Loading Now

ਬ੍ਰੈੱਡ, ਐਨਰਜੀ ਡਰਿੰਕਸ ਤੇ ਪੈਕਡ ਫੂਡ ਆਏ ਸ਼ੱਕ ਦੇ ਦਾਇਰੇ ‘ਚ, ‘100% ਪਿਓਰ’ ਅਤੇ ‘ਆਰਗੈਨਿਕ’ ਵਰਗੇ ਦਾਅਵਿਆਂ ‘ਤੇ ਲੱਗੀ ਰੋਕ

ਬ੍ਰੈੱਡ, ਐਨਰਜੀ ਡਰਿੰਕਸ ਤੇ ਪੈਕਡ ਫੂਡ ਆਏ ਸ਼ੱਕ ਦੇ ਦਾਇਰੇ ‘ਚ, ‘100% ਪਿਓਰ’ ਅਤੇ ‘ਆਰਗੈਨਿਕ’ ਵਰਗੇ ਦਾਅਵਿਆਂ ‘ਤੇ ਲੱਗੀ ਰੋਕ

ਨਵੀਂ ਦਿੱਲੀ, 11 ਅਗਸਤ – ਬਾਜ਼ਾਰ ਵਿਚ ਖਾਣ-ਪੀਣ ਦੇ ਜੋ ਪੈਕਡ ਫੂਡ ਵਿਕ ਰਹੇ ਹਨ, ਉਹ ਸਿਹਤ ਲਈ ਕਿੰਨੇ ਸੁਰੱਖਿਅਤ ਹਨ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਕੁਝ ਦਿਨਾਂ ਤੋਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਨੇ ਜਿਸ ਤਰੀਕੇ ਨਾਲ ਵੱਡੀਆਂ ਕੰਪਨੀਆਂ ਦੀਆਂ ਪੈਕਡ ਫੂਡ ਆਈਟਮਾਂ ’ਤੇ ਕਾਰਵਾਈ ਕੀਤੀ ਹੈ, ਉਸ ਨਾਲ ਬਾਜ਼ਾਰ ਵਿਚ ਵਿਕ ਰਹੇ ਪੈਕਡ ਫੂਡ ਅਤੇ ਡਰਿੰਕਸ ’ਤੇ ਸਵਾਲ ਉੱਠ ਗਏ ਹਨ। ਐੱਫਐੱਸਐੱਸਏਆਈ ਨੇ ਪੈਕਡ ਖੁਰਾਕੀ ਪਦਾਰਥ ਵੇਚਣ ਵਾਲੀਆਂ ਕੰਪਨੀਆਂ ਨੂੰ 100 ਪ੍ਰਤੀਸ਼ਤ ਪਿਓਰ, 100 ਫ਼ੀਸਦ ਆਰਗੈਨਿਕ ਵਰਗੇ ਦਾਅਵੇ ਪੈਕੇਜਿੰਗ ’ਤੇ ਪ੍ਰਕਾਸ਼ਿਤ ਕਰਨ ਤੋਂ ਸਾਫ਼ ਮਨ੍ਹਾ ਕੀਤਾ ਹੈ। ਹਾਲ ਹੀ ਵਿਚ ਬ੍ਰਿਟਾਨੀਆ ਵਰਗੀ ਚਰਚਿਤ ਕੰਪਨੀ ਦੇ ਬ੍ਰੈੱਡ 100 ਪ੍ਰਤੀਸ਼ਤ ਦੇ ਦਾਅਵੇ ਵਿਚ ਫੇਲ੍ਹ ਹੋ ਗਏ। ਬ੍ਰੈੱਡ ਬਾਜ਼ਾਰ ਵਿਚ ਵੱਡੀ ਹਿੱਸੇਦਾਰੀ ਰੱਖਣ ਵਾਲੀ ਬ੍ਰਿਟਾਨੀਆ ਜਿਸ ਬ੍ਰੈੱਡ ਨੂੰ 100 ਪ੍ਰਤੀਸ਼ਤ ਕਣਕ ਦਾ ਬ੍ਰੈੱਡ ਦੱਸਦੀ ਸੀ, ਉਹ ਪੂਰੀ ਤਰ੍ਹਾਂ ਕਣਕ ਦਾ ਬ੍ਰੈੱਡ ਨਹੀਂ ਸੀ। ਹਾਲਾਂਕਿ ਬ੍ਰਿਟਾਨੀਆ ਦੇ ਐੱਮਡੀ ਰਕਸ਼ਿਤ ਹਾਰਗੇਵ ਨੇ ਪੈਕਡ ਅਤੇ ਬੇਵਰੇਜ ਆਈਟਮਾਂ ’ਤੇ ਐੱਫਐੱਸਐੱਸਏਆਈ ਦੀ ਕਾਰਵਾਈ ਨੂੰ ਉਪਭੋਗਤਾਵਾਂ ਦੇ ਹਿੱਤ ਵਿਚ ਸਹੀ ਠਹਿਰਾਇਆ ਹੈ।

ਐੱਫਐੱਸਐੱਸਏਆਈ ਨੇ 3 ਅਗਸਤ ਨੂੰ ਡਾਬਰ ਨੂੰ ਕਿਹਾ ਸੀ ਕਿ ਉਹ ਆਪਣੇ ਉਤਪਾਦਾਂ ’ਤੇ 100 ਪ੍ਰਤੀਸ਼ਤ ਸ਼ੁੱਧ ਅਤੇ ਜੈਵਿਕ ਭਾਰਤ ਵਰਗੇ ਲੋਗੋ ਦਾ ਇਸਤੇਮਾਲ ਨਾ ਕਰੇ ਅਤੇ ਉਨ੍ਹਾਂ ਨੂੰ ਆਪਣੇ ਉਤਪਾਦਾਂ ਤੋਂ ਇਨ੍ਹਾਂ ਦਾਅਵਿਆਂ ਨੂੰ ਹਟਾਉਣਾ ਪਵੇਗਾ। ਡਾਬਰ ਸ਼ਹਿਦ, ਨਾਰੀਅਲ ਪਾਣੀ, ਵਿਨੇਗਰ ਵਰਗੇ ਕਈ ਉਤਪਾਦਾਂ ਦੀ ਵਿਕਰੀ ਵਿਚ ਇਸ ਤਰ੍ਹਾਂ ਦੇ ਦਾਅਵੇ ਕਰਦੀ ਹੈ। ਐੱਫਐੱਸਐੱਸਏਆਈ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਦਾਅਵੇ ਉਪਭੋਗਤਾਵਾਂ ਨੂੰ ਗੁਮਰਾਹ ਕਰਦੇ ਹਨ ਅਤੇ ਇਸ ਲਈ ਕੰਪਨੀਆਂ ਨੂੰ ਇਹ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। ਪਿਛਲੇ ਮਹੀਨੇ ਐੱਫਐੱਸਐੱਸਏਆਈ ਨੇ ਬਾਜ਼ਾਰ ਵਿਚ ਐਨਰਜੀ ਡਰਿੰਕਸ ਦੇ ਲੇਬਲ ਤੋਂ ਵਿਕਣ ਵਾਲੇ ਬੇਵਰੇਜ ਨੂੰ ਐਨਰਜੀ ਡਰਿੰਕ ਦਾ ਲੇਬਲ ਹਟਾਉਣ ਦਾ ਫੁਰਮਾਨ ਜਾਰੀ ਕੀਤਾ। ਦਿਲਚਸਪ ਗੱਲ ਇਹ ਹੈ ਕਿ ਐੱਫਐੱਸਐੱਸਏਆਈ ਜਾਂ ਸਰਕਾਰੀ ਏਜੰਸੀ ਵੱਲੋਂ ਐਨਰਜੀ ਡਰਿੰਕਸ ਦੀ ਕੋਈ ਪਰਿਭਾਸ਼ਾ ਜਾਰੀ ਨਹੀਂ ਕੀਤੀ ਗਈ ਹੈ। ਦੋ ਦਿਨ ਪਹਿਲਾਂ ਐੱਫਐੱਸਐੱਸਏਆਈ ਨੇ ਉੱਤਰ ਪ੍ਰਦੇਸ਼ ਦੇ ਵੀਕੇਸੀ ਨਟਸ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਇੱਥੇ ਡ੍ਰਾਈ ਫਰੂਟ ਪੈਕ ਕਰਨ ਦੌਰਾਨ ਉਸ ਵਿਚ ਕੀੜੇ ਮਿਲੇ ਸਨ। ਫੰਗਸ ਵੀ ਸੀ। ਕਮਰੇ ਵਿਚ ਚੂਹੇ ਦੌੜ ਰਹੇ ਸਨ।

Share this content:

Post Comment