ਪੰਜਾਬ ਲਈ ਕਾਂਗਰਸ ਦਾ ਵੱਡਾ ਐਲਾਨ, ਪ੍ਰਿਯੰਕਾ ਕੱਕੜ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
25,ਨਵੰਬਰ – ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ ਕਾਂਗਰਸ ਨੇ ਆਪਣੀ ਚੋਣ ਤਿਆਰੀ ਅਤੇ ਮੀਡੀਆ ਰਣਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਨਿਯੁਕਤੀ ਕੀਤੀ ਹੈ। ਪਾਰਟੀ ਨੇ ਪ੍ਰਿਅੰਕਾ ਕੱਕੜ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਹੈ। ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ 24 ਨਵੰਬਰ ਨੂੰ ਜਾਰੀ ਅਧਿਕਾਰਤ ਪ੍ਰੈੱਸ ਰਿਲੀਜ਼ ਰਾਹੀਂ ਇਸ ਨਿਯੁਕਤੀ ਦਾ ਐਲਾਨ ਕੀਤਾ ਗਿਆ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਵੱਲੋਂ ਜਾਰੀ ਹੁਕਮਾਂ ਮੁਤਾਬਕ, ਪ੍ਰਿਅੰਕਾ ਕੱਕੜ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੀਡੀਆ ਨਾਲ ਜੁੜੇ ਕੰਮਾਂ ਦਾ ਤਾਲਮੇਲ ਸੰਭਾਲਣਗੇ।
ਇਸ ਨਿਯੁਕਤੀ ਨਾਲ ਪੰਜਾਬ ਕਾਂਗਰਸ ਦੇ ਮੀਡੀਆ ਪ੍ਰਬੰਧਾਂ ਵਿੱਚ ਵੀ ਤਬਦੀਲੀ ਆਈ ਹੈ। ਪ੍ਰਿਅੰਕਾ ਕੱਕੜ ਨੂੰ ਹਰਨਾਮ ਸਿੰਘ ਦੀ ਥਾਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰਨਾਮ ਸਿੰਘ ਨੂੰ ਹਾਲ ਹੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਲਈ ਮੀਡੀਆ ਕੋਆਰਡੀਨੇਟਰ ਦੀ ਨਵੀਂ ਨਿਯੁਕਤੀ ਕੀਤੀ ਗਈ।ਪ੍ਰਿਅੰਕਾ ਕੱਕੜ ਦਾ ਸਿਆਸੀ ਸਫ਼ਰ ਵੀ ਇਸ ਨਿਯੁਕਤੀ ਨੂੰ ਖ਼ਾਸ ਬਣਾਉਂਦਾ ਹੈ। ਉਹ ਲੰਬੇ ਸਮੇਂ ਤੱਕ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਅਤੇ ਪਾਰਟੀ ਦੇ ਕੌਮੀ ਪੱਧਰ ‘ਤੇ ਬੁਲਾਰਿਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਸੀ। ਟੀਵੀ ਬਹਿਸਾਂ, ਪ੍ਰੈੱਸ ਕਾਨਫਰੰਸਾਂ ਅਤੇ ਸਿਆਸੀ ਮੁੱਦਿਆਂ ‘ਤੇ ਪਾਰਟੀ ਦਾ ਪੱਖ ਰੱਖਣ ਕਾਰਨ ਉਹ ਇੱਕ ਜਾਣਿਆ-ਪਛਾਣਿਆ ਚਿਹਰਾ ਬਣੇ।ਸਾਲ 2023 ਵਿੱਚ ਪ੍ਰਿਅੰਕਾ ਕੱਕੜ ਨੂੰ ਆਮ ਆਦਮੀ ਪਾਰਟੀ ਦੀ ਕੌਮੀ ਮੁੱਖ ਬੁਲਾਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ।
ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਸਿਆਸੀ ਮੁੱਦਿਆਂ ‘ਤੇ ਪਾਰਟੀ ਦਾ ਪੱਖ ਰੱਖਿਆ ਅਤੇ ਟੈਲੀਵਿਜ਼ਨ ਬਹਿਸਾਂ ਵਿੱਚ ਸਰਗਰਮ ਰਹੇ। ਉਨ੍ਹਾਂ ਦਾ ਇਹ ਤਜਰਬਾ ਹੁਣ ਕਾਂਗਰਸ ਵੱਲੋਂ ਪੰਜਾਬ ਵਿੱਚ ਚੋਣਾਂ ਨਾਲ ਜੁੜੇ ਮੀਡੀਆ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਕੱਕੜ ਨੇ 3 ਅਕਤੂਬਰ ਨੂੰ ਦਿੱਲੀ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਪੱਲਾ ਫੜਿਆ ਸੀ। ਆਮ ਆਦਮੀ ਪਾਰਟੀ ਨਾਲ ਲੰਬੇ ਸਮੇਂ ਦੀ ਸਾਂਝ ਖ਼ਤਮ ਕਰਕੇ ਕਾਂਗਰਸ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਭੂਮਿਕਾ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਸੀ। ਹੁਣ ਨਵੀਂ ਨਿਯੁਕਤੀ ਨਾਲ ਉਨ੍ਹਾਂ ਨੂੰ ਪਾਰਟੀ ਵਿੱਚ ਅਹਿਮ ਜ਼ਿੰਮੇਵਾਰੀ ਮਿਲ ਗਈ ਹੈ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਆਪਣੀ ਜਥੇਬੰਦਕ ਬਣਤਰ, ਚੋਣ ਪ੍ਰਚਾਰ ਅਤੇ ਲੋਕਾਂ ਤੱਕ ਪਹੁੰਚ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਹੀ ਹੈ। ਅਜਿਹੇ ਸਮੇਂ ਮੀਡੀਆ ਕੋਆਰਡੀਨੇਟਰ ਦੀ ਨਿਯੁਕਤੀ ਨੂੰ ਪਾਰਟੀ ਦੀ ਸੰਚਾਰ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਬਿਆਨਬਾਜ਼ੀ, ਪ੍ਰਚਾਰ ਅਤੇ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਕਾਫ਼ੀ ਅਹਿਮ ਰਹੇਗੀ।ਹੁਣ ਪ੍ਰਿਅੰਕਾ ਕੱਕੜ ਦੀ ਨਵੀਂ ਜ਼ਿੰਮੇਵਾਰੀ ਦੇ ਨਾਲ ਪੰਜਾਬ ਕਾਂਗਰਸ ਦੇ ਮੀਡੀਆ ਪ੍ਰਬੰਧਾਂ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੇਗੀ। ਇੱਕ ਪਾਸੇ ਪਾਰਟੀ 2027 ਦੀ ਚੋਣ ਲਈ ਆਪਣੀਆਂ ਤਿਆਰੀਆਂ ਨੂੰ ਅੱਗੇ ਵਧਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਵੀਆਂ ਨਿਯੁਕਤੀਆਂ ਰਾਹੀਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਜਾਰੀ ਹੈ।
Share this content:



Post Comment