ਪੰਜਾਬ ਦੇ ਕਈ ਸ਼ਹਿਰਾਂ ’ਚ ਪਾਰਾ 40 ਤੋਂ ਪਾਰ
ਚੰਡੀਗੜ੍ਹ, 20 ਅਪ੍ਰੈਲ – ਅਪਰੈਲ ਦੇ ਸ਼ੁਰੂ ਵਿੱਚ ਪਏ ਮੀਂਹ ਤੇ ਗੜਿਆਂ ਤੋਂ ਬਾਅਦ ਹੁਣ ਗਰਮੀ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਵਾਢੀ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਅੱਜ ਪੰਜਾਬ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ। ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਤੋਂ 23 ਅਪਰੈਲ ਤੱਕ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਗਿਆਨੀਆਂ ਨੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵੇਰਵਿਆਂ ਮੁਤਾਬਕ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸਵੇਰ ਤੋਂ ਹੀ ਤਿੱਖੀ ਧੁੱਪ ਨਿਕਲੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 40 ਡਿਗਰੀ, ਪਟਿਆਲਾ ਵਿੱਚ 40.5 ਅਤੇ ਹੋਰਨਾਂ ਸ਼ਹਿਰਾਂ ਦਾ ਤਾਪਮਾਨ ਕਰੀਬ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ ਦਾ ਤਾਪਮਾਨ 39.3, ਅੰਮ੍ਰਿਤਸਰ ਦਾ 35.3, ਪਠਾਨਕੋਟ ਦਾ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Share this content:



Post Comment