Loading Now

ਪੰਜਾਬ ਦੇ 6 ਜ਼ਿਲ੍ਹਿਆਂ ‘ਚ ਹੜ੍ਹ ਵਰਗੇ ਹਾਲਾਤ

ਪੰਜਾਬ ਦੇ 6 ਜ਼ਿਲ੍ਹਿਆਂ ‘ਚ ਹੜ੍ਹ ਵਰਗੇ ਹਾਲਾਤ

ਚੰਡੀਗੜ੍ਹ, 20 ਅਗਸਤ – ਹਿਮਾਚਲ ਵਿਚ ਪੈ ਰਹੇ ਭਾਰੀ ਮੀਂਹ ਕਰਕੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਹਾਲਾਂਕਿ ਅੱਜ 20 ਅਗਸਤ ਤੋਂ ਅਗਲੇ ਤਿੰਨ ਦਿਨ ਯਾਨੀ 23 ਤਰੀਕ ਤੱਕ ਭਾਰੀ ਮੀਂਹ ਦਾ ਅਲਰਟ ਨਹੀਂ ਹੈ ਪਰ ਕੁਝ ਥਾਵਾਂ ‘ਤੇ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿਚ ਸੂਬੇ ਦੇ ਤਾਪਮਾਨ ਵਿਚ 2.4 ਡਿਗਰੀ ਦਾ ਵਾਧਾ ਹੋਇਆ ਹੈ। ਇਹ ਸਾਧਾਰਨ ਤਾਪਮਾਨ ਦੇ ਕਰੀਬ ਹੋ ਗਿਆ ਹੈ। ਸਭ ਤੋਂ ਵੱਧ ਤਾਪਮਾਨ 39.8 ਡਿਗਰੀ ਫਰੀਦਕੋਟ ਵਿਚ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਕੁਝ ਥਾਵਾਂ ‘ਤੇ ਹਲਕੀ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 20 ਤੇ 22 ਅਗਸਤ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ। 23 ਅਗਸਤ ਨੂੰ ਜ਼ਿਆਦਾਤਰ ਥਾਵਾਂ ‘ਤੇ ਮੀਂਹ ਦੀ ਸੰਭਾਵਨਾ ਹੈ। ਇਸ ਦਿਨ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਬਾਅਦ 25 ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ।

BBMB ਵੱਲੋਂ ਬੀਤੇ ਦਿਨੀਂ ਦੁਪਹਿਰ ਨੂੰ 4 ਫਲੱਟ ਗੇਡ ਖੋਲ੍ਹੇ ਗਏ। ਇਸ ਦੌਰਾਨ 45,000 ਕਿਊਸਿਕ ਪਾਣੀ ਛੱਡਿਆ ਗਿਆ। ਅੱਧਾ ਪਾਣੀ ਸਤਲੁਜ ਨਦੀ ਤੇ ਬਾਕੀ ਨਹਿਰਾਂ ਵਿਚ ਛੱਡਿਆ ਗਿਆ। ਫਲੱਟ ਗੇਡ ਸਿਰਫ ਦੋ ਫੁੱਟ ਤੱਕ ਖੋਲ੍ਹੇ ਗਏ। ਦੂਜੇ ਪਾਸੇ ਰਾਵੀ ਤੇ ਉੱਜ ਦਰਿਆ ਦਾ ਪਾਣੀ ਦਾ ਪੱਧਰ ਘਟਣ ਨਾਲ ਪਠਾਨਕੋਟ ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿਚ ਹਾਲਾਤ ਸੁਧਰਨ ਲੱਗੇ ਹਨ। ਕਪੂਰਥਲਾ ਵਿਚ ਬਿਆਸ ਦਾ ਪਾਣੀ ਵੀ ਥੋੜ੍ਹਾ ਘੱਟ ਹੋਣ ਲੱਗਾ ਹੈ ਪਰ ਮੰਡ ਖੇਤਰ ਦੇ 25 ਤੋਂ ਵੱਧ ਪਿੰਡਾਂ ਵਿਚ ਹਾਲਾਤ ਜਿਉਂ ਦੇ ਤਿਉਂ ਹਨ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੌਂਗ ਡੈਮ ਤੋਂ ਅੱਜ ਵੀ 75,000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਮੰਗਲਵਾਰ ਨੂੰ ਬੰਨ੍ਹ ਦਾ ਪਾਣੀ ਦਾ ਪੱਧਰ 1383.03 ਫੁੱਟ ਪਹੁੰਚ ਗਿਆ ਸੀ ਜੋ ਖਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਹੈ। ਸੂਬੇ ਦੇ 6 ਜ਼ਿਲ੍ਹਿਆਂ ਵਿਚ ਹੜ੍ਹ ਵਰਗੇ ਹਾਲਾਤ ਹਨ। ਸੈਂਕੜੇ ਪਿੰਡ ਤੇ 14 ਹਜ਼ਾਰ 200 ਏਕੜ ਖੇਤ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਫਿਰੋਜ਼ਪੁਰ, ਫਾਜ਼ਿਲਕਾ ਤੇ ਕਪੂਰਥਲਾ ਪ੍ਰਭਾਵਿਤ ਹੈ। ਕੁਝ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ।

Share this content:

Post Comment