Loading Now

ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ ਆਉਣ ਦੇਵਾਂਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ ਆਉਣ ਦੇਵਾਂਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ – 16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਹੋਈ ਮੀਟਿੰਗ ਮਗਰੋਂ ਕੇਂਦਰ ਨੇ ਸੂਬੇ ਨੂੰ ਬਿਜਲੀ ਅਤੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਾਲ ਕੇਂਦਰੀ ਪੂਲ ਵਿੱਚ 180 ਲੱਖ ਮੀਟਰਕ ਟਨ (ਐੱਲ ਐੱਮ ਟੀ) ਚੌਲਾਂ ਦਾ ਯੋਗਦਾਨ ਪਾਵੇਗਾ।

ਮੁੱਖ ਮੰਤਰੀ ਨੇ ਸ਼ਾਹਪੁਰ ਕੰਢੀ ਡੈਮ ਸਬੰਧੀ ਐੱਨ ਜੀ ਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਵੱਲੋਂ ਵਾਰ-ਵਾਰ ਜਾਰੀ ਕੀਤੇ ਜਾ ਰਹੇ ਨੋਟਿਸਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਦੱਸਿਆ ਕਿ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਕੋਲ ਇੰਡੀਆ ਅਤੇ ਝਾਰਖੰਡ ਸਰਕਾਰ ਨਾਲ ਲਗਾਤਾਰ ਰਾਬਤਾ ਰੱਖ ਰਹੀ ਹੈ।

ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਸਬੰਧਤ ਕਈ ਮੁੱਦਿਆਂ, ਖ਼ਾਸ ਕਰਕੇ ਕੋਲੇ ਦੀ ਸਪਲਾਈ ਅਤੇ ਬਿਜਲੀ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਘਟਨਾਵਾਂ ਵਾਪਰੀਆਂ ਸਨ, ਉਦੋਂ ਪਿਛਲੀਆਂ ਸਰਕਾਰਾਂ ਸੱਤਾ ਵਿੱਚ ਸਨ। ਇਸ ਤੋਂ ਬਾਅਦ ਆਈ ਕਾਂਗਰਸ ਸਰਕਾਰ ਨੇ ਵੀ ਇਨ੍ਹਾਂ ਕੇਸਾਂ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ ਕਿ ਹੁਣ ਸਾਨੂੰ ਇਨ੍ਹਾਂ ਨੂੰ ਮੁੜ ਤੋਂ ਤਿਆਰ ਕਰਨਾ ਪੈ ਰਿਹਾ ਹੈ।

ਮਹੱਤਵਪੂਰਨ ਸਮਾਗਮਾਂ ਲਈ ਸੱਦੇ ਮਿਲਣ ਦੇ ਬਾਵਜੂਦ ਵਿਦੇਸ਼ ਯਾਤਰਾ ਦੀ ਇਜਾਜ਼ਤ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪੈਰਿਸ ਵਿੱਚ ਇੱਕ ਫੂਡ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਿੱਥੇ ਪੰਜਾਬ ਦੀ ਨੁਮਾਇੰਦਗੀ ਕਰਨ ਲਈ ‘ਮਾਰਕਫੈੱਡ’ ਵੱਲੋਂ ਇੱਕ ਸਟਾਲ ਲਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਫ਼ਰਾਂਸੀਸੀ ਸਰਕਾਰ ਵੱਲੋਂ ਵੀ ਸੱਦਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਾਪਾਨ ਵਿੱਚ ਤਿੰਨ ਦਿਨਾਂ ਲਈ ਮਹਿਲਾ ਅਤੇ ਪੁਰਸ਼ ਹਾਕੀ ਦੇ ਸੈਮੀ-ਫਾਈਨਲ ਅਤੇ ਫ਼ਾਈਨਲ ਮੁਕਾਬਲੇ ਦੇਖਣ ਲਈ ਸੱਦਾ ਦਿੱਤਾ ਗਿਆ ਸੀ ਪਰ ਬੇਹੱਦ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਅਜਿਹੇ ਦੇਸ਼ਾਂ ਦੇ ਦੌਰੇ ਕਰਦੇ ਰਹਿੰਦੇ ਹਨ ਜਿਨ੍ਹਾਂ ਦੇ ਨਾਂ ਸ਼ਾਇਦ ਪਹਿਲਾਂ ਸੁਣੇ ਵੀ ਨਹੀਂ ਹੁੰਦੇ। ਮਾਨ ਨੇ ਕਿਹਾ ਕਿ ਹੁਣ ਇਸ ਬਾਰੇ ਅਦਾਲਤ ਤੱਕ ਪਹੁੰਚ ਕੀਤੀ ਹੈ ਅਤੇ ਉਮੀਦ ਹੈ ਕਿ ਭਲਕੇ ਇਜਾਜ਼ਤ ਮਿਲ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਮਾਨਸਾ ਘਟਨਾ ਬੇਹੱਦ ਮੰਦਭਾਗੀ ਹੈ ਅਤੇ ਇਸ ਲਈ ਜ਼ਿੰਮੇਵਾਰ ਹਰ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਵਿਰੋਧੀ ਪਾਰਟੀਆਂ ਲਾਸ਼ਾਂ ’ਤੇ ਸਿਆਸਤ ਕਰ ਰਹੀਆਂ ਹਨ। ਇਸ ਮੌਕੇ ਮੁੱਖ ਸਕੱਤਰ ਕੇ ਏ ਪੀ ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Share this content:

Post Comment