Loading Now

ਪੱਤਰਕਾਰੀ ’ਤੇ ‘ਡਿਜੀਟਲ ਪ੍ਰਭਾਵ’

ਪੱਤਰਕਾਰੀ ’ਤੇ ‘ਡਿਜੀਟਲ ਪ੍ਰਭਾਵ’

ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਇਹ ਸਿਰਫ਼ ਖ਼ਬਰਾਂ ਪਹੁੰਚਾਉਣ ਦਾ ਮਾਧਿਅਮ ਹੀ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ, ਲੋਕਾਂ ਦੀ ਆਵਾਜ਼ ਨੂੰ ਉੱਚਾ ਚੁੱਕਣ ਅਤੇ ਸੱਤਾ ਨੂੰ ਜਵਾਬਦੇਹ ਬਣਾਉਣ ਦਾ ਇਕ ਪ੍ਰਭਾਵਸ਼ਾਲੀ ਸਾਧਨ ਵੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਸੂਚਨਾ ਅਤੇ ਸੰਚਾਰ ਤਕਨਾਲੋਜੀ ’ਚ ਆਏ ਇਨਕਲਾਬੀ ਬਦਲਾਵਾਂ ਨੇ ਪੱਤਰਕਾਰੀ ਦੇ ਸਰੂਪ ਨੂੰ ਬੁਨਿਆਦੀ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਇੰਟਰਨੈੱਟ, ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ਦੇ ਤੇਜ਼ੀ ਨਾਲ ਵੱਧਦੇ ਪ੍ਰਭਾਵ ਕਾਰਨ ਖ਼ਬਰਾਂ ਇਕੱਤਰ ਕਰਨ, ਸੰਪਾਦਨ, ਪ੍ਰਕਾਸ਼ਿਤ ਕਰਨ ਅਤੇ ਲੋਕਾਂ ਤੱਕ ਪਹੁੰਚਾਉਣ ਦੇ ਢੰਗ ’ਚ ਵੱਡੀਆਂ ਤਬਦੀਲੀਆਂ ਆਈਆਂ ਹਨ। ਅੱਜ ਪੱਤਰਕਾਰੀ ਸਿਰਫ਼ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਮੋਬਾਈਲ ਫੋਨ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਹਰ ਵਿਅਕਤੀ ਤੱਕ ਤੁਰੰਤ ਪਹੁੰਚ ਰਹੀ ਹੈ। ਕਿਸੇ ਵੇਲੇ ਸਵੇਰੇ ਅਖ਼ਬਾਰ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ ਪਰ ਅੱਜ ਇਕ ਘਟਨਾ ਵਾਪਰਨ ਦੇ ਕੁਝ ਸਕਿੰਟਾਂ ’ਚ ਹੀ ਉਸ ਦੀ ਜਾਣਕਾਰੀ ਦੁਨੀਆ ਦੇ ਕਰੋੜਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ।

ਜਦੋਂ ਕੁਝ ਸਾਲ ਪਹਿਲਾਂ ਭਾਰਤ ਨੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕੀਤੀ ਤਾਂ ਇਸ ਦੀ ਜਾਣਕਾਰੀ ਅਤੇ ਸਿੱਧਾ ਪ੍ਰਸਾਰਣ ਕੁਝ ਹੀ ਸਕਿੰਟਾਂ ’ਚ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਕ੍ਰਿਕਟ ਵਿਸ਼ਵ ਕੱਪ, ਆਈਪੀਐੱਲ, ਫੀਫਾ ਵਿਸ਼ਵ ਕੱਪ ਜਾਂ ਓਲੰਪਿਕ ਖੇਡਾਂ ਵਰਗੇ ਵੱਡੇ ਖੇਡ ਸਮਾਗਮਾਂ ਦੌਰਾਨ ਲੋਕ ਆਪਣੇ ਮੋਬਾਈਲ ਫੋਨਾਂ ਰਾਹੀਂ ਹਰ ਪਲ ਦੀ ਤਾਜ਼ਾ ਜਾਣਕਾਰੀ, ਲਾਈਵ ਸਕੋਰ, ਵਿਸ਼ਲੇਸ਼ਣ ਅਤੇ ਅੱਪਡੇਟ ਤੁਰੰਤ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਖੇਡ ਪੱਤਰਕਾਰੀ ਦੀ ਪਹੁੰਚ ਅਤੇ ਪ੍ਰਭਾਵ ’ਚ ਕਾਫ਼ੀ ਵਾਧਾ ਹੋਇਆ ਹੈ। ਮੋਬਾਈਲ ਫੋਨ ਅਤੇ ਇੰਟਰਨੈੱਟ ਕਨੈਕਸ਼ਨ ਨੇ ਹਰ ਵਿਅਕਤੀ ਨੂੰ ਜਾਣਕਾਰੀ ਪ੍ਰਾਪਤ ਕਰਨ ਅਤੇ ਸਾਂਝੀ ਕਰਨ ਦੀ ਸਮਰੱਥਾ ਦੇ ਦਿੱਤੀ ਹੈ। ਇਹੀ ਕਾਰਨ ਕਿ ਡਿਜੀਟਲ ਪੱਤਰਕਾਰੀ ਨੇ ਜਾਣਕਾਰੀ ਦੇ ਪ੍ਰਸਾਰ ’ਚ ਇਕ ਕ੍ਰਾਂਤੀ ਲਿਆ ਦਿੱਤੀ ਹੈ। ਡਿਜੀਟਲ ਯੁੱਗ ਨੇ ਪੱਤਰਕਾਰਾਂ ਲਈ ਅਣਗਿਣਤ ਨਵੇਂ ਮੌਕੇ ਪੈਦਾ ਕੀਤੇ ਹਨ। ਅੱਜ ਪੱਤਰਕਾਰ ਸਿਰਫ਼ ਲਿਖਤੀ ਰਿਪੋਰਟਾਂ ਤੱਕ ਸੀਮਿਤ ਨਹੀਂ ਰਹੇ, ਉਹ ਵੀਡੀਓ ਰਿਪੋਰਟਿੰਗ, ਪੌਡਕਾਸਟ, ਲਾਈਵ ਸਟ੍ਰੀਮਿੰਗ, ਡਾਟਾ ਵਿਸ਼ਲੇਸ਼ਣ ਅਤੇ ਮਲਟੀਮੀਡੀਆ ਸਟੋਰੀਟੈਲਿੰਗ ਰਾਹੀਂ ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦੇ ਹਨ। ਸੋਸ਼ਲ ਮੀਡੀਆ ਨੇ ਪੱਤਰਕਾਰੀ ਦੇ ਖੇਤਰ ’ਚ ਇਕ ਨਵਾਂ ਅਧਿਆਇ ਜੋੜਿਆ ਹੈ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਐਕਸ (ਪਹਿਲਾਂ ਟਵਿੱਟਰ) ਵਰਗੇ ਪਲੇਟਫਾਰਮ ਅੱਜ ਖ਼ਬਰਾਂ ਦੇ ਮਹੱਤਵਪੂਰਨ ਸਰੋਤ ਬਣ ਚੁੱਕੇ ਹਨ। ਪੱਤਰਕਾਰ ਹੁਣ ਆਪਣੇ ਦਰਸ਼ਕਾਂ ਨਾਲ ਸਿੱਧਾ ਸੰਵਾਦ ਕਰ ਸਕਦੇ ਹਨ, ਉਨ੍ਹਾਂ ਦੀ ਪ੍ਰਤੀਕਿਰਿਆ ਜਾਣ ਸਕਦੇ ਹਨ ਅਤੇ ਸਮਾਜਿਕ ਮੁੱਦਿਆਂ ’ਤੇ ਵੱਡੀ ਚਰਚਾ ਨੂੰ ਉਤਸ਼ਾਹਿਤ ਕਰ ਸਕਦੇ ਹਨ, ਜਿਸ ਨਾਲ ਪੱਤਰਕਾਰੀ ਹੋਰ ਲੋਕ-ਕੇਂਦਰਿਤ ਅਤੇ ਭਾਗੀਦਾਰੀ ਵਾਲੀ ਬਣੀ ਹੈ।

ਡਿਜੀਟਲ ਕ੍ਰਾਂਤੀ ਦਾ ਇਕ ਹੋਰ ਮਹੱਤਵਪੂਰਨ ਪੱਖ ਨਾਗਰਿਕ ਪੱਤਰਕਾਰੀ ਹੈ। ਅੱਜ ਕੋਈ ਵੀ ਆਮ ਨਾਗਰਿਕ ਆਪਣੇ ਸਮਾਰਟਫੋਨ ਰਾਹੀਂ ਕਿਸੇ ਮਹੱਤਵਪੂਰਨ ਘਟਨਾ ਦੀ ਤਸਵੀਰ ਜਾਂ ਵੀਡੀਓ ਰਿਕਾਰਡ ਕਰਕੇ ਉਸ ਨੂੰ ਦੁਨੀਆ ਸਾਹਮਣੇ ਲਿਆ ਸਕਦਾ ਹੈ। ਕਈ ਵਾਰ ਇਹ ਜਾਣਕਾਰੀਆਂ ਅਜਿਹੇ ਮੁੱਦਿਆਂ ਨੂੰ ਉਜਾਗਰ ਕਰ ਦਿੰਦੀਆਂ ਹਨ ਜੋ ਰਵਾਇਤੀ ਮੀਡੀਆ ਦੀ ਨਜ਼ਰ ਤੋਂ ਦੂਰ ਰਹਿ ਜਾਂਦੇ ਹਨ। ਇਸ ਨਾਲ ਲੋਕਾਂ ਦੀ ਹਿੱਸੇਦਾਰੀ ਵਧੀ ਹੈ, ਜਾਣਕਾਰੀ ਦੇ ਸਰੋਤ ਹੋਰ ਵਿਸ਼ਾਲ ਹੋਏ ਹਨ ਅਤੇ ਰੁਜ਼ਗਾਰ ਦੇ ਨਵੇਂ ਦਰਵਾਜ਼ੇ ਵੀ ਖੋਲ੍ਹੇ ਹਨ। ਨੌਜਵਾਨਾਂ ਲਈ ਇਹ ਖੇਤਰ ਰਚਨਾਤਮਕਤਾ, ਤਕਨੀਕੀ ਕੁਸ਼ਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਵਿਲੱਖਣ ਮੇਲ ਪੇਸ਼ ਕਰਦਾ ਹੈ। ਹਾਲਾਂਕਿ ਹਰ ਤਰੱਕੀ ਆਪਣੇ ਨਾਲ ਕੁਝ ਚੁਣੌਤੀਆਂ ਵੀ ਲਿਆਉਂਦੀ ਹੈ। ਡਿਜੀਟਲ ਪੱਤਰਕਾਰੀ ਦੇ ਸਾਹਮਣੇ ਫ਼ੇਕ ਨਿਊਜ਼, ਹੈਕਿੰਗ, ਟ੍ਰੋਲਿੰਗ, ਡਾਟਾ ਚੋਰੀ ਅਤੇ ਸਾਈਬਰ ਹਮਲੇ ਵਰਗੀਆਂ ਗੰਭੀਰ ਸਮੱਸਿਆਵਾਂ ਮੌਜੂਦ ਹਨ। ਜਾਣਕਾਰੀ ਦੀ ਤੇਜ਼ੀ ਕਈ ਵਾਰ ਉਸ ਦੀ ਸੱਚਾਈ ਦੀ ਜਾਂਚ ਨੂੰ ਪਿੱਛੇ ਛੱਡ ਦਿੰਦੀ ਹੈ। ਕਈ ਵਾਰ ਸੋਸ਼ਲ ਮੀਡੀਆ ‘ਤੇ ਪੁਰਾਣੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਨਵੀਆਂ ਘਟਨਾਵਾਂ ਨਾਲ ਜੋੜ ਕੇ ਵਾਇਰਲ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਵਿੱਚ ਭਰਮ ਅਤੇ ਤਣਾਅ ਪੈਦਾ ਹੁੰਦਾ ਹੈ। ਇਸ ਲਈ ਤੱਥਾਂ ਦੀ ਜਾਂਚ ਅਤੇ ਭਰੋਸੇਯੋਗ ਸਰੋਤਾਂ ਦੀ ਪੁਸ਼ਟੀ ਬਹੁਤ ਜ਼ਰੂਰੀ ਹੈ। ਭਵਿੱਖ ਦੀ ਸਫ਼ਲ ਪੱਤਰਕਾਰੀ ਤਕਨਾਲੋਜੀ ਅਤੇ ਮਨੁੱਖੀ ਮੁੱਲਾਂ ਦੇ ਸੰਤੁਲਿਤ ਮੇਲ ‘ਤੇ ਨਿਰਭਰ ਕਰੇਗੀ।

Share this content:

Post Comment