ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਚੌਥੇ ਦਿਨ ਪਦਮ ਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਪੁਸਤਕ ਪੰਜਾਬ ਦੇ ਦਰਿਆਈ ਪਾਣੀਆਂ ਦੀ ਗ਼ੈਰ—ਸੰਵਿਧਾਨਕ ਲੁੱਟ ਦਾ ਲੋਕ ਅਰਪਣ

*ਪਾਣੀਆਂ ਸੰਬੰਧੀ ਹੱਕਾਂ ਬਾਰੇ ਚੇਤਨਾ ਦੀ ਜਾਗ ਲਗਾਉਣ ਦੀ ਲੋੜ – ਉਪ ਕੁਲਪਤੀ ਡਾ. ਜਗਦੀਪ ਸਿੰਘ
ਪਟਿਆਲਾ, 3 ਅਪ੍ਰੈਲ, 2026 (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ 12ਵੇਂ ਪੰਜ—ਰੋਜ਼ਾ ‘ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਚੌਥੇ ਦਿਨ ਸਾਹਿਤਕ ਗਤੀਵਿਧੀਆਂ ਦਾ ਦੌਰ ਨਿਰੰਤਰ ਜਾਰੀ ਰਿਹਾ। ਅੱਜ ਦੀ ਅਹਿਮ ਗਤੀਵਿਧੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਕੀਰਤੀ ਚੱਕਰ, ਪਦਮ ਸ੍ਰੀ ਸਵਰਨ ਸਿੰਘ ਬੋਪਾਰਾਏ ਦੀ ਪੁਸਤਕ ‘ਪੰਜਾਬ ਦੇ ਦਰਿਆਈ ਪਾਣੀਆਂ ਦੀ ਗ਼ੈਰ—ਸੰਵਿਧਾਨਕ ਲੁੱਟ‘, ਜਿਸ ਦਾ ਪੰਜਾਬੀ ਵਿਚ ਸਿਮਰਨਜੀਤ ਕੌਰ ਨੇ ਅਨੁਵਾਦ ਕੀਤਾ ਹੈ, ਦਾ ਲੋਕ ਅਰਪਣ ਸ਼ਾਮਿਲ ਸੀ। ਇਸ ਬੈਠਕ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸ੍ਰੀ ਸਵਰਨ ਸਿੰਘ ਬੋਪਾਰਾਏ ਦਾ ਸੁਆਗਤ ਕਰਦਿਆਂ ਉਨ੍ਹਾਂ ਦੀਆਂ ਯੂਨੀਵਰਸਿਟੀ ਦੇ ਹਿਤ ਵਿਚ ਉਲੀਕੀਆਂ ਸਾਰਥਿਕ ਵਿਉਂਤਾਂ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਸੰਬੰਧੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਵਰਤਮਾਨ ਦੌਰ ਵਿਚ ਪਾਣੀ ਵਰਗੇ ਅਨਮੋਲ ਸ੍ਰੋਤਾਂ ਸੰਬੰਧੀ ਹੱਕਾਂ ਬਾਰੇ ਚੇਤਨਾ ਦੀ ਜਾਗ ਲਗਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਅਸੀਂ ਪਾਣੀਆਂ ਬਾਰੇ ਸਾਵਧਾਨ ਨਾ ਹੋਏ ਤਾਂ ਅਗਲੀ ਜੰਗ ਪਾਣੀਆਂ ਦੀ ਹੋ ਸਕਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪੁਸਤਕ ਸਾਡਾ ਮਾਰਗ ਦਰਸ਼ਨ ਕਰੇਗੀ। ਸਾਹਿਤ ਉਤਸਵ ਦੇ ਸੰਚਾਲਕ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਇਸ ਬੈਠਕ ਦੀ ਰੂਪਰੇਖਾ ਸਾਂਝੀ ਕੀਤੀ।
ਉਪਰੰਤ ਪਦਮ ਸ੍ਰੀ ਸਵਰਨ ਸਿੰਘ ਬੋਪਾਰਾਏ ਨੇ ਇਸ ਪੁਸਤਕ ਸੰਬੰਧੀ ਰਚਨਾ ਦਾ ਮਕਸਦ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਜਦੋਂ ਵੀ ਦੇਸ਼ ਉਪਰ ਸੰਕਟ ਆਏ,ਕਿਸਾਨ ਨੇ ਅੰਨ ਪੈਦਾ ਕਰਕੇ ਸਾਡੇ ਜੀਵਨ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਪਾਣੀਆਂ ਦੇ ਮਸਲੇ ਤੇ ਹਮੇਸ਼ਾ ਧੱਕਾ ਹੁੰਦਾ ਆਇਆ ਹੈ। ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਉਨ੍ਹਾਂ ਸਰੋਕਾਰਾਂ ਤੇ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਗ਼ੈਰ—ਸੰਵਿਧਾਨਕ ਲੁੱਟ ਕਰਕੇ ਫ਼ਰੇਬ ਹੀ ਨਹੀਂ ਕਮਾਇਆ ਸਗੋਂ ਸਾਡੇ ਹੱਕਾਂ ਦਾ ਘਾਣ ਵੀ ਕੀਤਾ ਹੈ। ਉਨ੍ਹਾਂ ਦਰਿਆਈ ਪਾਣੀਆਂ ਬਾਰੇ ਇਕਮੁੱਠ ਹੋ ਕੇ ਹੰਭਲੇ ਮਾਰਨ ਦੀ ਲੋੜ ਉਪਰ ਜ਼ੋਰ ਦਿੱਤਾ ਤਾਂ ਜੋ ਸਚਮੁਚ ਹੀ ਰੰਗਲਾ ਪੰਜਾਬ ਆਪਣੇ ਅਰਥ ਗ੍ਰਹਿਣ ਕਰ ਸਕੇ। ਇਸ ਪੁਸਤਕ ਸੰਬੰਧੀ ਸੇਵਾਮੁਕਤ ਕਰਨਲ ਅਵਤਾਰ ਸਿੰਘ ਹੀਰਾ ਨੇ ਅੰਕੜੇ ਦਰਸਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਤੇ ਪੰਜਾਬੀਆਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮਾਹਿਰਾਂ ਦੀਆਂ ਟਿੱਪਣੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਦਰਿਆਈ ਪਾਣੀਆਂ ਦੇ ਹੱਕਾਂ ਬਾਰੇ ਲੋਕ ਲਹਿਰ ਪੈਦਾ ਨਾ ਹੋਈ ਤਾਂ ਪੰਜ ਦਰਿਆਵਾਂ ਦਾ ਦੇਸ਼ ਮਾਰੂਥਲ ਵਿਚ ਤਬਦੀਲ ਹੋ ਜਾਵੇਗਾ।
ਇਸ ਸਮਾਗਮ ਵਿਚ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪਦਮ ਸ੍ਰੀ ਸਵਰਨ ਸਿੰਘ ਬੋਪਾਰਾਏ ਅਤੇ ਸੇਵਾਮੁਕਤ ਕਰਨਲ ਅਵਤਾਰ ਸਿੰਘ ਹੀਰਾ ਦਾ ਸਨਮਾਨ ਵੀ ਕੀਤਾ ਗਿਆ।ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਬਖ਼ੂਬੀ ਮੰਚ ਸੰਚਾਲਨ ਕਰਦਿਆਂ ਧੰਨਵਾਦ ਵੀ ਕੀਤਾ। ਸਮਾਗਮ ਵਿਚ ਸ੍ਰੀਮਤੀ ਸਤਵੰਤ ਕੌਰ ਬੋਪਾਰਾਏ,ਕਰਨਲ ਮਲਵਿੰਦਰ ਸਿੰਘ,ਕਰਨਲ ਐਲ.ਐਸ.ਗਿੱਲ,ਡਾ. ਸੁਰਜੀਤ,ਡਾ. ਬੀ.ਐਸ. ਸੰਧੂ, ਡਾ. ਰਿਤੂ ਲਹਿਲ, ਡਾ. ਗੁਰਮੁਖ ਸਿੰਘ,ਡਾ. ਭੀਮ ਇੰਦਰ ਸਿੰਘ, ਡਾ. ਮੁਹੰਮਦ ਇਦਰੀਸ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਗੁਰਸੇਵਕ ਲੰਬੀ,ਡਾ. ਸੁਨੀਤਾ ਧੀਰ, ਡਾ. ਸੁਰਜੀਤ ਸਿੰਘ ਭੱਟੀ, ਡਾ. ਰਾਜਿੰਦਰ ਲਹਿਰੀ, ਪ੍ਰਿੰ. ਸਤਵੀਰ ਸਿੰਘ ਗਿੱਲ,ਡਾ. ਰਾਜਮੋਹਿੰਦਰ ਕੌਰ ਆਦਿ ਤੋਂ ਇਲਾਵਾ ਭਾਸ਼ਾ,ਸਾਹਿਤ,ਕਲਾ ਅਤੇ ਸਭਿਆਚਾਰ ਨਾਲ ਸੰਬੰਧਤ ਅਨੇਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਅੱਜ ਦੀਆਂ ਬੈਠਕਾਂ ਵਿਚ ਪ੍ਰੋ. ਭੁਪਿੰਦਰ ਸਿੰਘ ਖਹਿਰਾ, ਪ੍ਰੋ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਰਮਨਪ੍ਰੀਤ ਕੌਰ ਨੇ ਭਾਗ ਲਿਆ ਜਦੋਂ ਕਿ ਅਨੁਵਾਦ ਨਾਲ ਸੰਬੰਧਤ ਦੂਜੀ ਬੈਠਕ ਵਿਚ ਸ. ਸੁਰਿੰਦਰ ਸਿੰਘ ਤੇਜ, ਡਾ. ਰਾਜ਼ੇਸ਼ ਸ਼ਰਮਾ ਅਤੇ ਡਾ. ਅਕਸ਼ੇ ਕੁਮਾਰ ਨੇ ਭਾਗ ਲਿਆ। ਇਨ੍ਹਾਂ ਦੋਵਾਂ ਬੈਠਕਾਂ ਦੇ ਕ੍ਰਮਵਾਰ ਸੰਵਾਦ ਕਰਤਾ ਡਾ. ਰਾਜਵਿੰਦਰ ਸਿੰਘ ਅਤੇ ਡਾ. ਧਰਮਜੀਤ ਸਿੰਘ ਸਨ।
Share this content:



Post Comment