ਬੁੱਧ ਬਾਣ/ ਘੋੜੀ ਤੇ ਪੌੜੀ


ਮੇਰੀ ਕੋਈ ਕਵਿਤਾ
ਪੁਰਸਕਾਰ ਦੇ ਫਰਮੇ ਵਿੱਚ
ਕਿਉਂ ਨਹੀਂ ਮੇਚ ਆਉਂਦੀ?
ਕਵਿਤਾ ਤਾਂ ਮੇਰੇ ਕੋਲ ਹੈ,
ਪਰ ਪੌੜੀ ਨਹੀਂ।
ਸ਼ਬਦ ਤਾਂ ਮੇਰੇ ਕੋਲ ਹਨ,
ਪਰ ਘੋੜੀ ਨਹੀਂ।
ਮੈਂ ਕਿਸੇ ਦੀ ਛੱਤ ’ਤੇ
ਸਿਫ਼ਾਰਸ਼ ਦੀ ਪੌੜੀ ਲਾ ਕੇ
ਚੜ੍ਹਨਾ ਨਹੀਂ ਜਾਣਦਾ,
ਨਾ ਕਿਸੇ ਦੀ ਘੋੜੀ ’ਤੇ ਬੈਠ ਕੇ
ਪੁਰਸਕਾਰਾਂ ਦੇ ਦਰਵਾਜ਼ੇ
ਖੜਕਾਉਣਾ ਆਉਂਦਾ ਹੈ।
ਮੈਂ ਮਿੱਤਰ ਸੈਨ ਮੀਤ ਕੋਲ ਵੀ ਗਿਆ,
ਪੰਡਤ ਨੂੰ ਹੱਥ ਵੀ ਦਿਖਾਇਆ,
ਜੜ੍ਹ-ਪੁੱਟ ਬੂਟੀ ਵੀ ਲੱਭੀ
ਪਰ ਇਸ ਬਿਮਾਰੀ ਦਾ
ਕੋਈ ਇਲਾਜ ਨਾ ਲੱਭਿਆ।
ਕਹਿੰਦੇ ਨੇ
ਮਾਂ-ਬੋਲੀ ਦਫ਼ਤਰਾਂ ਵਿੱਚ
ਪੜਤਾਲ ਰਹੀ ਹੈ।
ਮੈਂ ਪੁੱਛਿਆ
ਪੜਤਾਲ ਮਾਂ-ਬੋਲੀ ਦੀ ਹੋ ਰਹੀ ਹੈ
ਜਾਂ ਮਾਂ-ਬੋਲੀ ਦੀ ਹਾਲਤ ਦੀ?
ਫਾਈਲਾਂ ਚੱਲਦੀਆਂ ਰਹੀਆਂ,
ਮੀਟਿੰਗਾਂ ਹੁੰਦੀਆਂ ਰਹੀਆਂ,
ਮਤੇ ਪਾਸ ਹੁੰਦੇ ਰਹੇ,
ਮਾਂ-ਬੋਲੀ
ਦਰਵਾਜ਼ੇ ਉੱਤੇ ਖੜ੍ਹੀ
ਆਪਣਾ ਨਾਂ ਪੁਕਾਰਦੀ ਰਹੀ।
ਉੱਧਰ
ਦਵਾਈਆਂ ਵੀ ਚੱਲ ਰਹੀਆਂ ਨੇ,
ਓਹੜ-ਪੋਹੜ ਵੀ ਜਾਰੀ ਹੈ।
ਕਿਤਾਬਾਂ ਛਪਦੀਆਂ ਨੇ,
ਲੋਕ ਅਰਪਣ ਹੁੰਦੀਆਂ ਨੇ,
ਫੋਟੋਆਂ ਖਿੱਚੀਆਂ ਜਾਂਦੀਆਂ ਨੇ,
ਵਾਹ-ਵਾਹ ਦੇ ਫੁੱਲ ਵਰਸਦੇ ਨੇ
ਤੇ ਲੇਖਕ
ਆਪਣਾ ਸਾਹਿਤਕ ਕਰਜ਼
ਥੋਕ ਦੇ ਭਾਅ
ਉਤਾਰਦੇ ਜਾਂਦੇ ਨੇ।
ਵਾਹ ਜੀ ਵਾਹ!
ਕਿਤੇ ਪੁਰਸਕਾਰ ਦੀ ਪੌੜੀ,
ਕਿਤੇ ਸਿਫ਼ਾਰਸ਼ ਦੀ ਘੋੜੀ,
ਕਿਤੇ ਖੇਮੇ ਦੀ ਕਾਠੀ,
ਕਿਤੇ ਯਾਰਾਂ ਦੀ ਜੋੜੀ।
ਕਵਿਤਾ ਪੁੱਛਦੀ ਹੈ
ਮੇਰਾ ਕਸੂਰ ਕੀ ਹੈ?
ਮੈਂ ਕਿਸੇ ਦਰਬਾਰ ਦਾ
ਦਰਬਾਰੀ ਨਹੀਂ,
ਕਿਸੇ ਖੇਮੇ ਦਾ
ਝੰਡਾਬਰਦਾਰ ਨਹੀਂ,
ਕਿਸੇ ਕੁਰਸੀ ਦਾ
ਚਾਪਲੂਸ ਨਹੀਂ।
ਮੈਂ ਤਾਂ ਸਿਰਫ਼
ਸ਼ਬਦਾਂ ਦਾ ਮਜ਼ਦੂਰ ਹਾਂ
ਪਸੀਨੇ ਨਾਲ ਲਿਖਦਾ ਹਾਂ,
ਸੱਚ ਨਾਲ ਲਿਖਦਾ ਹਾਂ,
ਤੇ ਇਸੇ ਕਰਕੇ
ਸ਼ਾਇਦ ਇਨਾਮਾਂ ਦੇ
ਫਰਮੇ ਵਿੱਚ ਨਹੀਂ ਆਉਂਦਾ।
ਸੋ ਭਾਈ,
ਜੇ ਪੁਰਸਕਾਰ ਲੈਣਾ ਹੈ
ਤਾਂ ਪੌੜੀ ਲੱਭੋ,
ਘੋੜੀ ਲੱਭੋ,
ਸਹੀ ਦਰਵਾਜ਼ਾ ਲੱਭੋ।
ਤੇ ਜੇ ਕਵਿਤਾ ਲਿਖਣੀ ਹੈ
ਤਾਂ ਇਹ ਸਭ ਛੱਡੋ
ਕਲਮ ਲੱਭੋ
ਸੱਚ ਲੱਭੋ
ਜ਼ਮੀਰ ਲੱਭੋ
ਪੌੜੀ ਵੀ ਰਹਿਣ ਦਿਓ,
ਘੋੜੀ ਵੀ ਰਹਿਣ ਦਿਓ
ਕਦੇ ਕਵਿਤਾ ਨੂੰ ਵੀ
ਆਪਣੇ ਪੈਰਾਂ ’ਤੇ
ਤੁਰਨ ਦਿਓ
ਕੀ ਲੈਣਾ ਹੈ
ਬੇਗਾਨੀਆਂ ਵੈਸਾਖੀਆਂ ਤੋਂ!
ਬੁੱਧ ਸਿੰਘ ਨੀਲੋਂ
9464370823
Share this content:


Post Comment