Loading Now

ਫਰਾਂਸੀਸੀ ਰੰਗਤ ਦੇ ਪਿੱਛੇ ਛੁਪਿਆ ਹੈ ਇੱਕ ਅਣਗੌਲਾ ਸਿੱਖ ਇਤਿਹਾਸ ਭਾਰਤ ਦਾ ‘ਮਿੰਨੀ ਫਰਾਂਸ’ ਪਾਂਡੀਚੇਰੀ

ਫਰਾਂਸੀਸੀ ਰੰਗਤ ਦੇ ਪਿੱਛੇ ਛੁਪਿਆ ਹੈ ਇੱਕ ਅਣਗੌਲਾ ਸਿੱਖ ਇਤਿਹਾਸ ਭਾਰਤ ਦਾ ‘ਮਿੰਨੀ ਫਰਾਂਸ’ ਪਾਂਡੀਚੇਰੀ

ਔਕਲੈਂਡ, 26 ਜੂਨ, 2026 (ਹਰਜਿੰਦਰ ਸਿੰਘ ਬਸਿਆਲਾ) – ਸਮੁੰਦਰ ਦੇ ਕਿਨਾਰੇ ਵਸਿਆ ਅਤੇ ਪੀਲੀਆਂ ਇਮਾਰਤਾਂ ਦੀ ਖੂਬਸੂਰਤੀ ਨਾਲ ਸਜਿਆ ਪਾਂਡੀਚੇਰੀ ਸਿਰਫ਼ ਇੱਕ ਸੈਰ-ਸਪਾਟੇ ਵਾਲੀ ਥਾਂ ਨਹੀਂ ਹੈ। ਇਹ ਭਾਰਤੀ ਪਰੰਪਰਾਵਾਂ ਅਤੇ ਫਰਾਂਸੀਸੀ ਸਭਿਆਚਾਰ ਦਾ ਇੱਕ ਅਨੋਖਾ ਸੰਗਮ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ‘ਮਿੰਨੀ ਫਰਾਂਸ’ ਦਾ ਸਿੱਖ ਇਤਿਹਾਸ ਦੀ ਆਜ਼ਾਦੀ ਦੀ ਲੜਾਈ ਨਾਲ ਵੀ ਇੱਕ ਬਹੁਤ ਹੀ ਗੂੜ੍ਹਾ ਅਤੇ ਭਾਵੁਕ ਸਬੰਧ ਰਿਹਾ ਹੈ। ਆਓ ਇਸ ਸ਼ਹਿਰ ਦੀਆਂ ਪਰਤਾਂ ਨੂੰ ਫਰੋਲਦੇ ਹੋਏ ਇਤਿਹਾਸ, ਨਾਗਰਿਕਤਾ ਦੇ ਨਿਯਮਾਂ ਅਤੇ ਸਿੱਖ ਕਨੈਕਸ਼ਨ ’ਤੇ ਇੱਕ ਨਜ਼ਰ ਮਾਰੀਏ। ਅਜਿਹੇ ਅਸਥਾਨਾ ਉਤੇ ਬਣੇ ਗੁਰਦੁਆਰਾ ਸਾਹਿਬ ਸਾਡੇ ਟੂਰ ਐਂਡ ਟਰੈਵਲ ਵਿਚ ਸ਼ਾਮਿਲ ਹੋਣੇ ਚਾਹੀਦੇ ਹਨ, ਪਰ ਸ਼ਾਇਦ ਸਾਡਾ ਧਿਆਨ ਅਜੇ ਹੋਰ ਪਾਸੇ ਹੈ।

ਫਰਾਂਸੀਸੀ ਵਪਾਰੀ ਆਏ ਅਤੇ ਮਛੇਰਿਆਂ ਦੇ ਪਿੰਡ ਨੂੰ ਸ਼ਹਿਰ ਬਣਾ ਦਿੱਤਾ

ਸਾਲ 1673 ਵਿੱਚ ਫਰਾਂਸੀਸੀ ਈਸਟ ਇੰਡੀਆ ਕੰਪਨੀ ਨੇ ਬੀਜਾਪੁਰ ਦੇ ਸੁਲਤਾਨ ਤੋਂ ਵਪਾਰ ਲਈ ਇਹ ਖੇਤਰ ਪ੍ਰਾਪਤ ਕੀਤਾ ਸੀ। 1674 ਵਿੱਚ ਫਰਾਂਸਿਸ ਮਾਰਟਿਨ (François Martin) ਇੱਥੋਂ ਦੇ ਪਹਿਲੇ ਗਵਰਨਰ ਬਣੇ। ਉਨ੍ਹਾਂ ਨੇ ਇੱਕ ਛੋਟੇ ਜਿਹੇ ਮਛੇਰਿਆਂ ਦੇ ਪਿੰਡ ਨੂੰ ਆਪਣੀ ਮਿਹਨਤ ਨਾਲ ਇੱਕ ਸ਼ਾਨਦਾਰ ਬੰਦਰਗਾਹ ਅਤੇ ਵਪਾਰਕ ਕੇਂਦਰ ਵਿੱਚ ਬਦਲ ਦਿੱਤਾ। ਅੱਜ ਵੀ ਇੱਥੋਂ ਦੀਆਂ ਸੜਕਾਂ ਜਿਵੇਂ ‘ਰੂ ਰੋਮੇਨ ਰੋਲੈਂਡ’  (Rue Romain Rolland) ਅਤੇ ਖੂਬਸੂਰਤ ਬਾਲਕੋਨੀਆਂ ਉਸੇ ਦੌਰ ਦੀ ਗਵਾਹੀ ਭਰਦੀਆਂ ਹਨ।

ਪਾਸਪੋਰਟ ਫਰਾਂਸ ਦਾ ਤਾਂ ਹੱਥ ਆਇਆ, ਪਰ ਭਾਰਤੀ ਚੋਣਾਂ ਤੋਂ ਟੁੱਟਾ ਸਾਥ

ਜਦੋਂ ਫਰਾਂਸ ਨੇ ਇਹ ਇਲਾਕਾ ਭਾਰਤ ਨੂੰ ਸੌਂਪਿਆ, ਤਾਂ ਵਸਨੀਕਾਂ ਨੂੰ ਫਰਾਂਸੀਸੀ ਨਾਗਰਿਕ ਬਣੇ ਰਹਿਣ ਦਾ ਵਿਕਲਪ ਮਿਲਿਆ, ਜਿਨ੍ਹਾਂ ਨੂੰ ‘Les Optionnaires’ ਕਿਹਾ ਜਾਂਦਾ ਹੈ। ਅੱਜ ਵੀ ਇੱਥੇ ਹਜ਼ਾਰਾਂ ਫਰਾਂਸੀਸੀ ਪਾਸਪੋਰਟ ਧਾਰਕ ਰਹਿੰਦੇ ਹਨ। ਇਹ ਲੋਕ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਲਈ ਪਾਂਡੀਚੇਰੀ ਦੇ ਕੌਂਸਲੇਟ ਵਿੱਚ ਵੋਟ ਪਾਉਂਦੇ ਹਨ। ਭਾਰਤ ਵਿੱਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਾ ਹੋਣ ਕਾਰਨ, ਇਹ ਭਾਰਤੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੇ, ਪਰ ਇਨ੍ਹਾਂ ਨੂੰ ਫਰਾਂਸ ਸਰਕਾਰ ਵੱਲੋਂ ਪੈਨਸ਼ਨ, ਮੁਫ਼ਤ ਸਿੱਖਿਆ ਅਤੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਖਾਸ ਅਧਿਕਾਰ ਹਾਸਲ ਹਨ।

ਸੰਧੀ ਹੋਈ ਦੇਰ ਨਾਲ ਸਹੀ, ਪਰ ਪੂਰੀ ਆਜ਼ਾਦੀ ਮਿਲ ਹੀ ਗਈ

1947 ਵਿੱਚ ਬ੍ਰਿਟਿਸ਼ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਇਲਾਕਾ ਤੁਰੰਤ ਮੁਕਤ ਨਹੀਂ ਹੋਇਆ। ਜਨਤਾ ਦੇ ਭਾਰੀ ਦਬਾਅ ਕਾਰਨ 1 ਨਵੰਬਰ 1954 ਨੂੰ ਫਰਾਂਸ ਨੇ ਪ੍ਰਸ਼ਾਸਨਿਕ ਸ਼ਕਤੀਆਂ ਭਾਰਤ ਨੂੰ ਸੌਂਪੀਆਂ, ਜਿਸਨੂੰ ’4e 6acto’ ਟਰਾਂਸਫਰ ਕਿਹਾ ਗਿਆ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਸੰਧੀ 1956 ਵਿੱਚ ਸਾਈਨ ਹੋਈ ਸੀ, ਪਰ ਫਰਾਂਸੀਸੀ ਸੰਸਦ ਦੀ ਕਾਨੂੰਨੀ ਮਨਜ਼ੂਰੀ (Ratification) ਮਿਲਦਿਆਂ 16 ਅਗਸਤ 1962 ਤੱਕ ਦਾ ਸਮਾਂ ਲੱਗ ਗਿਆ, ਜਿਸ ਤੋਂ ਬਾਅਦ ਇਹ ਕਾਨੂੰਨੀ ਤੌਰ ’ਤੇ (4e Jure) ਭਾਰਤ ਦਾ ਹਿੱਸਾ ਬਣਿਆ।

ਚਾਰ ਟੁਕੜਿਆਂ ਵਿੱਚ ਵੰਡਿਆ ਸੰਸਾਰ, ਫਿਰ ਵੀ ਇੱਕੋ ਜਿਹਾ ਸਭਿਆਚਾਰ

ਪਾਂਡੀਚੇਰੀ ਦਾ ਭੂਗੋਲ ਬਹੁਤ ਅਨੋਖਾ ਹੈ; ਇਹ ਕੋਈ ਇੱਕ ਸਿੱਧੀ ਜ਼ਮੀਨ ਨਹੀਂ ਬਲਕਿ 4 ਵੱਖ-ਵੱਖ ਭੂਗੋਲਿਕ ਖੇਤਰਾਂ ਨੂੰ ਮਿਲਾ ਕੇ ਬਣਿਆ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਤਾਮਿਲਨਾਡੂ ਦੇ ਤੱਟ ’ਤੇ ਪੁਡੂਚੇਰੀ  ਅਤੇ ਕਾਰਾਈਕਲ ਹਨ, ਆਂਧਰਾ ਪ੍ਰਦੇਸ਼ ਵਿੱਚ ਗੋਦਾਵਰੀ ਨਦੀ ਕੋਲ ਯਾਨਮ ਹੈ, ਅਤੇ ਪੱਛਮੀ ਤੱਟ (ਕੇਰਲ) ਦੇ ਅੰਦਰ ਮਾਹੇ ਸਥਿਤ ਹੈ। ਸੈਂਕੜੇ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ, ਇਨ੍ਹਾਂ ਦਾ ਸਾਂਝਾ ਫਰਾਂਸੀਸੀ ਇਤਿਹਾਸ ਇਨ੍ਹਾਂ ਨੂੰ ਇੱਕ ਧਾਗੇ ਵਿੱਚ ਪਰੋਂਦਾ ਹੈ।

Beautiful-Pondicherry-1024x545 ਫਰਾਂਸੀਸੀ ਰੰਗਤ ਦੇ ਪਿੱਛੇ ਛੁਪਿਆ ਹੈ ਇੱਕ ਅਣਗੌਲਾ ਸਿੱਖ ਇਤਿਹਾਸ ਭਾਰਤ ਦਾ ‘ਮਿੰਨੀ ਫਰਾਂਸ’ ਪਾਂਡੀਚੇਰੀ

ਪਾਂਡੀਚੇਰੀ ਅਤੇ ਸਿੱਖਾਂ ਦਾ ਸਬੰਧ:

ਬਾਗੀ ਹੋ ਕੇ ਸਿੱਖ ਯੋਧਾ ਆਇਆ, ਫਰਾਂਸੀਸੀ ਧਰਤੀ ’ਤੇ ਡੇਰਾ ਲਾਇਆ ਬਹੁਤ ਘੱਟ ਲੋਕ ਜਾਣਦੇ ਹਨ ਕਿ ਫਰਾਂਸੀਸੀ ਪਾਂਡੀਚੇਰੀ ਦਾ ਸਿੱਖ ਇਤਿਹਾਸ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਭਾਵੁਕ ਸਬੰਧ ਹੈ। ਜਦੋਂ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ, ਤਾਂ ਉਨ੍ਹਾਂ ਦੇ ਮਾਮਾ ਅਤੇ ਸਿੰਘ ਸਭਾ ਲਹਿਰ ਦੇ ਮੋਢੀ ਪ੍ਰਧਾਨ ਬਾਬਾ ਠਾਕੁਰ ਸਿੰਘ ਸੰਧਾਵਾਲੀਆ ਨੇ ਹਾਰ ਨਹੀਂ ਮੰਨੀ। ਬਾਬਾ ਠਾਕੁਰ ਸਿੰਘ ਸੰਧਾਵਾਲੀਆ ਨੇ ਅੰਗਰੇਜ਼ੀ ਹਕੂਮਤ ਖਿਲਾਫ ਬਗਾਵਤ ਜਾਰੀ ਰੱਖੀ। ਅੰਗਰੇਜ਼ਾਂ ਤੋਂ ਅੱਖ ਬਚਾ ਕੇ ਉਹ 6 ਨਵੰਬਰ 1886 ਨੂੰ ਫਰਾਂਸੀਸੀ ਇਲਾਕੇ ਪਾਂਡੀਚੇਰੀ ਆ ਗਏ, ਕਿਉਂਕਿ ਇੱਥੇ ਬ੍ਰਿਟਿਸ਼ ਕਾਨੂੰਨ ਲਾਗੂ ਨਹੀਂ ਹੁੰਦਾ ਸੀ। ਉਨ੍ਹਾਂ ਦਾ ਘਰ 10 ਰੂ ਲਾਅ ਡੇ ਲੌਰੀਸਤਾਨ ਮਹਾਰਾਜਾ ਦਲੀਪ ਸਿੰਘ ਦੀ ਜਲਾਵਤਨ (5xile) ਸਰਕਾਰ ਦਾ ਮੁੱਖ ਹੈੱਡਕੁਆਰਟਰ ਬਣਿਆ। ਉਹਨਾਂ ਨੇ ਇੱਥੋਂ ਹੀ ਮਹਾਰਾਜਾ ਦਲੀਪ ਸਿੰਘ ਨੂੰ ਦੁਬਾਰਾ ਸਿੱਖ ਰਾਜ ਗੱਦੀ ’ਤੇ ਬਿਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ । ਬਾਬਾ ਠਾਕੁਰ ਸਿੰਘ ਸੰਧਾਵਾਲੀਆ ਦੀ 1884 ਵਿੱਚ ਹੋਈ ਇੰਗਲੈਂਡ ਫੇਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਅਤੇ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੋੜ ਸੀ।

ਜਦੋਂ ਉਹ ਲੰਡਨ ਪਹੁੰਚੇ, ਤਾਂ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨਾਲ ਮੁਲਾਕਾਤ ਕੀਤੀ, ਜੋ ਉਸ ਸਮੇਂ ਤੱਕ ਆਪਣੀ ਸਿੱਖ ਪਛਾਣ ਅਤੇ ਸ਼ਾਨਦਾਰ ਵਿਰਾਸਤ ਤੋਂ ਕਾਫੀ ਹੱਦ ਤੱਕ ਦੂਰ ਹੋ ਚੁੱਕੇ ਸਨ ਅਤੇ ਇੱਕ ਅੰਗਰੇਜ਼ ਜੈਨਟਲਮੈਨ ਵਾਂਗ ਜੀਵਨ ਬਤੀਤ ਕਰ ਰਹੇ ਸਨ। ਠਾਕੁਰ ਸਿੰਘ ਸੰਧਾਵਾਲੀਆ ਨੇ ਮਹਾਰਾਜਾ ਨੂੰ ਉਨ੍ਹਾਂ ਦੇ ਪਿਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਸਾਮਰਾਜ ਦੀ ਯਾਦ ਦਿਵਾਈ, ਪੰਜਾਬ ਦੀ ਖੁੱਸ ਚੁੱਕੀ ਪ੍ਰਭੂਸੱਤਾ ਦੇ ਇਤਿਹਾਸਕ ਤੱਥ ਸਾਹਮਣੇ ਰੱਖੇ, ਅਤੇ ਅੰਗਰੇਜ਼ਾਂ ਦੁਆਰਾ ਕੀਤੇ ਧੋਖੇ ਤੋਂ ਜਾਣੂ ਕਰਵਾਇਆ। ਇਸ ਮੁਲਾਕਾਤ ਅਤੇ ਆਪਣੇ ਖਾਨਦਾਨੀ ਪਿਛੋਕੜ ਦੀ ਅਸਲ ਸੱਚਾਈ ਨੇ ਦਲੀਪ ਸਿੰਘ ਦੇ ਮਨ ਵਿੱਚ ਇੱਕ ਡੂੰਘਾ ਅੰਦਰੂਨੀ ਸੰਘਰਸ਼ ਪੈਦਾ ਕਰ ਦਿੱਤਾ। ਠਾਕੁਰ ਸਿੰਘ ਵੱਲੋਂ ਦਿੱਤੀ ਇਸੇ ਚੇਤਨਾ ਸਦਕਾ ਹੀ ਮਹਾਰਾਜਾ ਦਲੀਪ ਸਿੰਘ ਨੇ ਬਾਅਦ ਵਿੱਚ ਦੁਬਾਰਾ ਸਿੱਖ ਧਰਮ ਵਿੱਚ ਵਾਪਸੀ (ਅੰਮ੍ਰਿਤ ਛਕਣ) ਕਰਨ ਅਤੇ ਆਪਣੀ ਗੁਆਚੀ ਹੋਈ ਸਲਤਨਤ ਨੂੰ ਮੁੜ ਹਾਸਲ ਕਰਨ ਲਈ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਬਗਾਵਤ ਦਾ ਰਾਹ ਚੁਣਿਆ। ਉਹ ਇੱਥੇ ਹੀ 18 ਅਗਸਤ 1887 ਨੂੰ ਇੱਕ ਰਹੱਸਮਈ ਹਾਲਤ ਵਿੱਚ (ਖ਼ਦਸ਼ਾ ਹੈ ਕਿ ਅੰਗਰੇਜ਼ਾਂ ਦੇ ਜ਼ਹਿਰ ਕਾਰਨ) ਉਹ ਸ਼ਹੀਦ ਹੋ ਗਏ। ਵਰਨਣਯੋਗ ਹੈ ਕਿ ਡਾ. ਸਤਿੰਦਰ ਸਰਤਾਜ ਹੋਰਾਂ ਦੀ ਫਿਲਮ ਦੇ ਵਿਚ ਵੀ ਉਨ੍ਹਾਂ ਦੀ ਇਸ ਮੀਟਿੰਗ ਦਾ ਜ਼ਿਕਰ ਹੈ। ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦਾ ਰੋਲ ਡਾ. ਸਤਿੰਦਰ ਸਰਤਾਜ ਨੇ ਨਿਭਾਇਆ ਸੀ ਅਤੇ ਬਾਬਾ ਠਾਕੁਰ ਸਿੰਘ ਦਾ ਰੋਲ ਸ. ਰਣਜੀਤ ਸਿੰਘ ਸ਼ੁੱਭ ਨੇ ਨਿਭਾਇਆ ਸੀ।

ਦੱਖਣ ਦੀ ਧਰਤੀ ’ਤੇ ਗੁਰੂ ਦਾ ਦੁਆਰ, ਸੰਗਤ ਪਾਉਂਦੀ ਅਟੁੱਟ ਪਿਆਰ ਬਾਬਾ ਠਾਕੁਰ ਸਿੰਘ ਸੰਧਾਵਾਲੀਆ ਦੀ ਇਤਿਹਾਸਿਕ ਯਾਦ ਅਤੇ ਸਿੱਖੀ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਅਰੀਕਾਮੇਡੂ ਵਿਖੇ ‘ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ’ 2013 ਤੋਂ ਸਥਾਪਿਤ ਹੈ। ਇਹ ਗੁਰਦੁਆਰਾ ਸਾਹਿਬ ਇੱਥੇ ਰਹਿਣ ਵਾਲੇ ਸਿੱਖ ਪਰਿਵਾਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਲਈ ਇੱਕ ਵੱਡਾ ਅਧਿਆਤਮਿਕ ਕੇਂਦਰ ਹੈ, ਜਿੱਥੇ ਹਰ ਐਤਵਾਰ ਵਿਸ਼ੇਸ਼ ਦੀਵਾਨ ਸਜਦੇ ਹਨ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਇਥੇ 10 ਕੁ ਸਿੱਖ ਪਰਿਵਾਰ ਇਥੇ ਰਹਿੰਦੇ ਹਨ। ਇਹ ਪਾਂਡੀਚੇਰੀ ਦੀ ਧਰਤੀ ’ਤੇ ਸਿੱਖ ਇਤਿਹਾਸ ਦੀ ਅਮਰ ਨਿਸ਼ਾਨੀ ਹੈ। ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਰਾਮੇਸ਼ਵਰਮ ਜਾਣ ਸਮੇਂ ਪਾਂਡੀਚੇਰੀ ਰੁਕੇ ਸਨ ਅਤੇ ਇਹ ਫਾਸਲਾ ਸਵਾ ਪੰਜ ਸੌ ਕਿਲੋਮੀਟਰ ਦੇ ਕਰੀਬ ਹੈ।

ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ: (ਦੱਖਣ ਦੀ ਅਧਿਆਤਮਿਕ ਯਾਤਰਾ) ਦੌਰਾਨ, ਜੋ ਕਿ ਲਗਭਗ 1510–1511 ਈਸਵੀ ਵਿੱਚ ਹੋਈ ਸੀ, ਆਪ ਜੀ ਭਾਈ ਮਰਦਾਨਾ ਜੀ ਦੇ ਨਾਲ ਭਾਰਤ ਦੇ ਪੂਰਬੀ ਤੱਟ ਤੋਂ ਹੁੰਦੇ ਹੋਏ ਸ਼੍ਰੀਲੰਕਾ (ਸੰਗਲਾਦੀਪ) ਵੱਲ ਗਏ ਸਨ। ਇਸ ਇਤਿਹਾਸਕ ਯਾਤਰਾ ਦੇ ਦੌਰਾਨ ਆਪ ਜੀ ਪਾਂਡੀਚੇਰੀ (ਪੁਡੂਚੇਰੀ) ਦੇ ਤੱਟਵਰਤੀ ਰਸਤੇ ਰਾਹੀਂ ਤਾਮਿਲਨਾਡੂ ਦੇ ਰਾਮੇਸ਼ਵਰਮ ਪਹੁੰਚੇ ਸਨ। ਗੁਰੂ ਸਾਹਿਬ ਆਪਣੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਲਗਪਗ 3100 ਕਿਲੋਮੀਟਰ ਦੂਰ ਇਥੇ ਪਹੁੰਚੇ ਸਨ। ਸਿੱਖ ਇਤਿਹਾਸਕ ਸਰੋਤਾਂ ਅਨੁਸਾਰ, ਗੁਰੂ ਨਾਨਕ ਦੇਵ ਜੀ ਤਾਮਿਲਨਾਡੂ ਦੇ ਪ੍ਰਮੁੱਖ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰਾਂ ਜਿਵੇਂ ਕਿ ਕਾਂਚੀਪੁਰਮ, ਪਾਂਡੀਚੇਰੀ ਦਾ ਤੱਟਵਰਤੀ ਇਲਾਕਾ, ਤ੍ਰਿਚੀ, ਤੰਜੌਰ, ਨਾਗਾਪੱਟੀਨਮ ਅਤੇ ਮਦੁਰਾਈ ਰਾਹੀਂ ਹੁੰਦੇ ਹੋਏ ਰਾਮੇਸ਼ਵਰਮ ਟਾਪੂ ’ਤੇ ਪਹੁੰਚੇ। ਆਪ ਜੀ ਦੀ ਇਸ ਯਾਤਰਾ ਦਾ ਮੁੱਖ ਉਦੇਸ਼ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕਾਂ ਨਾਲ ਸੰਵਾਦ ਰਚਾਉਣਾ ਅਤੇ ’ਇਕ ਓਅੰਕਾਰ’ (ਇੱਕ ਪ੍ਰਮਾਤਮਾ) ਅਤੇ ਮਨੁੱਖੀ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਸੀ।

ਪੜਾਅ (ਰਿਹਾਇਸ਼): ਇਤਿਹਾਸਕ ਹਵਾਲਿਆਂ ਅਨੁਸਾਰ, ਗੁਰੂ ਨਾਨਕ ਦੇਵ ਜੀ ਰਾਮੇਸ਼ਵਰਮ ਵਿੱਚ ਲਗਭਗ 21 ਦਿਨ ਰੁਕੇ ਸਨ। ਇਥੇ ਦਾ ਰਾਜਾ ਵੀ ਉਨ੍ਹਾਂ ਨੂੰ ਮਿਲਣ ਪਹੁੰਚਿਆ। ਸ਼੍ਰੀਲੰਕਾ ਜਾਣ ਤੋਂ ਪਹਿਲਾਂ ਅਤੇ ਉੱਥੋਂ ਵਾਪਸ ਪਰਤਣ ਵੇਲੇ ਇਹ ਸਥਾਨ ਆਪ ਜੀ ਦਾ ਮੁੱਖ ਪੜਾਅ ਸੀ। ਇਸ ਵਕਤ ਉਸ ਰਾਜੇ ਨੂੰ ਬਹੁਤ ਸਾਰੀ ਜਗ੍ਹਾ ਧਾਰਮਿਕ ਜਗ੍ਹਾ ਸਥਾਪਿਤ ਕਰਨ ਵਾਸਤੇ ਦਿੱਤੀ। ਇਥੇ ਦੀ ਵੈਸਟ ਸਟ੍ਰੀਟ ਉਤੇ ‘ਗੁਰਦੁਆਰਾ ਸ੍ਰੀ ਗੁਰੂ ਨਾਨਕ ਧਾਮ’ ਬਹੁਤ ਹੀ ਸੁੰਦਰ ਅਵਸਥਾ ਵਿਚ ਹੈ। ਇਥੇ ਇਕ ਸ਼ਰਧਾਲੂ ਹਰੀ ਦਾਸ ਨੂੰ ਕੁਝ ਗੁਰੂ ਸਾਹਿਬ ਨੇ ਨਿਸ਼ਾਨੀਆਂ ਵੀ ਦਿੱਤੀਆਂ।

Guru-Nanak-Dham-1024x833 ਫਰਾਂਸੀਸੀ ਰੰਗਤ ਦੇ ਪਿੱਛੇ ਛੁਪਿਆ ਹੈ ਇੱਕ ਅਣਗੌਲਾ ਸਿੱਖ ਇਤਿਹਾਸ ਭਾਰਤ ਦਾ ‘ਮਿੰਨੀ ਫਰਾਂਸ’ ਪਾਂਡੀਚੇਰੀ

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਧਾਮ

ਅੱਜ ਇਸ ਇਤਿਹਾਸਕ ਅਸਥਾਨ ਦੀ ਯਾਦ ਵਿੱਚ ਰਾਮੇਸ਼ਵਰਮ ਦੀ ਓਲਡ ਮਾਰਕੀਟ ਵੈਸਟ ਸਟਰੀਟ ਵਿਖੇ ‘ਗੁਰਦੁਆਰਾ ਸ਼੍ਰੀ ਗੁਰੂ ਨਾਨਕ ਧਾਮ’ ਸੁਸ਼ੋਭਿਤ ਹੈ। ਲੰਮਾ ਸਮਾਂ ਇਹ ਸਥਾਨ ਉਦਾਸੀ ਸਾਧੂਆਂ ਵੱਲੋਂ ‘ਚੰਦੂ ਲਾਲ ਮੱਠ’ ਵਜੋਂ ਸੰਭਾਲਿਆ ਜਾਂਦਾ ਰਿਹਾ। ਸਾਲ 2000 ਦੇ ਸ਼ੁਰੂਆਤੀ ਦੌਰ ਵਿੱਚ, ਤਾਮਿਲਨਾਡੂ ਦੇ ਤਤਕਾਲੀ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਦੀ ਮੁੜ-ਉਸਾਰੀ ਕਰਵਾਈ। ਅੱਜ ਇਹ ਲਗਭਗ 2.5 ਏਕੜ ਦੇ ਖੁੱਲ੍ਹੇ ਕੰਪਲੈਕਸ ਵਿੱਚ ਫੈਲਿਆ ਹੋਇਆ ਹੈ, ਜਿੱਥੇ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰਹਿਣ ਅਤੇ ਲੰਗਰ ਦੀ ਸੁੰਦਰ ਵਿਵਸਥਾ ਹੈ। ਇਥ ੇਗੁਰੂ ਸਾਹਿਬਾਂ ਦੇ ਪੈਰਾਂ ਦੇ ਨਿਸ਼ਾਨ ਵੀ ਇਕ ਪੱਥਰ ਉਤੇ ਸਾਂਭੇ ਰੱਖੇ ਗਏ ਹਨ।
ਮਿੱਠੇ ਪਾਣੀ ਦਾ ਚਸ਼ਮਾ: ਰਾਮੇਸ਼ਵਰਮ ਚਾਰੋਂ ਪਾਸਿਓਂ ਖਾਰੇ ਸਮੁੰਦਰ ਦੇ ਪਾਣੀ ਨਾਲ ਘਿਰਿਆ ਹੋਇਆ ਇੱਕ ਟਾਪੂ ਹੈ, ਜਿਸ ਕਾਰਨ ਉੱਥੇ ਪੀਣ ਵਾਲੇ ਮਿੱਠੇ ਪਾਣੀ ਦੀ ਭਾਰੀ ਕਿੱਲਤ ਹੁੰਦੀ ਸੀ। ਸਥਾਨਕ ਰਵਾਇਤਾਂ ਅਨੁਸਾਰ, ਗੁਰੂ ਸਾਹਿਬ ਨੇ ਉਸ ਸਥਾਨ ’ਤੇ ਧਰਤੀ ਵਿੱਚੋਂ ਮਿੱਠੇ ਅਤੇ ਨਿਰਮਲ ਪਾਣੀ ਦਾ ਇੱਕ ਚਸ਼ਮਾ (ਖੂਹ) ਪ੍ਰਗਟ ਕੀਤਾ, ਜਿਸ ਨੇ ਉੱਥੋਂ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ। ਇਹ ਇਤਿਹਾਸਕ ਖੂਹ ਅੱਜ ਵੀ ਮੌਜੂਦ ਹੈ।

ਮੰਡਪ: ਜਿਸ ਸਥਾਨ ’ਤੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਸੀ, ਉੱਥੇ ਬਣਿਆ ਛੋਟਾ ਜਿਹਾ ~ਮੰਡਮ’ ਅਤੇ ਉਹ ਪਵਿੱਤਰ ਖੂਹ ਪਿਛਲੀਆਂ ਪੰਜ ਸਦੀਆਂ ਤੋਂ ਸੰਭਾਲ ਕੇ ਰੱਖਿਆ ਗਿਆ ਹੈ। ਸੋ ਪਾਂਡੀਚੇਰੀ ਸਿਰਫ਼ ਫਰਾਂਸੀਸੀ ਕੈਫੇ ਅਤੇ ਸਮੁੰਦਰੀ ਤੱਟਾਂ ਤੱਕ ਸੀਮਤ ਨਹੀਂ ਹੈ, ਬਲਕਿ ਇਹ ਭਾਰਤ ਦੀ ਆਜ਼ਾਦੀ ਦੇ ਉਸ ਅਣਗੌਲੇ ਅਧਿਆਏ ਨੂੰ ਵੀ ਆਪਣੇ ਅੰਦਰ ਸਮੇਟੀ ਬੈਠਾ ਹੈ, ਜਿੱਥੇ ਪੰਜਾਬ ਦੇ ਇੱਕ ਮਹਾਨ ਸਿੱਖ ਯੋਧੇ ਨੇ ਵਿਦੇਸ਼ੀ ਹਕੂਮਤ ਦੀ ਛੱਤਰ-ਛਾਇਆ ਹੇਠ ਰਹਿ ਕੇ ਅੰਗਰੇਜ਼ਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ।

Share this content:

Post Comment