉਹ ਬੰਗਾਲ ਦੀ ਉਸ ਸੰਸਕ੍ਰਿਤਕ ਚੇਤਨਾ ਦੇ ਪ੍ਰਤੀਕ ਸਨ ਜਿਸ ਵਿਚ ਸਹਿਣਸ਼ੀਲਤਾ ਅਤੇ ਸਹਿਹੋਂਦ ਦਾ ਭਾਵ ਸ਼ਾਮਲ ਸੀ।

ਪਿਛਲੀਆਂ ਤਿੰਨ ਸਦੀਆਂ ਵਿਚ ਬੰਗਾਲ ਅਤੇ ਇੱਥੇ ਦੇ ਲੋਕਾਂ ਨੇ ਸਿਰਫ਼ ਭਾਰਤ ਦੇ ਸਮਾਜਿਕ ਨਵ-ਜਾਗਰਣ ਅੰਦੋਲਨ ਵਿਚ ਹਿੱਸਾ ਹੀ ਨਹੀਂ ਲਿਆ, ਸਗੋਂ ਉਸ ਦੀ ਅਗਵਾਈ ਵੀ ਕੀਤੀ। ਰਾਜਾ ਰਾਮਮੋਹਨ ਰਾਏ ਨੇ ਲੋਕਾਂ ਨੂੰ ਆਤਮਬੋਧ ਕਰਵਾ ਕੇ ਸਮਾਜ ਨੂੰ ਅੰਦਰੋਂ ਸੁਧਾਰਨ ਦਾ ਮਾਰਗ ਚੁਣਿਆ। ਸਤੀ ਪ੍ਰਥਾ ਵਰਗੀਆਂ ਅਣ-ਮਨੁੱਖੀ ਕੁਰੀਤੀਆਂ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ਸਿਰਫ਼ ਸਮਾਜ ਸੁਧਾਰ ਨਾਲ ਜੁੜਿਆ ਅੰਦੋਲਨ ਨਹੀਂ ਸੀ, ਸਗੋਂ ਭਾਰਤੀ ਆਤਮਾ ਨੂੰ ਪੁਨਰ-ਜੀਵਤ ਕਰਨ ਦਾ ਇਕ ਤਪ ਸੀ। ਇਸੇ ਤਰ੍ਹਾਂ, ਈਸ਼ਵਰ ਚੰਦਰ ਵਿੱਦਿਆਸਾਗਰ ਨੇ ਸਿੱਖਿਆ ਨੂੰ ਨਾਰੀ ਸ਼ਕਤੀ ਦੇ ਉੱਥਾਨ, ਸਸ਼ਕਤੀਕਰਨ ਅਤੇ ਮੁਕਤੀ ਦਾ ਸਾਧਨ ਬਣਾਇਆ। ਬੰਕਿਮ ਚੰਦਰ ਚਟੋਪਾਧਿਆਏ ਨੇ ‘ਵੰਦੇ ਮਾਤਰਮ’ ਜਿਹਾ ਅਮਰ ਮੰਤਰ ਰਾਸ਼ਟਰ ਨੂੰ ਦਿੱਤਾ। ਇਸ ਗੀਤ ਨੇ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਲੜਨ ਵਿਚ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਬਲ ਦਿੱਤਾ ਅਤੇ ਸਦੀਆਂ ਤੋਂ ਸੁੱਤੇ ਹੋਏ ਦੇਸ਼ ਨੂੰ ਜਗਾ ਦਿੱਤਾ। ਇਹ ਗੀਤ ਅੱਜ ਵੀ ਭਾਰਤ ਦੇ ਲੋਕਾਂ ਦੀ ਅੰਤਰ-ਆਤਮਾ ਦਾ ਸੁਰ ਹੈ। ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਾਦੰਬਿਨੀ ਗਾਂਗੁਲੀ ਨੇ ਸਾਰਿਆਂ ਨੂੰ ਅਤੇ ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ ਪ੍ਰੇਰਿਤ ਕੀਤਾ। ਬੰਗਾਲ ਦੀ ਹੀ ਧਰਤੀ ’ਤੇ ਜਨਮੇ ਤੇਜ਼-ਤਰਾਰ ਰਾਸ਼ਟਰਵਾਦੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੱਤਾ। ਸੰਭਵ ਤੌਰ ’ਤੇ ਬੰਗਾਲ ਦੀ ਧਰਤੀ ਨੇ ਜਿੰਨੀਆਂ ਵਿਲੱਖਣ ਪ੍ਰਤਿਭਾਵਾਂ ਅਤੇ ਮਹਾਨ ਲੋਕਾਂ ਨੂੰ ਜਨਮ ਦਿੱਤਾ, ਉਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਅਤੇ ਪ੍ਰਬੁੱਧ ਸਵਾਮੀ ਵਿਵੇਕਾਨੰਦ ਨੂੰ ਕਿਹਾ ਜਾ ਸਕਦਾ ਹੈ। ਸ਼ਿਕਾਗੋ ਵਿਚ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ। ਉਨ੍ਹਾਂ ਨੇ ਸੰਸਾਰ ਨੂੰ ਵੇਦਾਂਤ ਅਤੇ ਭਾਰਤ ਦੀਆਂ ਮਹਾਨ ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਇਆ।

ਬਦਕਿਸਮਤੀ ਨਾਲ ਲੰਬੇ ਸਮੇਂ ਤੱਕ ਬੰਗਾਲ ਦੇ ਕੁਝ ਬੁੱਧੀਜੀਵੀ ਅਤੇ ਰਾਜਨੀਤਕ ਵਰਗਾਂ ਨੇ ਆਪਣੀ ਹੀ ਸੰਸਕ੍ਰਿਤਕ ਵਿਰਾਸਤ ਨੂੰ ਬੋਝ ਸਮਝਿਆ ਅਤੇ ਉਸ ਨੂੰ ਮਾੜੇ ਨਜ਼ਰੀਏ ਨਾਲ ਦੇਖਿਆ। ਸੱਭਿਆਚਾਰ, ਧਰਮ, ਸੰਸਕ੍ਰਿਤੀ ਅਤੇ ਬੰਗਾਲ ਦੀ ਚੇਤਨਾ ਦੀ ਗੱਲ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਗਿਆ। ਨਤੀਜੇ ਵਜੋਂ, ਬੰਗਾਲ ਨੇ ਦਹਾਕਿਆਂ ਤੱਕ ਵਿਕਾਸਹੀਣਤਾ, ਅਰਾਜਕਤਾ, ਸੰਸਥਾਗਤ ਪਤਨ ਅਤੇ ਵਿਚਾਰਧਾਰਾ ਦੇ ਠਹਿਰਾ ਨੂੰ ਹੰਢਾਇਆ। ਬੰਗਾਲ ਵਿਚ ਹੋਇਆ ਬਦਲਾਅ ਸਿਰਫ਼ ਰਾਜਨੀਤਕ ਸ਼ਕਤੀ ਦਾ ਤਬਾਦਲਾ ਨਹੀਂ ਹੈ, ਸਗੋਂ ਇਹ ਉਨ੍ਹਾਂ ਲੋਕਾਂ ਖ਼ਿਲਾਫ਼ ਲੋਕ ਫ਼ਤਵਾ ਹੈ ਜਿਨ੍ਹਾਂ ਨੇ ਬੰਗਾਲ ਨੂੰ ਉਸ ਦੇ ਮੂਲ ਤੋਂ ਦੂਰ ਕੀਤਾ। ਪ੍ਰਧਾਨ ਮੰਤਰੀ ਮੋਦੀ ਲਈ ਬੰਗਾਲ ਵਿਧਾਨ ਸਭਾ ਦੀ ਚੋਣ ਸ਼ਕਤੀ ਦੀ ਲੜਾਈ ਨਹੀਂ, ਸਗੋਂ ਬੰਗਾਲ ਦੇ ਗੌਰਵ ਅਤੇ ਵਿਰਾਸਤ ਨੂੰ ਦੁਬਾਰਾ ਸਥਾਪਤ ਕਰਨ ਦਾ ਯੱਗ ਸੀ। ਬੇਲੂਰ ਮੱਠ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਆਤਮਿਕ ਲਗਾਅ, ਸਵਾਮੀ ਵਿਵੇਕਾਨੰਦ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਅਤੇ ਸੁਸ਼ਾਸਨ ਨੂੰ ‘ਸੇਵਾ’ ਦੇ ਰੂਪ ਵਿਚ ਦੇਖਣ ਦਾ ਉਨ੍ਹਾਂ ਦਾ ਦ੍ਰਿਸ਼ਟੀਕੋਣ, ਇਹ ਸਾਰੇ ਇਸ ਗੱਲ ਦੇ ਸਬੂਤ ਹਨ ਕਿ ‘ਪ੍ਰਧਾਨ ਸੇਵਕ’ ਬੰਗਾਲ ਦੇ ਵਿਕਾਸ ਅਤੇ ਪੁਨਰ-ਜਾਗਰਣ ਨੂੰ ਇਕ ਪਵਿੱਤਰ ਜ਼ਿੰਮੇਵਾਰੀ ਮੰਨਦੇ ਹਨ ਜਿਸ ਨੂੰ ਉਹ ਆਪਣੇ ‘ਪ੍ਰਧਾਨ ਧਰਮ’ ਅਤੇ ‘ਪ੍ਰਧਾਨ ਕਰਮ’ ਦੇ ਰੂਪ ਵਿਚ ਨਿਭਾ ਰਹੇ ਹਨ।

ਬੰਗਾਲ ਦੇ ਵਿਕਾਸ ਅਤੇ ਪੁਨਰ ਨਿਰਮਾਣ ਦਾ ਅਰਥ ਕਈ ਦਹਾਕਿਆਂ ਤੋਂ ਅਣਦੇਖੀ ਦੇ ਸ਼ਿਕਾਰ ਅਤੇ ਢਹਿ-ਢੇਰੀ ਹੋ ਚੁੱਕੇ ਬੁਨਿਆਦੀ ਢਾਂਚੇ ਦਾ ਨਿਰਮਾਣ ਤਾਂ ਹੈ ਹੀ, ਨਾਲ ਹੀ ਉਨ੍ਹਾਂ ਘਾਟਾਂ ਨੂੰ ਪੁਨਰ-ਜੀਵਿਤ ਕਰਨਾ ਵੀ ਹੈ, ਜਿੱਥੇ ਚੈਤੰਨਿਆ ਮਹਾਪ੍ਰਭੂ ਦੇ ਕੀਰਤਨ ਨੇ ਲੋਕਾਂ ਨੂੰ ਭਾਵ-ਵਿਭੋਰ ਕੀਤਾ ਸੀ। ਇਸ ਦਾ ਅਰਥ ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਵੀ ਹੈ, ਜਿਨ੍ਹਾਂ ਦਾ ਸੁਪਨਾ ਈਸ਼ਵਰ ਚੰਦਰ ਵਿੱਦਿਆਸਾਗਰ ਨੇ ਦੇਖਿਆ ਸੀ। ਇਸ ਦਾ ਅਰਥ ਆਦਿਵਾਸੀ ਭੈਣਾਂ-ਭਰਾਵਾਂ ਨੂੰ ਗਰਿਮਾ, ਸਨਮਾਨ ਅਤੇ ਮੌਕੇ ਦੇਣਾ ਅਤੇ ਅਣਦੇਖੀ ਸਹਾਰ ਰਹੇ ਪਰਬਤੀ ਖੇਤਰਾਂ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਵੀ ਹੈ। ਪਿਛਲੇ ਕੁਝ ਦਹਾਕਿਆਂ ਵਿਚ ਡੈਅ ਅਤੇ ਕੁਸ਼ਾਸਨ ਕਾਰਨ ਅਜਿਹਾ ਪ੍ਰਤੀਤ ਹੋਣ ਲੱਗਾ ਸੀ ਕਿ ਬੰਗਾਲ ਦਾ ਸੁਨਹਿਰਾ ਯੁੱਗ ਬੀਤ ਚੁੱਕਾ ਹੈ ਪਰ ਅੱਜ ਬੰਗਾਲ ਇਕ ਵਾਰ ਫਿਰ ਨਵੇਂ ਆਤਮ-ਵਿਸ਼ਵਾਸ ਅਤੇ ਨਵੀਂ ਊਰਜਾ ਨਾਲ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰੇ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਰਿਹਾ ਹੈ।

Share this content:

Post Comment