ਪੰਜਾਬ ਦੀ ਇਸ ਯੂਨੀਵਰਸਿਟੀ ‘ਤੇ ਪੇਪਰ ’ਚੋਂ ਪਾਸ ਕਰਵਾਉਣ ਬਦਲੇ ਰੁਪਏ ਠੱਗਣ ਦਾ ਦੋਸ਼
ਪਟਿਆਲਾ, 1 ਅਕਤੂਬਰ – ਪੰਜਾਬੀ ਯੂਨੀਵਰਸਿਟੀ ਵਿਖੇ ਉੱਤਰ ਪੱਤਰੀਆਂ ਵਿਚੋਂ ਪੰਨੇ ਬਦਲਣ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਸੀ ਕਿ ਹੁਣ ਪਾਸ ਕਰਵਾਉਣ ਵਾਲੇ ਪੈਸੇ ਲੈਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ਯੂਨੀਵਰਸਿਟੀ ਦੇ ਇੱਕ ਚੌਥਾ ਦਰਜਾ ਮੁਲਾਜ਼ਮ ਤੇ ਵਿਦਿਆਰਥੀ ਨੂੰ ਪ੍ਰੀਖਿਆ ਵਿਚੋਂ ਪਾਸ ਕਰਵਾਉਣ ਦਾ ਝਾਂਸਾ ਦੇ ਕੇ 40 ਹਜ਼ਾਰ ਰੁਪਏ ਲੈਣ ਦੇ ਦੋਸ਼ ਲੱਗੇ ਹਨ। ਪੈਸੇ ਦੇਣ ਦੇ ਬਾਵਜੂਦ ਜਦੋਂ ਵਿਦਿਆਰਥੀ ਪਾਸ ਨਾ ਹੋ ਸਕਿਆ ਅਤੇ ਪ੍ਰੀਖਿਆ ਵਿਚੋਂ ਫੇਲ੍ਹ ਹੋ ਗਿਆ, ਤਾਂ ਉਸ ਨੇ ਮੁਲਾਜ਼ਮ ਖ਼ਿਲਾਫ਼ ਪ੍ਰਸ਼ਾਸਨ ਅਤੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਮੁਲਾਜ਼ਮ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਤਾਇਨਾਤ ਸੀ। ਵਿਦਿਆਰਥੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਾਜ਼ਮ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਪ੍ਰੀਖਿਆ ਵਿੱਚੋਂ ਆਸਾਨੀ ਨਾਲ ਪਾਸ ਕਰਵਾ ਦੇਵੇਗਾ। ਇਸ ਇਵਜ਼ ਵਜੋਂ ਮੁਲਾਜ਼ਮ ਨੇ ਉਸ ਕੋਲੋਂ 40 ਹਜ਼ਾਰ ਰੁਪਏ ਦੀ ਰਕਮ ਹਾਸਲ ਕਰ ਲਈ। ਨਤੀਜਾ ਆਉਣ ਤੇ ਵਿਦਿਆਰਥੀ ਨੂੰ ਪਤਾ ਲੱਗਾ ਕਿ ਉਹ ਪਾਸ ਹੋਣ ਦੀ ਬਜਾਏ ਫੇਲ੍ਹ ਹੋ ਗਿਆ ਹੈ।
ਖ਼ੁਦ ਨੂੰ ਠੱਗਿਆ ਮਹਿਸੂਸ ਕਰਦਿਆਂ ਵਿਦਿਆਰਥੀ ਨੇ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਦੀ ਮੰਗ ਕੀਤੀ ਹੈ।ਡੱਬੀਮੁਲਾਜ਼ਮ ਦਾ ਤਬਾਦਲਾ, ਜਾਂਚ ਕਮੇਟੀ ਦਾ ਗਠਨਇਹ ਮਾਮਲਾ ਸਾਹਮਣੇ ਆਉਂਦੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਹਰਕਮ ਵਿਚ ਆ ਗਿਆ। ਅਥਾਰਟੀ ਨੇ ਕਾਰਵਾਈ ਕਰਦਿਆਂ ਮੁਲਾਜ਼ਮ ਦਾ ਤਬਾਦਲਾ ਤੁਰੰਤ ਪ੍ਰਭਾਵ ਨਾਲ ਪ੍ਰੀਖਿਆ ਸ਼ਾਖਾ ਤੋਂ ਅਮਲਾ ਸ਼ਾਖਾ ਵਿੱਚ ਕਰ ਦਿੱਤਾ ਹੈ, ਤਾਂ ਜੋ ਉਹ ਜਾਂਚ ਪ੍ਰਕਿਰਿਆ ਜਾਂ ਰਿਕਾਰਡ ਨੂੰ ਪ੍ਰਭਾਵਿਤ ਨਾ ਕਰ ਸਕੇ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਨਿਰਪੱਖ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਯੂਨੀਵਰਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਪਾਏ ਜਾਣ ਤੇ ਮੁਲਾਜ਼ਮ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ ਪੁਲਿਸ ਵੱਲੋਂ ਵੀ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਡੱਬੀਦੱਸਣਾ ਬਣਦਾ ਹੈ ਕਿ ਬੀਤੇ ਮਹੀਨੇ ਪੁਨਰ ਮੁਲਾਂਕਣ ਵਾਲੇ ਪੇਪਰਾਂ ਵਿਚ ਵੀ ਹੇਰ ਫੇਰ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਜਿਸ ਵਿਚ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਦੇ ਪੰਨਿਆਂ ਨੂੰ ਬਦਲ ਦਿੱਤਾ ਜਾਂਦਾ ਸੀ। ਉੱਤਰ ਪੱਤਰੀਆਂ ਦੇ ਪੰਨਿਆਂ ਵਿਚ ਲਿਖਾਈ ਤੇ ਨੰਬਰਾਂ ਦਾ ਮੇਲ ਨਾ ਹੋਣ ’ਤੇ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਕੋ ਵਿਸ਼ੇ ਦੇ ਕਈ ਵਿਦਿਆਰਥੀਆਂ ਦੀਆਂ ਉੱਤਰੀਆਂ ਪੱਤਰੀਆਂ ਬਦਲੀਆਂ ਜਾ ਚੁੱਕੀਆਂ ਹਨ।
Share this content:


Post Comment