Loading Now

ਬਦਲਦੀਆਂ ਪ੍ਰਸਥਿਤੀਆਂ ਅਤੇ ਰੁਜ਼ਗਾਰ ਦੇ ਮੌਕੇ

ਬਦਲਦੀਆਂ ਪ੍ਰਸਥਿਤੀਆਂ ਅਤੇ ਰੁਜ਼ਗਾਰ ਦੇ ਮੌਕੇ

ਕੈਨੇਡਾ ਲੰਬੇ ਸਮੇਂ ਤੋਂ ਦੁਨੀਆ ਭਰ ਦੇ ਲੋਕਾਂ ਖ਼ਾਸ ਕਰਕੇ ਭਾਰਤ ਅਤੇ ਪੰਜਾਬ ਤੋਂ ਆਉਣ ਵਾਲੇ ਨੌਜਵਾਨਾਂ ਲਈ ਉੱਚ ਸਿੱਖਿਆ, ਬਿਹਤਰ ਰੁਜ਼ਗਾਰ ਅਤੇ ਆਧੁਨਿਕ ਜੀਵਨ ਸ਼ੈਲੀ ਪ੍ਰਾਪਤ ਕਰਨ ਦਾ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ। ਪਰਿਵਾਰਕ ਭਵਿੱਖ ਸੁਰੱਖਿਅਤ ਕਰਨ, ਆਰਥਿਕ ਤੌਰ ’ਤੇ ਮਜ਼ਬੂਤ ਹੋਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਰੱਖਣ ਵਾਲੇ ਲੱਖਾਂ ਪਰਵਾਸੀ ਹਰ ਸਾਲ ਇਸ ਮੁਲਕ ਵੱਲ ਰੁਖ਼ ਕਰਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਦੀਆਂ ਸਰਕਾਰੀ ਨੀਤੀਆਂ, ਆਰਥਿਕ ਹਾਲਾਤ, ਰਿਹਾਇਸ਼ੀ ਢਾਂਚੇ ਅਤੇ ਕਿਰਤ ਬਾਜ਼ਾਰ ਵਿੱਚ ਬਹੁਤ ਵੱਡੀਆਂ ਅਤੇ ਬੁਨਿਆਦੀ ਤਬਦੀਲੀਆਂ ਆਈਆਂ ਹਨ। ਇਸ ਕਾਰਨ ਉੱਥੇ ਜਾ ਕੇ ਵਸਣ, ਪੜ੍ਹਾਈ ਕਰਨ ਜਾਂ ਰੁਜ਼ਗਾਰ ਪ੍ਰਾਪਤ ਕਰਨ ਦੀਆਂ ਚੁਣੌਤੀਆਂ ਵੀ ਪਹਿਲਾਂ ਨਾਲੋਂ ਕਾਫ਼ੀ ਗੰਭੀਰ ਹੋ ਗਈਆਂ ਹਨ। ਕੈਨੇਡਾ ਸਰਕਾਰ ਵੱਲੋਂ ਦੇਸ਼ ਦੀ ਆਰਥਿਕ ਸਥਿਰਤਾ, ਰਿਹਾਇਸ਼ੀ ਸੰਕਟ, ਸਿਹਤ ਸੇਵਾਵਾਂ ’ਤੇ ਵਧਦੇ ਬੋਝ ਅਤੇ ਵਧਦੀ ਆਬਾਦੀ ਨੂੰ ਸੰਤੁਲਿਤ ਕਰਨ ਲਈ ਵੀਜ਼ਾ ਨਿਯਮਾਂ ਵਿੱਚ ਵਿਆਪਕ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਸ ਦਾ ਸਿੱਧਾ ਅਸਰ ਨਵੇਂ ਆਉਣ ਵਾਲੇ ਪਰਵਾਸੀਆਂ ਦੇ ਰੁਜ਼ਗਾਰ ਦੇ ਮੌਕਿਆਂ ਅਤੇ ਉਨ੍ਹਾਂ ਦੇ ਜੀਵਨ ਪੱਧਰ ’ਤੇ ਪੈ ਰਿਹਾ ਹੈ।

ਕੈਨੇਡਾ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਗੱਲ ਕਰੀਏ ਤਾਂ ਲੇਬਰ ਮਾਰਕੀਟ ਵਿੱਚ ਇਸ ਸਮੇਂ ਬਹੁਤ ਹੀ ਮਿਲੇ ਜੁਲੇ ਅਤੇ ਗੰਭੀਰ ਰੁਝਾਨ ਦੇਖਣ ਨੂੰ ਮਿਲ ਰਹੇ ਹਨ। ਦੇਸ਼ ਵਿੱਚ ਕੁੱਲ ਬੇਰੁਜ਼ਗਾਰੀ ਦੀ ਦਰ ਲਗਭਗ 6.4 ਫ਼ੀਸਦੀ ਦੇ ਆਸ-ਪਾਸ ਬਣੀ ਹੋਈ ਹੈ, ਪਰ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਵਪਾਰਕ ਮੰਦੀ ਦੇ ਆਰਥਿਕ ਦਬਾਅ ਕਾਰਨ ਨੌਕਰੀਆਂ ਦੀ ਭਾਲ ਕਰਨਾ ਪਹਿਲਾਂ ਨਾਲੋਂ ਵਧੇਰੇ ਸੰਘਰਸ਼ਪੂਰਨ ਹੋ ਗਿਆ ਹੈ। ਖ਼ਾਸ ਕਰਕੇ ਨਵੇਂ ਪਰਵਾਸੀਆਂ ਲਈ ਜਿਨ੍ਹਾਂ ਕੋਲ ਸਥਾਨਕ ਕੈਨੇਡੀਅਨ ਤਜਰਬਾ ਜਾਂ ਕੈਨੇਡਾ ਦੇ ਵਿਦਿਅਕ ਅਦਾਰਿਆਂ ਦੀਆਂ ਡਿਗਰੀਆਂ ਨਹੀਂ ਹਨ। ਅਜਿਹੇ ਲੋਕਾਂ ਨੂੰ ਮੁੱਢਲੇ ਪੜਾਅ ’ਤੇ ਆਪਣੇ ਪਸੰਦ ਜਾਂ ਹੁਨਰ ਮੁਤਾਬਿਕ ਪੱਕੀ ਅਤੇ ਚੰਗੀ ਨੌਕਰੀ ਪ੍ਰਾਪਤ ਕਰਨਾ ਕਾਫ਼ੀ ਔਖਾ ਸਾਬਤ ਹੋ ਰਿਹਾ ਹੈ। ਨਵੇਂ ਆਉਣ ਵਾਲੇ ਜ਼ਿਆਦਾਤਰ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸ਼ੁਰੂ ਵਿੱਚ ਰਿਟੇਲ ਸਟੋਰਾਂ, ਫਾਸਟ-ਫੂਡ ਚੇਨਾਂ, ਵੇਅਰਹਾਊਸਾਂ, ਸੁਰੱਖਿਆ ਗਾਰਡ ਜਾਂ ਆਮ ਲੇਬਰ ਦੇ ਖੇਤਰਾਂ ਵਿੱਚ ਕੰਮ ਕਰਨਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਅਸਥਾਈ ਅਤੇ ਐਂਟਰੀ-ਲੇਵਲ ਨੌਕਰੀਆਂ ਵਿੱਚ ਵੀ ਮੁਕਾਬਲਾ ਇੰਨਾ ਜ਼ਿਆਦਾ ਵਧ ਚੁੱਕਾ ਹੈ ਕਿ ਇੱਕ-ਇੱਕ ਆਸਾਮੀ ਲਈ ਸੈਂਕੜੇ ਉਮੀਦਵਾਰ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ।

ਦੂਜੇ ਪਾਸੇ ਕੈਨੇਡਾ ਦੀ ਆਰਥਿਕਤਾ ਦੇ ਕੁਝ ਵਿਸ਼ੇਸ਼ ਖੇਤਰ ਅਜਿਹੇ ਵੀ ਹਨ ਜਿੱਥੇ ਅਜੇ ਵੀ ਕੁਸ਼ਲ ਅਤੇ ਤਜਰਬੇਕਾਰ ਕਾਮਿਆਂ ਦੀ ਭਾਰੀ ਘਾਟ ਹੈ। ਕੈਨੇਡਾ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਅਤੇ ਸੇਵਾਮੁਕਤ ਹੋਣ ਵਾਲੇ ਕਾਮਿਆਂ ਦੀ ਗਿਣਤੀ ਵਧ ਰਹੀ ਹੈ। ਇਸ ਲਈ ਉਦਯੋਗਿਕ ਖੇਤਰ, ਸਿਹਤ ਸੰਭਾਲ ਖੇਤਰ ਜਿਵੇਂ ਕਿ ਹੈਲਥ ਕੇਅਰ, ਨਰਸਾਂ, ਡਾਕਟਰ ਅਤੇ ਦੇਖਭਾਲ ਕਰਨ ਵਾਲੇ ਸਟਾਫ, ਉਸਾਰੀ ਅਤੇ ਸਕਿਲਡ ਟਰੇਡਜ਼ ਜਿਵੇਂ ਇਲੈੱਕਟ੍ਰੀਸ਼ਨ, ਪਲੰਬਰ, ਵੈਲਡਰ, ਟਰੱਕ ਡਰਾਈਵਰ ਵਿੱਚ ਲਗਾਤਾਰ ਮੌਕੇ ਬਣੇ ਹੋਏ ਹਨ। ਇਨ੍ਹਾਂ ਪੇਸ਼ਿਆਂ ਨਾਲ ਜੁੜੇ ਲੋਕਾਂ ਲਈ ਰੁਜ਼ਗਾਰ ਪ੍ਰਾਪਤ ਕਰਨਾ ਅਤੇ ਪੱਕੇ ਤੌਰ ’ਤੇ ਵਸਣਾ ਅਜੇ ਵੀ ਆਸਾਨ ਹੈ। ਸਰਕਾਰ ਵੱਲੋਂ ਵੀ ਐਕਸਪ੍ਰੈੱਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਵਿੱਚ ਸ਼੍ਰੇਣੀ-ਆਧਾਰਿਤ ਚੋਣ ਪ੍ਰਣਾਲੀ ਲਾਗੂ ਕੀਤੀ ਗਈ ਹੈ। ਜਿਸ ਰਾਹੀਂ ਉਨ੍ਹਾਂ ਪਰਵਾਸੀਆਂ ਨੂੰ ਤਰਜੀ਼ਹ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਮੁਹਾਰਤ ਸਥਾਨਕ ਆਰਥਿਕ ਲੋੜਾਂ ਨਾਲ ਸਿੱਧੀ ਮੇਲ ਖਾਂਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰੁਜ਼ਗਾਰ ਦਾ ਮਾਹੌਲ ਪਹਿਲਾਂ ਨਾਲੋਂ ਕਾਫ਼ੀ ਬਦਲ ਚੁੱਕਾ ਹੈ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਲਈ ਪੜ੍ਹਾਈ ਦੌਰਾਨ ਕੰਮ ਕਰਨ ਦੇ ਘੰਟਿਆਂ ’ਤੇ ਸਖ਼ਤ ਸੀਮਾ ਲਗਾ ਦਿੱਤੀ ਹੈ ਅਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਸ਼ਰਤਾਂ ਨੂੰ ਵੀ ਵਧੇਰੇ ਅਨੁਸ਼ਾਸਿਤ ਕਰ ਦਿੱਤਾ ਹੈ। ਹੁਣ ਸਿਰਫ਼ ਉਨ੍ਹਾਂ ਕੋਰਸਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ ਜੋ ਕੈਨੇਡਾ ਦੀ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਕਦਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀ ਸਿਰਫ਼ ਕੰਮ ਕਰਨ ਜਾਂ ਪੱਕੇ ਹੋਣ ਦੀ ਨੀਅਤ ਨਾਲ ਨਾ ਆਉਣ, ਸਗੋਂ ਅਸਲ ਸਿੱਖਿਆ ਅਤੇ ਉਦਯੋਗਿਕ ਹੁਨਰ ਪ੍ਰਾਪਤ ਕਰਨ ’ਤੇ ਧਿਆਨ ਦੇਣ।

ਰੁਜ਼ਗਾਰ ਦੇ ਨਾਲ-ਨਾਲ ਕੈਨੇਡਾ ਵਿੱਚ ਪਰਵਾਸੀਆਂ ਦਾ ਜੀਵਨ ਪੱਧਰ ਅਤੇ ਰਹਿਣ-ਸਹਿਣ ਦਾ ਖ਼ਰਚਾ ਵੀ ਮੌਜੂਦਾ ਸਮੇਂ ਵਿੱਚ ਇੱਕ ਬਹੁਤ ਵੱਡਾ ਅਤੇ ਅਹਿਮ ਮੁੱਦਾ ਬਣ ਚੁੱਕਾ ਹੈ। ਰਵਾਇਤੀ ਤੌਰ ’ਤੇ ਕੈਨੇਡਾ ਵਿੱਚ ਜ਼ਿੰਦਗੀ ਦੇ ਮਿਆਰ ਨੂੰ ਬਹੁਤ ਉੱਚਾ, ਸੁਰੱਖਿਅਤ ਅਤੇ ਖੁਸ਼ਹਾਲ ਮੰਨਿਆ ਜਾਂਦਾ ਹੈ। ਇੱਥੇ ਦਾ ਸਾਫ਼-ਸੁਥਰਾ ਵਾਤਾਵਰਣ, ਪ੍ਰਦੂਸ਼ਣ-ਰਹਿਤ ਹਵਾ, ਉੱਚ ਪੱਧਰੀ ਪਬਲਿਕ ਸਿਹਤ ਸੇਵਾਵਾਂ, ਮਜ਼ਬੂਤ ਸਮਾਜਿਕ ਸੁਰੱਖਿਆ, ਨਿਯਮਬੱਧ ਤਰੀਕੇ ਨਾਲ ਚੱਲਣ ਵਾਲਾ ਸਮਾਜ ਅਤੇ ਮਜ਼ਬੂਤ ਕਾਨੂੰਨੀ ਵਿਵਸਥਾ ਹਰ ਕਿਸੇ ਨੂੰ ਇੱਕ ਬਿਹਤਰ ਜੀਵਨ ਦਾ ਅਹਿਸਾਸ ਕਰਵਾਉਂਦੀ ਹੈ। ਬੱਚਿਆਂ ਦੀ ਸਿੱਖਿਆ ਅਤੇ ਸਮਾਜਿਕ ਬਰਾਬਰੀ ਦੇ ਮਾਮਲੇ ਵਿੱਚ ਕੈਨੇਡਾ ਦੁਨੀਆ ਦੇ ਬਿਹਤਰੀਨ ਦੇਸ਼ਾਂ ਵਿੱਚ ਸ਼ੁਮਾਰ ਹੁੰਦਾ ਹੈ।

ਆਲਮੀ ਮਹਿੰਗਾਈ ਦਾ ਅਸਰ ਕੈਨੇਡਾ ਵਿੱਚ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਕਰਿਆਨੇ ਦਾ ਸਾਮਾਨ, ਬਿਜਲੀ, ਗੈਸ, ਕਾਰ ਬੀਮਾ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਘੱਟੋ-ਘੱਟ ਸ਼ੁਰੂਆਤੀ ਆਮਦਨ ’ਤੇ ਕੰਮ ਕਰਨ ਵਾਲੇ ਵਿਅਕਤੀ ਜਾਂ ਨਵੇਂ ਪਰਵਾਸੀ ਪਰਿਵਾਰ ਲਈ ਇਹ ਸਾਰੇ ਖ਼ਰਚੇ ਪੂਰੇ ਕਰਨਾ ਅਤੇ ਬੱਚਤ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਪਹਿਲਾਂ ਦੇ ਸਮਿਆਂ ਵਿੱਚ ਜਿੱਥੇ ਇੱਕ ਵਿਅਕਤੀ ਕੰਮ ਕਰਕੇ ਪੂਰੇ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਚਲਾ ਲੈਂਦਾ ਸੀ, ਉੱਥੇ ਹੁਣ ਪਰਿਵਾਰ ਦੇ ਸਾਰੇ ਜੀਆਂ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਜੋ ਘਰ ਦੇ ਬੁਨਿਆਦੀ ਖ਼ਰਚੇ ਅਤੇ ਕਿਰਾਏ ਨਿਕਲ ਸਕਣ। ਇਹੀ ਕਾਰਨ ਹੈ ਕਿ ਕੈਨੇਡਾ ਸਰਕਾਰ ਨੇ ਹੁਣ ਅਸਥਾਈ ਨਿਵਾਸੀਆਂ, ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਈ ਹੈ ਤਾਂ ਜੋ ਦੇਸ਼ ਦੇ ਅੰਦਰ ਬੁਨਿਆਦੀ ਢਾਂਚੇ, ਹਾਊਸਿੰਗ ਮਾਰਕੀਟ ਅਤੇ ਪਬਲਿਕ ਸਿਹਤ ਸੇਵਾਵਾਂ ’ਤੇ ਪੈ ਰਹੇ ਅੱਤ ਦੇ ਦਬਾਅ ਨੂੰ ਘਟਾਇਆ ਜਾ ਸਕੇ।

ਪਰਵਾਸੀਆਂ ਲਈ ਸਿਹਤ ਸੰਭਾਲ ਪ੍ਰਣਾਲੀ ਇੱਕ ਮੁੱਖ ਪਹਿਲੂ ਹੈ। ਹਾਲਾਂਕਿ ਕੈਨੇਡਾ ਵਿੱਚ ਪੱਕੇ ਨਿਵਾਸੀਆਂ, ਨਾਗਰਿਕਾਂ ਲਈ ਸਿਹਤ ਸੇਵਾਵਾਂ ਮੁਫ਼ਤ ਹਨ, ਪਰ ਡਾਕਟਰਾਂ ਅਤੇ ਨਰਸਾਂ ਦੀ ਘਾਟ ਕਾਰਨ ਹਸਪਤਾਲਾਂ ਵਿੱਚ ਐਮਰਜੈਂਸੀ ਵੇਟਿੰਗ ਟਾਈਮ ਬਹੁਤ ਜ਼ਿਆਦਾ ਵਧ ਗਿਆ ਹੈ। ਸਪੈਸ਼ਲਿਸਟ ਡਾਕਟਰਾਂ ਨੂੰ ਦਿਖਾਉਣ ਜਾਂ ਵੱਡੇ ਟੈਸਟ ਕਰਵਾਉਣ ਲਈ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਕਿ ਨਵੇਂ ਆਏ ਪਰਵਾਸੀਆਂ ਲਈ ਕਈ ਵਾਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਕੈਨੇਡਾ ਵਿੱਚ ਸਫਲ ਹੋਣ ਲਈ ਹੁਣ ਭਾਸ਼ਾਈ ਮੁਹਾਰਤ ਅਤੇ ਸਥਾਨਕ ਕਲਚਰ ਨਾਲ ਢਲਣ ਦੀ ਯੋਗਤਾ ਬਹੁਤ ਜ਼ਰੂਰੀ ਹੋ ਗਈ ਹੈ। ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ’ਤੇ ਚੰਗੀ ਪਕੜ ਨਾ ਹੋਣ ਕਰਕੇ ਬਹੁਤ ਸਾਰੇ ਹੁਨਰਮੰਦ ਪਰਵਾਸੀ ਵੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਕੈਨੇਡੀਅਨ ਕਾਰਪੋਰੇਟ ਕਲਚਰ ਵਿੱਚ ਸੰਚਾਰ ਹੁਨਰ ਅਤੇ ਨੈੱਟਵਰਕਿੰਗ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜਿਹੜੇ ਪਰਵਾਸੀ ਸਥਾਨਕ ਭਾਈਚਾਰੇ ਨਾਲ ਜੁੜਦੇ ਹਨ, ਆਪਣੀਆਂ ਪੇਸ਼ੇਵਰ ਸਕਿਲਜ਼ ਨੂੰ ਲਗਾਤਾਰ ਅਪਗ੍ਰੇਡ ਕਰਦੇ ਹਨ ਅਤੇ ਇੱਥੋਂ ਦੇ ਕਾਨੂੰਨਾਂ ਤੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝਦੇ ਹਨ, ਉਹ ਆਪਣੀ ਮਿਹਨਤ ਦੇ ਬਲਬੂਤੇ ਚੰਗੀਆਂ ਪਦਵੀਆਂ ’ਤੇ ਪਹੁੰਚ ਜਾਂਦੇ ਹਨ। ਕੈਨੇਡਾ ਵਿੱਚ ਪਰਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਅਤੇ ਜੀਵਨ ਪੱਧਰ ਦਾ ਮੌਜੂਦਾ ਦੌਰ ਪਹਿਲਾਂ ਵਰਗਾ ਆਸਾਨ, ਸਿੱਧਾ ਜਾਂ ਅੰਨ੍ਹੇਵਾਹ ਸਫਲਤਾ ਦੇਣ ਵਾਲਾ ਨਹੀਂ ਰਿਹਾ। ਇਹ ਹੁਣ ਇੱਕ ਅਜਿਹਾ ਦੌਰ ਹੈ ਜੋ ਪੂਰੀ ਤਰ੍ਹਾਂ ਯੋਗਤਾ, ਉੱਚ ਹੁਨਰ, ਸਹੀ ਤਿਆਰੀ ਅਤੇ ਲੰਬੇ ਸੰਘਰਸ਼ ਦੀ ਮੰਗ ਕਰਦਾ ਹੈ। ਕੈਨੇਡਾ ਅਜੇ ਵੀ ਉਨ੍ਹਾਂ ਲੋਕਾਂ ਲਈ ਅਣਗਿਣਤ ਸੰਭਾਵਨਾਵਾਂ ਦਾ ਦੇਸ਼ ਹੈ ਜੋ ਸਹੀ ਰਸਤਾ ਚੁਣਦੇ ਹਨ। ਹੁਨਰ ਨਾਲ ਲੈਸ ਹਨ ਅਤੇ ਬੁਨਿਆਦੀ ਤੌਰ ’ਤੇ ਮਜ਼ਬੂਤ ਯੋਜਨਾਬੰਦੀ ਨਾਲ ਆਉਂਦੇ ਹਨ ਪ੍ਰੰਤੂ, ਬਿਨਾਂ ਪੂਰੀ ਜਾਣਕਾਰੀ, ਘੱਟ ਹੁਨਰ ਜਾਂ ਸਿਰਫ਼ ਦੇਖੋ-ਦੇਖੀ ਆਉਣ ਵਾਲੇ ਪਰਵਾਸੀਆਂ ਲਈ ਇੱਥੇ ਸ਼ੁਰੂਆਤੀ ਸਾਲਾਂ ਵਿੱਚ ਬਹੁਤ ਵੱਡਾ ਆਰਥਿਕ ਅਤੇ ਮਾਨਸਿਕ ਦਬਾਅ ਹੈ।

Share this content:

Post Comment