Loading Now

ਬੁੱਧ ਬਾਣ/ਸੁੱਕੀ ਚੁਗਾਠ ਦੀ ਲਾਟ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਸੁੱਕੀ ਚੁਗਾਠ ਦੀ ਲਾਟ/ਬੁੱਧ ਸਿੰਘ ਨੀਲੋਂ

ਸੁੱਕੀ ਚੁਗਾਠ ਨੇ ਜਦੋਂ ਦਾ ਮਨੁੱਖਤਾ ਦੀ ਸੇਵਾ ਸੰਭਾਲ ਦਾ ਕੰਮ ਸ਼ੁਰੂ ਕੀਤਾ ਹੈ, ਉਦੋਂ ਤੋਂ ਧਰਤੀ ਤੋਂ ਅੰਬਰ ਤੱਕ ਉਸ ਦੀ ਲਾਟ ਦੀ ਲੋਅ ਹੋ ਰਹੀ ਹੈ। ਇਹ ਲੋਅ ਉਹਨਾਂ ਹਨੇਰਿਆਂ ਘਰਾਂ ਨੂੰ ਰੌਸ਼ਨ ਕਰਦੀ ਹੈ, ਜਿਹਨਾਂ ਨੇ ਹਨੇਰੇ ਵਿਚੋਂ ਬਾਹਰ ਨਿਕਲਣ ਲਈ ਮਜਬੂਰ ਹੋ ਕੇ ਅੱਕ ਚੱਬਿਆ ਹੈ। ਪੰਜਾਬ ਦੇ ਵਿੱਚ ਵਧਦੀ ਆਰਥਿਕ ਤੇ ਸਮਾਜਿਕ ਜੀਵਨ ਦੀ ਅਸੁਰੱਖਿਅਤਾ ਨੇ ਉਹਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਸੀ। ਉਹਨਾਂ ਵਾਸਤੇ ਇਸ ਹਨੇਰੇ ਵਿਚੋਂ ਬਾਹਰ ਨਿਕਲਣ ਲਈ ਇੱਕੋ ਇੱਕ ਰਾਹ ਸੀ ਕਿ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇਣ। ਪੰਜਾਬ ਦੇ ਲੋਕਾਂ ਵਿੱਚ ਕੁਰਬਾਨੀਆਂ ਦੇਣ ਦੀ ਪ੍ਰਥਾ ਪੁਰਾਣੀ ਹੈ। ਜਦੋਂ ਆਪਣਿਆਂ ਲਈ ਇਹ ਸ਼ਹਾਦਤ ਦੇਣੀ ਪੈਂਦੀ ਹੈ ਤਾਂ ਮਨੁੱਖ ਜਿਉਂਦੇ ਜੀਅ ਕੁਰਬਾਨ ਹੋ ਜਾਂਦਾ ਹੈ।
ਕੁਰਬਾਨੀ ਦੀ ਗੱਲ ਕਰਦਿਆਂ ਇੱਕ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਸਾਹਿਬ ਜੀ ਦੀ ਯਾਦ ਆ ਗਈ। ਭਾਵੇਂ ਮੈਂ ਉਹਨਾਂ ਕੋਲ ਪੜ੍ਹਿਆ ਨਹੀਂ, ਉਹਨਾਂ ਨਾਲ ਰਿਸ਼ਤਾ ਸਾਹਿਤਕ ਹਲਕਿਆਂ ਵਿੱਚ ਵਿਚਰਦਿਆਂ ਬਣ ਗਿਆ ਸੀ। ਫੇਰ ਮੈਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਉਡਾਰੀ ਮਾਰਨ ਵਿੱਚ ਸਫ਼ਲ ਹੋ ਗਿਆ। ਇਸਨੂੰ ਕਿਸਮਤ ਦਾ ਧਨੀ ਇਨਸਾਨ ਆਖਿਆ ਜਾਵੇ ਜਾਂ ਅੰਨ ਪਾਣੀ। ਜਿਥੇ ਦਾਣੇ ਉਥੇ ਜਾਣੇ ਵਾਲ਼ੀ ਗੱਲ ਹੈ। ਯੁੱਗਾਂ ਯੁਗਾਂਤਰਾਂ ਤੋਂ ਮਨੁੱਖ ਤੇ ਪਸ਼ੂ ਪੰਛੀ ਪਰਵਾਸ ਕਰਦੇ ਹਨ। ਆਪਾਂ ਕਿਹੜਾ ਕੋਈ ਨਵੀਂ ਗੱਲ ਕੀਤੀ ਸੀ।

ਖ਼ੈਰ ਇਹ ਪ੍ਰੋਫ਼ੈਸਰ ਸਾਹਿਬ ਦੀ ਇੱਕ ਸਿਫ਼ਤ ਹੁੰਦੀ ਸੀ, ਇਸ ਦੀ ਵਸਤਰਾਂ ਤੇ ਬੂਟਾ ਦੀ ਮੈਚਿੰਗ ਦੇਖ ਕੇ ਔਰਤਾਂ ਵੀ ਫਿੱਕੀਆਂ ਪੈਂਦੀਆਂ ਸਨ। ਉਹਨਾਂ ਦੀ ਪੱਗ ਨਾਲ ਦੀ ਟਾਈ ਤੇ ਬੂਟ ਦੇਖਣ ਵਾਲੇ ਨੂੰ ਮੰਤਰ ਮੁਗਧ ਕਰ ਲਿਆ ਕਰਦੇ ਸਨ। ਕੁੱਝ ਵਰ੍ਹੇ ਸੇਵਾ ਮੁਕਤ ਹੋਏ ਤੇ ਉਦੋਂ ਤੱਕ ਉਹਨਾਂ ਦੇ ਬੱਚੇ ਤੇ ਪਤਨੀ ਕੈਨੇਡਾ ਵਿੱਚ ਸੈਟ ਹੋ ਗਏ ਸਨ। ਉਹ ਕੈਨੇਡਾ ਵਿੱਚ ਇੱਕ ਸਮਾਗਮ ਦੌਰਾਨ ਬੁਲਾਰਿਆਂ ਵਿੱਚ ਸ਼ਾਮਲ ਸਨ। ਉਹਨਾਂ ਦੀ ਦਿਲਕਸ਼ ਸ਼ਖ਼ਸੀਅਤ ਦੇਖ ਕੇ ਮਨ ਖ਼ੁਸ਼ ਹੋ ਗਿਆ। ਉਹਨਾਂ ਦਾ ਪੰਜਾਬੀ ਭਾਸ਼ਾ ਤੇ ਬੋਲੀ ਪ੍ਰਤੀ ਪ੍ਰਭਾਵਸ਼ਾਲੀ ਭਾਸ਼ਨ ਸੁਣ ਕੇ ਮੈਂ ਉਹਨਾਂ ਨੂੰ ਮਿਲਣ ਦੀ ਤਾਂਘ ਹੋਈ। ਸਮਾਗਮ ਤੋਂ ਬਾਅਦ ਜਦੋਂ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਆਖਿਆ ਕਿ ਛੋਟੇ ਭਰਾ ਆਪਾਂ ਨੂੰ ਜਦੋਂ ਕਾਲਜ ਵਿੱਚ ਨੌਕਰੀ ਮਿਲ ਗਈ ਤੇ ਉਦੋਂ ਤੇ ਹੁਣ ਤੱਕ ਆਪਾਂ ਇੱਕ ਵੀ ਪੰਜਾਬੀ ਸਾਹਿਤ ਦੀ ਕਿਤਾਬ ਨਹੀਂ ਪੜ੍ਹੀ ਤੇ ਨਾ ਕੋਈ ਖ਼ਰੀਦੀ। ਮੇਰੇ ਬੱਚੇ ਕੌਨਵੈਂਟ ਸਕੂਲਾਂ ਵਿੱਚ ਪੜ੍ਹਦੇ ਰਹੇ, ਪਤਨੀ ਇੰਗਲਿਸ਼ ਦੀ ਲੈਕਚਰਾਰ ਸੀ। ਇਸ ਕਰਕੇ ਪੰਜਾਬੀ ਸਾਡੇ ਘਰ ਵਿਚੋਂ ਬਾਹਰ ਨਿਕਲ ਗਈ। ਉਹ ਇਸ ਗੱਲ ਨੂੰ ਇਸ ਤਰ੍ਹਾਂ ਦਿਲਚਸਪ ਬਣਾ ਕੇ ਪੇਸ਼ ਕਰ ਰਿਹਾ ਸੀ, ਜਿਵੇਂ ਉਸਨੇ ਕੋਈ ਨੋਬਲ ਪੁਰਸਕਾਰ ਜਿੱਤ ਹਾਸਲ ਕਰ ਲਿਆ ਸੀ।

ਮੈਨੂੰ ਹੈਰਾਨੀ ਹੋਈ ਕਿ ਇਹਦੇ ਕੋਲ ਪੈਂਤੀ ਸਾਲ ਵਿਦਿਆਰਥੀ ਪੜ੍ਹਦੇ ਰਹੇ, ਉਹ ਉਹਨਾਂ ਨੂੰ ਕੀ ਪੜਾਉਂਦਾ ਹੋਵੇਗਾ। ਜਿਹੜਾ ਆਦਮੀ ਆਪ ਨਹੀਂ ਪੜ੍ਹਿਆ ਕਦੇ। ਉਹ ਤਨਖਾਹ ਤੇ ਪੈਨਸ਼ਨ ਕਿਸ ਕੰਮ ਦੀ ਲੈਂਦਾ ਸੀ? ਮੈਨੂੰ ਉਸਦੀਆਂ ਗੱਲਾਂ ਸੁਣ ਕੇ ਅਜੇ ਤੱਕ ਚੈਨ ਨਹੀਂ ਆਈ। ਜਦ ਨੂੰ ਗੁਰੂ ਨਾਨਕ ਜੀ ਦੇ ਜਨਮ ਦਿਨ ਆ ਗਿਆ। ਉਦੋਂ ਹੀ ਕਿਸੇ ਸੱਜਣ ਪੁਰਸ਼ ਦਾ ਗੀਤ ਆ ਗਿਆ। ਉਹ ਗੀਤ ਸੁਣ ਕੇ ਮੈਨੂੰ ਨੀਂਦ ਆਉਣੀ ਭੁੱਲ ਗਈ। ਮੈਨੂੰ ਹੈਰਾਨੀ ਹੋਈ ਕਿ ਇਸ ਗੀਤਕਾਰ ਨੂੰ ਇਲਮ ਹੈ ਕਿ ਉਹ ਕੀ ਹੈ ਤੇ ਗੀਤ ਕੀ ਹੈ? ਮੈਨੂੰ ਉਸਦੀਆਂ ਗੱਲਾਂ ਅਜੇ ਚੇਤੇ ਆ ਰਹੀਆਂ ਹਨ ਤੇ ਉਦੋਂ ਹੀ ਇੱਕ ਹੋਰ ਸੱਜਣ ਪੁਰਸ਼ ਦੀ ਕਥਾ ਚੇਤੇ ਆ ਗਈ। ਇਹ ਸੱਜਣ ਪੁਰਸ਼ ਬਾਬਾ ਨਾਨਕ ਜੀ ਦਾ ਅਨਿਨ ਸੇਵਕ ਹੈ। ਉਸਨੇ ਬਾਬਾ ਨਾਨਕ ਜੀ ਦੇ ਜੀਵਨ ਬਾਰੇ ਬਹੁਤ ਮੁੱਲਵਾਨ ਕਵਿਤਾਵਾਂ ਲਿਖੀਆਂ ਹਨ। ਉਹ ਕਿਸੇ ਮਹਿਕਮੇ ਵਿੱਚ ਵੱਡਾ ਅਫ਼ਸਰ ਸੀ। ਉਸਦੀ ਮਾਲਵੇ ਦੇ ਕਿਸੇ ਕਸਬੇ ਵਿੱਚ ਡਿਊਟੀ ਲੱਗ ਗਿਆ। ਉਹ ਸਾਰਾ ਦਿਨ ਕਵਿਤਾ ਲਿਖਣ ਪੜ੍ਹਨ ਵਿੱਚ ਐਨਾ ਮਸਰੂਫ਼ ਰਹਿਣ ਲੱਗਾ ਕਿ ਉਹ ਆਪਣੇ ਅਸਲੀ ਫਰਜ਼ਾਂ ਨੂੰ ਭੁੱਲ ਹੀ ਜਾਂਦਾ ਸੀ।

ਉਸਨੂੰ ਮਹਿਕਮੇ ਨੇ ਵੱਡੀ ਕੋਠੀ ਦਿੱਤੀ ਸੀ। ਵਧੀਆ ਪਾਰਕ ਤੇ ਫੁਲਵਾੜੀ ਸੀ। ਇੱਕ ਦਿਨ ਉਸ ਦੇ ਚਪੜਾਸੀ ਦੀ ਗਾਂ ਸੰਗਲ਼ ਤੁੜਾ ਕੇ ਉਸਦੀ ਕੋਠੀ ਵਿੱਚ ਵੜ ਗਈ। ਡੰਗਰ ਨੂੰ ਕੀ ਪਤਾ ਸੀ ਕਿ ਇਹ ਅਫ਼ਸਰ ਦੀ ਕੋਠੀ ਹੈ। ਉਸਨੇ ਆਪਣਾ ਚਾਅ ਪੂਰਾ ਕਰਨ ਲਈ ਪਾਰਕ ਵਿੱਚ ਪੁਲਿਸ ਵਾਂਗ ਲਾਠੀਚਾਰਜ ਕੀਤਾ। ਇਸ ਗੱਲ ਦੀ ਜਾਣਕਾਰੀ ਅਫ਼ਸਰ ਤੱਕ ਪੁੱਜ ਗਈ। ਉਹ ਭੁੱਖੇ ਸ਼ੇਰ ਵਾਂਗ ਕੋਠੀ ਪਹੁੰਚ ਗਿਆ। ਉਸਨੇ ਗਾਂ ਤੇ ਚਪੜਾਸੀ ਦੀ ਬਹੁਤ ਸੇਵਾ ਕੀਤੀ। ਉਹਨਾਂ ਨੂੰ ਬੰਨ੍ਹ ਲਿਆ। ਚਪੜਾਸੀ ਦੀ ਕੁੱਟਮਾਰ ਦੀ ਖ਼ਬਰ ਯੂਨੀਅਨ ਦੇ ਆਗੂ ਤੱਕ ਪਹੁੰਚ ਗਈ। ਉਹਨਾਂ ਨੇ ਅਫ਼ਸਰ ਦੇ ਦਫ਼ਤਰ ਮੂਹਰੇ ਧਰਨਾ ਲਗਾ ਦਿੱਤਾ। ਸਾਰੀ ਦਿਹਾੜੀ ਅਫ਼ਸਰ ਦਾ ਆਗੂਆਂ ਵੱਲੋਂ ਪਿੱਟ ਸਿਆਪਾ ਹੁੰਦਾ ਰਿਹਾ। ਆਖਿਰ ਅਫ਼ਸਰ ਨੇ ਲਿਖਤੀ ਤੇ ਜਨਤਕ ਮੁਆਫੀ ਮੰਗੀ। ਕੁੱਝ ਦਿਨ ਬਾਅਦ ਉਹ ਬਦਲੀ ਕਰਵਾ ਕੇ ਦੂਰ ਦੁਰਾਡੇ ਚਲੇ ਗਿਆ। ਅੱਜ ਕੱਲ੍ਹ ਉਹ ਪੰਜਾਬੀ ਦੀ ਸੇਵਾ ਕਰਨ ਵਾਲਿਆਂ ਦੀ ਮੋਹਰਲੀ ਕਤਾਰ ਵਿੱਚ ਸ਼ਾਮਲ ਹੈ। ਹੁਣ ਮੈਨੂੰ ਕੌਣ ਸਮਝਾਵੇ ਕਿ ਸਾਹਿਤ ਤੇ ਜੀਵਨ ਨਾਲ ਇਸ ਦਾ ਕੋਈ ਸਬੰਧ ਨਹੀਂ ਹੁੰਦਾ। ਮੈਂ ਲੇਖਕ ਤੇ ਉਸ ਦੀਆਂ ਕਹਾਣੀਆਂ ਵਿਚ ਉਸ ਦੇ ਜੀਵਨ ਨੂੰ ਦੇਖਦਾ ਹਾਂ ਤੇ ਪ੍ਰੇਸ਼ਾਨ ਹੋ ਜਾਂਦਾ ਹਾਂ।

ਮੈਂ ਹੁਣ ਪਿੰਡ ਮਕਾਨ ਬਣਾਉਣ ਲੱਗਿਆ ਤਾਂ ਮੈਨੂੰ ਮਿਸਤਰੀ ਕਹਿੰਦਾ ਸੁੱਕੀ ਚੁਗਾਠ ਦੀ ਲੱਕੜ ਲਿਆਈ। ਨਹੀਂ, ਬਾਅਦ ਵਿੱਚ ਪਛਤਾਵਾ ਹੋਵੇਗਾ। ਮੈਨੂੰ ਹੈਰਾਨੀ ਹੋਈ ਕਿ ਹੁਣ ਜ਼ਮਾਨਾ ਸਟੀਲ ਦੀਆਂ ਚੁਗਾਠਾਂ ਦਾ ਹੈ, ਇਹ ਕਿਉਂ ਲੱਕੜ ਦੀਆਂ ਚੁਗਾਠਾਂ ਮੰਗਵਾ ਰਿਹਾ ਹੈ? ਇਸ ਦਾ ਕਿਤੇ ਦੁਕਾਨਦਾਰ ਨਾਲ ਕਮਿਸ਼ਨ ਤਾਂ ਨਹੀਂ ਕੀਤਾ ਹੋਇਆ? ਇਸ ਤਰ੍ਹਾਂ ਦੇ ਸਵਾਲ ਮੇਰੇ ਮਨ ਵਿੱਚ ਆਉਣ ਲੱਗੇ। ਅਜੇ ਮੈਨੂੰ ਆਪਣੇ ਹੀ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਮਿਲਿਆ। ਮਿਸਤਰੀ ਇੱਟ ਉਪਰ ਕਾਂਡੀ ਮਾਰਦਾ ਹੋਇਆ ਬੋਲਿਆ। ਮੈਂ ਕਿਹਾ ਸਰਦਾਰ ਜੀ, ਕਿਹੜੇ ਜੰਗਲ ਵਿੱਚ ਵਿੱਚ ਜਾ ਵੜੇ ਓ। ਸੁੱਕੀ ਚੁਗਾਠ ਕੰਪਨੀ ਨੇ ਡੀਮਾਰਟ ਵਾਲਿਆਂ ਵਾਂਗ ਹਰ ਸ਼ਹਿਰ ਕਸਬੇ ਵਿੱਚ ਆਪਣੀ ਦੁਕਾਨ ਖੋਲ੍ਹ ਦਿੱਤੀ ਹੈ। ਉਹਨਾਂ ਨੇ ਚੇਅਰਪਰਸਨ ਸ਼੍ਰੀਮਤੀ ਫਰੀਦਕੋਟੀ ਨੂੰ ਬਣਾਇਆ ਹੈ। ਉਹ ਸਾਰੇ ਭਾਰਤ ਵਿੱਚ ਉਹਨਾਂ ਦੀਆਂ ਦੁਕਾਨਾਂ ਦੀ ਨਿਗਰਾਨੀ ਰੱਖਦੀ ਹੈ।

ਪਿਛਲੇ ਸਾਲ ਉਹਨੇ ਆਮ ਲੋਕਾਂ ਨੂੰ ਭਰਮਾਉਣ ਲਈ ਨਵੀਂ ਯੋਜਨਾ ਉਲੀਕੀ ਹੈ। ਮੈਂ ਤਾਂ ਹੈਰਾਨ ਹੋ ਗਿਆ ਕਿ ਇਸ ਪਾਸੇ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਗਿਆ। ਜਿਹੜੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਵਿੱਚ ਪੜ੍ਹਨ ਲਈ ਜਾ ਰਹੇ ਹਨ। ਉਹਨਾਂ ਦੀ ਲੋੜ ਅਨੁਸਾਰ ਮੱਦਦ ਕਰਦੇ ਹਨ। ਜਿਵੇਂ ਕਿਸੇ ਆਫ਼ਤ ਵੇਲੇ ਪੰਜਾਬੀ ਜਾਂਦੇ ਹਨ। ਲੰਗਰ ਲਗਾਉਂਦੇ ਹਨ। ਉਹਨਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਦੇ ਹਨ। ਉਹਨਾਂ ਵਾਂਗ ਇਹ ਕਰਦੇ ਹਨ। ਇਹਨਾਂ ਦੇ ਵੱਲੋਂ ਕੀਤੀ ਗਈ ਸੇਵਾ ਦੀਆਂ ਕਿਧਰੇ ਮੀਡੀਆ ਵਿੱਚ ਸੁਰਖੀਆਂ ਨਹੀਂ ਬਣਦੀਆਂ। ਇੱਕ ਵਾਰ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਐਨੀ ਲੋਕਾਂ ਦੀ ਸੇਵਾ ਕਰਦੇ ਓ, ਇਸ ਬਾਰੇ ਮੀਡੀਆ ਵਿੱਚ ਜਾਣਕਾਰੀ ਦੇਣ ਦੀ ਲੋੜ ਹੈ ਤਾਂ ਕਿ ਉਹ ਲੋਕ ਵੀ ਤੁਹਾਡੀ ਮਦਦ ਹਾਸਲ ਕਰ ਸਕਣ। ਮੇਰੀ ਗੱਲ ਸੁਣ ਕੇ ਉਹ ਹੱਸਿਆ ਤੇ ਬੋਲਿਆ, ਨੇਕੀ ਕਰ ਖੂਹ ਵਿੱਚ ਸੁੱਟ।

Budh-singh-nelon-244x300 ਬੁੱਧ ਬਾਣ/ਸੁੱਕੀ ਚੁਗਾਠ ਦੀ ਲਾਟ/ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ
9464370823

Share this content:

Post Comment