ਪੰਜਾਬ ‘ਚ ਮੁਲਾਜ਼ਮਾਂ ਦੀ ਵੱਡੀ ਹੜਤਾਲ: ਸਰਕਾਰੀ ਦਫ਼ਤਰ, OPD ਬੰਦ
27, ਅਗਸਤ – ਪੰਜਾਬ ਵਿੱਚ 7 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਅੱਜ ਡੀਏ ਸਮੇਤ 8 ਮੰਗਾਂ ਨੂੰ ਲੈ ਕੇ ਆਮ ਹੜਤਾਲ ‘ਤੇ ਹਨ। ਜਿਸ ਕਾਰਨ ਸਾਰੇ ਸਰਕਾਰੀ ਦਫ਼ਤਰਾਂ, ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਓਪੀਡੀ ਪੂਰੀ ਤਰ੍ਹਾਂ ਬੰਦ ਹੈ। ਸਾਂਝਾ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਦਿੱਤੇ ਹੜਤਾਲ ਦੇ ਸੱਦੇ ਦਾ ਅਸਰ ਅੱਜ ਸਰਕਾਰੀ ਅਦਾਰਿਆਂ ਵਿੱਚ ਦੇਖਣ ਨੂੰ ਮਿਲਿਆ। ਬਠਿੰਡਾ ਵਿਖੇ ਵੀ ਹਸਪਤਾਲ ਵੀ ਖਾਲੀ ਨਜ਼ਰ ਆਏ। ਜਦਕਿ, ਕਈ ਥਾਵਾਂ ‘ਤੇ ਸਰਕਾਰੀ ਸਕੂਲ ਖੁੱਲ੍ਹੇ ਹਨ। ਇਸ ਦੇ ਨਾਲ ਹੀ, ਬੱਸਾਂ ਚੱਲ ਰਹੀਆਂ ਹਨ। ਅਧਿਕਾਰੀਆਂ ਦੀਆਂ ਕਾਰਾਂ ਦੇ ਡਰਾਈਵਰ ਵੀ ਹੜਤਾਲ ‘ਤੇ ਹਨ। ਇਸ ਕਾਰਨ ਅਧਿਕਾਰੀਆਂ ਨੂੰ ਦਫ਼ਤਰ ਪਹੁੰਚਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਲੁਧਿਆਣਾ ਦੇ ਡੀਸੀ 9:30 ਵਜੇ ਤੱਕ ਆਪਣੇ ਦਫ਼ਤਰ ਨਹੀਂ ਪਹੁੰਚੇ।
ਫਿਰੋਜ਼ਪੁਰ:ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਕੰਮਕਾਜ ਠੱਪ
ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਸਰਕਾਰੀ ਮੁਲਾਜ਼ਮ ਹੜਤਾਲ ‘ਤੇ ਹਨ। ਇਸੇ ਤਹਿਤ ਫਿਰੋਜ਼ਪੁਰ ਵਿੱਚ ਵੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਕੰਮਕਾਜ ਠੱਪ ਕਰਕੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਆਵਾਜ਼ ਚੁੱਕ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ।
ਕਰਮਚਾਰੀਆਂ ਨੇ ਖ਼ਾਸ ਤੌਰ ‘ਤੇ ਬਕਾਇਆ ਡੀਏ ਜਾਰੀ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਫ਼ੈਸਲਾ ਲੈਣਾ ਚਾਹੀਦਾ ਹੈ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ, ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਜਵਾਬ ਦਿੱਤਾ ਜਾਵੇਗਾ।
ਬਠਿੰਡਾ: ਹਸਪਤਾਲ ਦਿਖੇ ਖਾਲੀ, ਸਿਰਫ਼ ਐਮਰਜੈਂਸੀ ਸੇਵਾਵਾਂ ਚਾਲੂ
- ਹੜਤਾਲ ਦੇ ਚੱਲਦਿਆਂ ਬਠਿੰਡਾ ਵਿੱਚ ਓਪੀਡੀ ਅਤੇ ਹੋਰਨਾਂ ਸੇਵਾਵਾਂ ਡਾਕਟਰਾਂ ਵੱਲੋਂ ਠੱਪ ਕੀਤੀਆਂ ਗਈਆਂ।
- ਐਮਰਜੈਂਸੀ ਜੱਚਾ ਬੱਚਾ ਅਤੇ ਪੋਸਟਮਾਰਟਮ ਦੀਆਂ ਸੁਵਿਧਾਵਾਂ ਬਹਾਲ।
- ਡਾਕਟਰਾਂ ਵੱਲੋਂ ਮਹਾਂ ਹੜਤਾਲ ਦਾ ਦਿੱਤਾ ਗਿਆ ਸਾਥ।
- ਬਠਿੰਡਾ ਸਰਕਾਰੀ ਹਸਪਤਾਲ ਦੀ ਰੋਜਾਨਾ ਓਪੀਡੀ 1200 ਤੋਂ 1500 ਦੇ ਕਰੀਬ ਹੁੰਦੀ ਹੈ।
Share this content:



Post Comment