Loading Now

ਪੰਜਾਬ ਦੇ ਛੇ ਹੋਰ ਜ਼ਿਲ੍ਹਿਆਂ ‘ਚ ਸ਼ੂਰੂ ਹੋਵੇਗੀ ‘ਪਲਾਸਟਿਕ ਚੈਂਪੀਅਨਜ਼’ ਮੁਹਿੰਮ

ਪੰਜਾਬ ਦੇ ਛੇ ਹੋਰ ਜ਼ਿਲ੍ਹਿਆਂ ‘ਚ ਸ਼ੂਰੂ ਹੋਵੇਗੀ ‘ਪਲਾਸਟਿਕ ਚੈਂਪੀਅਨਜ਼’ ਮੁਹਿੰਮ

ਚੰਡੀਗੜ੍ਹ , 21 ਨਵੰਬਰ-  ਪੰਜਾਬ ਵਿੱਚ ਪਲਾਸਟਿਕ ਕੂੜੇ ਦੇ ਸਹੀ ਪ੍ਰਬੰਧਨ ਅਤੇ ਮੁੜ ਵਰਤੋਂ (ਰੀਸਾਈਕਲਿੰਗ) ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਆਪਣੀ ‘ਪੰਜਾਬ ਪਲਾਸਟਿਕ ਚੈਂਪੀਅਨਜ਼’ ਮੁਹਿੰਮ ਦਾ ਦਾਇਰਾ ਵਧਾਉਣ ਜਾ ਰਿਹਾ ਹੈ। ਪਟਿਆਲਾ ਦੇ 19 ਸਕੂਲਾਂ ਵਿੱਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਦੀ ਸਫ਼ਲਤਾ ਤੋਂ ਬਾਅਦ ਅਗਲੇ ਮਹੀਨੇ ਇਹ ਮੁਹਿੰਮ ਛੇ ਹੋਰ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਦੇ ਅਗਲੇ ਪੜਾਅ ਵਿੱਚ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।

ਗਿੱਲੇ ਕੂੜੇ ਵਿੱਚ ਮਿਲ ਜਾਣ ਕਾਰਨ ਇਸ ਦੇ ਰੀਸਾਈਕਲ ਹੋਣ ਦੀ ਸੰਭਾਵਨਾ ਲਗਪਗ ਖ਼ਤਮ ਹੋ ਜਾਂਦੀ ਹੈ। ਇਹ ਪਲਾਸਟਿਕ ਸੜਕਾਂ ’ਤੇ ਖਿੱਲਰਨ, ਕੂੜੇ ਦੇ ਢੇਰਾਂ ਅਤੇ ਲੈਂਡਫਿਲ ਸਾਈਟਾਂ ’ਤੇ ਇਕੱਠਾ ਹੋਣ ਦੇ ਨਾਲ-ਨਾਲ ਜਲ ਸਰੋਤਾਂ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ। ਕਈ ਵਾਰ ਇਸ ਨੂੰ ਖੁੱਲ੍ਹੇ ਵਿੱਚ ਸਾੜ ਦਿੱਤਾ ਜਾਂਦਾ ਹੈ, ਜਿਸ ਨਾਲ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ।

ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਘਰਾਂ ਵਿੱਚੋਂ ਮਲਟੀ-ਲੇਅਰਡ ਪਲਾਸਟਿਕ ਇਕੱਠਾ ਕਰਨ, ਇਸ ਨੂੰ ਸਾਫ਼ ਅਤੇ ਸੁੱਕਾ ਰੱਖਣ ਅਤੇ ਸਕੂਲਾਂ ਵਿੱਚ ਰੱਖੇ ਵਿਸ਼ੇਸ਼ ਡੱਬਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਨਾਲ ਜੋੜਨ ਦੇ ਨਾਲ-ਨਾਲ ਇਕੱਠੇ ਕੀਤੇ ਪਲਾਸਟਿਕ ਨੂੰ ਰੀਸਾਈਕਲਿੰਗ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਜਾਂ ਇਸ ਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਯਕੀਨੀ ਬਣਾਉਣਾ ਹੈ।

ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਜਦੋਂ ਬੱਚੇ ਵਾਤਾਵਰਨ ਨਾਲ ਜੁੜੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਖ਼ੁਦ ਉਠਾਉਂਦੇ ਹਨ ਤਾਂ ਇਹ ਬਹੁਤ ਉਤਸ਼ਾਹਜਨਕ ਹੁੰਦਾ ਹੈ। ਇਸ ਮੁਹਿੰਮ ਰਾਹੀਂ ਲੋਕਾਂ ਦੀਆਂ ਆਦਤਾਂ ਵਿੱਚ ਲੰਬੇ ਸਮੇਂ ਤੱਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲਾਂ ਨੂੰ ਸਾਫ਼ ਮਲਟੀ-ਲੇਅਰਡ ਪਲਾਸਟਿਕ ਇਕੱਠਾ ਕਰਨ ਦੇ ਸਥਾਈ ਕੇਂਦਰ ਬਣਾਉਣ ਅਤੇ ਵਿਦਿਆਰਥੀਆਂ ਰਾਹੀਂ ਕੂੜੇ ਨੂੰ ਵੱਖ-ਵੱਖ ਇਕੱਠਾ ਕਰਨ ਅਤੇ ਵਸਤਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦਾ ਸੁਨੇਹਾ ਘਰਾਂ ਤੱਕ ਪਹੁੰਚਾਉਣ ਦੀ ਯੋਜਨਾ ਹੈ।

Share this content:

Post Comment