ਫਾਜ਼ਿਲਕਾ ’ਚ ਸਿਹਤ ਸਕੀਮਾਂ ’ਤੇ ਵਿਜੀਲੈਂਸ ਦਾ ਸ਼ਿਕੰਜਾ
ਚੰਡੀਗਡ਼੍ਹ, 21 ਨਵੰਬਰ- ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਸਿਹਤ ਸਕੀਮਾਂ ’ਚ ਕਥਿਤ ਗੜਬੜ ਅਤੇ ਗ਼ੈਰ-ਪ੍ਰੈਕਟਿਸ ਭੱਤਾ ਲੈਣ ਦੇ ਮਾਮਲੇ ’ਚ ਸਿਵਲ ਹਸਪਤਾਲ ਫਾਜ਼ਿਲਕਾ ਦੇ ਡਾਕਟਰਾਂ ਦੀ ਤਿੱਕੜੀ ਦਾ ਰਿਕਾਰਡ ਤਲਬ ਕੀਤਾ ਹੈ। ਜ਼ਿਲ੍ਹਾ ਫਾਜ਼ਿਲਕਾ ’ਚ ਆਯੂਸਮਾਨ ਭਾਰਤ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ’ਚ ਕਥਿਤ ਘਪਲੇ ਦੇ ਚਰਚੇ ਹਨ।
ਵਿਜੀਲੈਂਸ ਨੇ ਵਿਨੋਦ ਕੁਮਾਰ ਬਾਂਸਲ ਦੀ ਸ਼ਿਕਾਇਤ ’ਤੇ ਤਿੰਨ ਸਰਕਾਰੀ ਡਾਕਟਰਾਂ ਅਤੇ ਫਾਜ਼ਿਲਕਾ ਦੇ ਪ੍ਰਾਈਵੇਟ ਹਸਪਤਾਲ ਖ਼ਿਲਾਫ਼ ਵਿਜੀਲੈਂਸ ਬਿਊਰੋ ਯੂਨਿਟ ਮੁਹਾਲੀ ’ਚ ਸ਼ਿਕਾਇਤ ਨੰਬਰ 112/2026 ਦਰਜ ਕੀਤੀ ਸੀ।
ਬੇਸ਼ੱਕ ਵਿਜੀਲੈਂਸ ਨੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ ਪਰ ਸਿਹਤ ਵਿਭਾਗ ਨੇ ਇਸ ਬਾਰੇ ਲੋੜੀਂਦੀ ਰਿਕਾਰਡ ਪੇਸ਼ ਨਹੀਂ ਕੀਤਾ। ਵਿਜੀਲੈਂਸ ਬਿਊਰੋ ਨੇ ਪੱਤਰ ਨੰਬਰ 2223 ਮਿਤੀ 10 ਨਵੰਬਰ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਸਰਜਨ ਅਤੇ ਸਰਕਾਰੀ ਹਸਪਤਾਲ ਦੇ ਐੱਸ ਐੱਮ ਓ ਸਣੇ ਤਿੰਨ ਡਾਕਟਰਾਂ ਤੋਂ ਹਫ਼ਤੇ ਅੰਦਰ ਰਿਕਾਰਡ ਤਲਬ ਕੀਤਾ ਹੈ। ਇਸ ’ਚ ਇਨ੍ਹਾਂ ਡਾਕਟਰਾਂ ਤੋਂ ਨੌਕਰੀ ਨਾਲ ਸਬੰਧਤ ਵੇਰਵੇ, ਆਮਦਨ ਕਰ ਰਿਟਰਨਾਂ, ਡਾਕਟਰਾਂ ਵੱਲੋਂ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਖ਼ਰੀਦ-ਵੇਚ ਕੀਤੀ ਪ੍ਰਾਪਰਟੀ ਦੇ ਵੇਰਵੇ, ਨਿੱਜੀ ਯਾਤਰਾਵਾਂ ਤੋਂ ਇਲਾਵਾ ਨਿਵੇਸ਼ ਕੀਤੇ ਫੰਡਾਂ ਦੇ ਵੇਰਵੇ ਸ਼ਾਮਲ ਹਨ। ਵਿਜੀਲੈਂਸ ਨੇ ਸਟੇਟ ਹੈਲਥ ਏਜੰਸੀ ਦੇ ਮੁੱਖ ਕਾਰਜਕਾਰੀ ਅਫਸਰ ਤੋਂ ਫਾਜ਼ਿਲਕਾ ਦੇ ਪ੍ਰਾਈਵੇਟ ਗੁਪਤਾ ਹਸਪਤਾਲ ਦੇ ਸਰਕਾਰੀ ਸਕੀਮਾਂ ਨਾਲ ਸਬੰਧਤ ਵੇਰਵੇ ਮੰਗੇ ਹਨ। ਇਸੇ ਤਰ੍ਹਾਂ ਸਰਕਾਰੀ ਡਾਕਟਰਾਂ ਵੱਲੋਂ ਨਿੱਜੀ ਪ੍ਰੈਕਟਿਸ ਕਰਨ ਅਤੇ ਰਿਕਾਰਡ ’ਚ ਛੇੜ-ਛਾੜ ਕਰਨ ’ਤੇ ਵੀ ਉਂਗਲ ਉਠਾਈ ਗਈ ਹੈ।
ਸ਼ਿਕਾਇਤਕਰਤਾ ਵਿਨੋਦ ਕੁਮਾਰ ਬਾਂਸਲ ਅਨੁਸਾਰ ਚਾਰ ਮਹੀਨੇ ਪਹਿਲਾਂ ਕੀਤੀ ਸ਼ਿਕਾਇਤ ’ਤੇ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਵਿਜੀਲੈਂਸ ਦੇ ਡੀ ਐੱਸ ਪੀ ਨਵਦੀਪ ਸਿੰਘ ਨੇ ਕਿਹਾ ਕਿ ਫਾਜ਼ਿਲਕਾ ਦੇ ਸਿਵਲ ਸਰਜਨ ਅਤੇ ਡਾਕਟਰਾਂ ਤੋਂ ਰਿਕਾਰਡ ਤਲਬ ਕੀਤਾ ਸੀ ਜੋ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ। ਉਹ ਦੁਬਾਰਾ ਪੱਤਰ ਲਿਖ ਰਹੇ ਹਨ।
Share this content:



Post Comment