ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਉਤਸਵ ਦੇ ਦੂਜੇ ਦਿਨ ਭਾਸ਼ਾ, ਤਕਨਾਲੋਜੀ ਅਤੇ ਰੰਗਮੰਚ ਦੇ ਨਾਂ ਰਹੀਆਂ ਵਿਸ਼ੇਸ਼ ਬੈਠਕਾਂ ਗੀਤਕਾਰੀ ‘ਤੇ ਬਾਜ਼ਾਰ ਦੇ ਗਲਬੇ ਅਤੇ ਪੰਜਾਬੀ ਦੇ ਡਿਜੀਟਲ ਭਵਿੱਖ ‘ਤੇ ਹੋਈ ਗੰਭੀਰ ਚਰਚਾ

*ਅੱਜ ਪੰਜਾਬੀ ਜਾਗਰਣ ਦੇ ਸੰਪਾਦਕ ਸ੍ਰੀ ਵਰਿੰਦਰ ਸਿੰਘ ਵਾਲੀਆ ਕਰਨਗੇ ਵਿਸ਼ੇਸ਼ ਸ਼ਮੂਲੀਅਤ
ਪਟਿਆਲਾ, 1 ਅਪ੍ਰੈਲ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ 12ਵਾਂ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ ਆਪਣੇ ਦੂਜੇ ਦਿਨ ਪੂਰੇ ਜਾਹੋ-ਜਲਾਲ ਨਾਲ ਜਾਰੀ ਰਿਹਾ। ਅੱਜ ਦੇ ਦਿਨ ਵੱਖ-ਵੱਖ ਅਕਾਦਮਿਕ ਬੈਠਕਾਂ ਦੌਰਾਨ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ, ਰੰਗਮੰਚੀ ਚੇਤਨਾ ਅਤੇ ਗੀਤਕਾਰੀ ਦੇ ਬਦਲਦੇ ਸਰੂਪਾਂ ‘ਤੇ ਡੂੰਘਾ ਮੰਥਨ ਕੀਤਾ ਗਿਆ। ਸਮਾਗਮ ਲੜੀਆਂ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਤਫ਼ਸੀਲ ਨਾਲ ਅੱਜ ਹੋਣ ਵਾਲੇ ਸਮੁੱਚੇ ਸਮਾਗਮਾਂ ਬਾਰੇ ਵਿਸਤ੍ਰਿਤ ਚਰਚਾ ਕਰਦਿਆਂ ਕਿਹਾ ਕਿ ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਪ੍ਰੇਰਣਾ ਨਾਲ ਯੂਨੀਵਰਸਿਟੀ ਵਿਖੇ ਹੋ ਰਹੇ ਇਸ ਪੰਜ ਰੋਜ਼ਾ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਵਿਚ ਦਰਸ਼ਕਾਂ,ਪੁਸਤਕ ਪ੍ਰੇਮੀਆਂ ,ਲੇਖਕਾਂ,ਵਿਦਵਾਨਾਂ ਅਤੇ ਕਲਾਕਾਰਾਂ ਦੇ ਨਾਲ ਨਾਲ ਪੰਜਾਬ ਦੇ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਮਹਤਵਪੂਰਨ ਸ਼ਮੂਲੀਅਤ ਇਸ ਗੱਲ ਦੀ ਗਵਾਹ ਹੈ ਕਿ ਪੁਸਤਕ, ਕਲਾ ਅਤੇ ਸਾਹਿਤ ਸਭਿਆਚਾਰ ਪ੍ਰਤੀ ਚੇਤਨਾ ਜਾਗ ਰਹੀ ਹੈ। ਅੱਜ ਦੀ ਇੱਕ ਵਿਸ਼ੇਸ਼ ਬੈਠਕ ਪੰਜਾਬੀ ਭਾਸ਼ਾ ਅਤੇ ਤਕਨਾਲੋਜੀ ਨੂੰ ਸਮਰਪਿਤ ਰਹੀ।
ਕੈਨੇਡਾ ਤੋਂ ਪਹੁੰਚੇ ਪੰਜਾਬੀ ਕੰਪਿਊਟਰ ਖੇਤਰ ਦੇ ਮਾਹਿਰ ਸ਼੍ਰੀ ਕਿਰਪਾਲ ਸਿੰਘ ਪੰਨੂੰ ਨੇ ਆਪਣੇ ਸੰਘਰਸ਼ਮਈ ਸਫ਼ਰ ਅਤੇ ਫੌਂਟ ਨਿਰਮਾਣ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਹੋਂਦ ਇਸ ਗੱਲ ‘ਤੇ ਨਿਰਭਰ ਹੈ ਕਿ ਉਹ ਡਿਜੀਟਲ ਪੱਧਰ ‘ਤੇ ਕਿੰਨੀ ਸਮਰੱਥ ਹੈ। ਸ਼੍ਰੀ ਪੰਨੂੰ ਨਾਲ ਡਾ. ਰਾਜਵਿੰਦਰ ਸਿੰਘ ਨੇ ਸੰਵਾਦ ਰਚਾਇਆ। ਪ੍ਰਸਿੱਧ ਰੰਗਕਰਮੀ ਡਾ. ਨਵਨਿੰਦਰਾ ਬਹਿਲ ਦੀ ਯਾਦ ਨੂੰ ਸਮਰਪਿਤ ਬੈਠਕ ਵਿੱਚ ‘ਨਾਟਕ ਨਜ਼ਰੀਆ ਅਤੇ ਨਵੀਂ ਚੇਤਨਾ’ ਵਿਸ਼ੇ ‘ਤੇ ਚਰਚਾ ਹੋਈ। ਸ਼੍ਰੀ ਦੇਵਿੰਦਰ ਦਮਨ, ਕੇਵਲ ਧਾਲੀਵਾਲ ਅਤੇ ਅਨੀਤਾ ਸ਼ਬਦੀਸ਼ ਨੇ ਰੰਗਮੰਚ ਵਿੱਚ ਸਮਾਜਿਕ ਚੇਤਨਾ, ਨਵੇਂ ਪ੍ਰਯੋਗਾਂ ਅਤੇ ਨਾਰੀ ਸੰਵੇਦਨਾ ਬਾਰੇ ਵਿਚਾਰ ਪੇਸ਼ ਕੀਤੇ। ਅਗਲੀ ਬੈਠਕ ਵਿੱਚ ਸਾਹਿਤ ਅਕਾਦਮੀ ਐਵਾਰਡੀ ਬਚਿੰਤ ਕੌਰ ਨੇ ਆਪਣੇ ਸਾਹਿਤਕ ਸਫ਼ਰ ਦੀਆਂ ਪਰਤਾਂ ਫਰੋਲਦਿਆਂ ਲੇਖਕ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਬੈਠਕ ਵਿੱਚ ਡਾ. ਪਰਮੀਤ ਕੌਰ ਅਤੇ ਡਾ. ਅਮਨਪ੍ਰੀਤ ਕੌਰ ਨੇ ਉਨ੍ਹਾਂ ਨਾਲ ਰਚਨਾਤਮਕ ਸੰਵਾਦ ਰਚਾਇਆ। ਬਾਅਦ ਦੁਪਹਿਰ ‘ਗੀਤਕਾਰੀ: ਭਾਵਨਾ ਦੀ ਅਭਿਵਿਅਕਤੀ ਜਾਂ ਬਜ਼ਾਰ ਦੀ ਮੰਗ?’ ਵਿਸ਼ੇ ‘ਤੇ ਹੋਈ ਚਰਚਾ ਖਿੱਚ ਦਾ ਕੇਂਦਰ ਰਹੀ। ਧਰਮ ਕੰਮੇਆਣਾ, ਮਨਪ੍ਰੀਤ ਟਿਵਾਣਾ, ਅਮਰੀਕ ਸਿੰਘ ਤਲਵੰਡੀ ਅਤੇ ਪਾਲੀ ਦੇਤਵਾਲੀਆ ਨੇ ਅਫ਼ਸੋਸ ਜਤਾਇਆ ਕਿ ਗੀਤਕਾਰੀ ਉੱਤੇ ਬਾਜ਼ਾਰ ਦਾ ਗਲਬਾ ਵਧਣ ਕਾਰਨ ਸਾਹਿਤਕ ਰੰਗ ਮਨਫ਼ੀ ਹੋ ਰਿਹਾ ਹੈ। ਉਨ੍ਹਾਂ ਨੇ ਗੀਤਕਾਰਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਮਿਆਰੀ ਗੀਤ ਸਿਰਜਣ ਦੀ ਅਪੀਲ ਕੀਤੀ।

ਡਾ. ਸਿਮਰਨਜੀਤ ਸਿੰਘ ਨੇ ਬਤੌਰ ਸੰਵਾਦ ਕਰਤਾ ਅਹਿਮ ਸਵਾਲ ਉਠਾਏ। ਵਿਦਵਾਨਾਂ ਅਤੇ ਜਿਗਿਆਸੂ ਖੋਜਾਰਥੀਆਂ,ਵਿਦਿਆਰਥੀਆਂ ਨੇ ਵੱਖ ਵੱਖ ਵਿਦਵਾਨਾਂ ਨੂੰ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਉਤਰ ਤਰਕਮਈ ਢੰਗ ਨਾਲ ਦਿਤੇ ਗਏ। ਯਾਦਗਾਰੀ ਸੰਗੀਤਕ ਸ਼ਾਮ ਵਿੱਚ ਹਰਮਿੰਦਰ ਜਲਾਲ ਦੀ ਅਲਗੋਜਾ-ਤੂੰਬਾ ਟੋਲੀ ਅਤੇ ਪ੍ਰਸਿੱਧ ਢਾਡੀ ਦੇਸ ਰਾਜ ਲਚਕਾਣੀ ਦੀ ਟੋਲੀ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਪੰਜਾਬੀ ਲੋਕ-ਵਾਰਾਂ ਅਤੇ ਵਿਰਾਸਤੀ ਧੁਨਾਂ ਨੂੰ ਮੁੜ ਸੁਰਜੀਤ ਕਰ ਦਿੱਤਾ। ਇਸ ਬੈਠਕ ਦੇ ਮੁਖ ਮਹਿਮਾਨ ਡਾ. ਨਿਵੇਦਿਤਾ ਉੱਪਲ ਸਨ। ਇਸ ਸਮਾਗਮ ਵਿਚ ਜਿੱਥੇ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ ਉਥੇ ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਅਤੇ ਸਮੂਹ ਅਧਿਆਪਕਾਂ ਵੱਲੋਂ ਵਿਦਵਾਨਾਂ,ਲੇਖਕਾਂ ਅਤੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ। 1 ਅਪ੍ਰੈਲ ਨੂੰ ਹੋਣ ਵਾਲੀਆਂ ਵੱਖ ਵੱਖ ਬੈਠਕਾਂ ਵਿਚ ਪਹਿਲੀ ਬੈਠਕ ਦੌਰਾਨ ਆਵਾਜ਼, ਤਸਵੀਰ ਤੇ ਸ਼ਬਦ ਸੱਚ ਦੀ ਰਚਨਾ ਜਾਂ ਸੱਚ ਦੀ ਪੇਸ਼ਕਾਰੀ ਸਿਰਲੇਖ ਸ੍ਰੀ ਵਰਿੰਦਰ ਸਿੰਘ ਵਾਲੀਆ ਪ੍ਰਧਾਨਗੀ ਕਰਨਗੇ ਅਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਮੁਖ ਮਹਿਮਾਨ ਹੋਣਗੇ। ਡਾ. ਹਰਜਿੰਦਰਪਾਲ ਸਿੰਘ ਵਾਲੀਆ ਅਤੇ ਪਰਮਜੀਤ ਸਿੰਘ ਆਕਾਸ਼ਵਾਣੀ ਜਲੰਧਰ ਚਰਚਾ ਵਿਚ ਭਾਗ ਲੈਣਗੇ। ਦੂਜੀ ਬੈਠਕ ਵਿਚ ਪਦਮ ਭੂਸ਼ਣ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਸਰਦਾਰਾ ਸਿੰਘ ਜੌਹਲ ਨਾਲ ਡਾ. ਸੁਰਜੀਤ ਸਿੰਘ ਭੱਟੀ ਸੰਵਾਦ ਰਚਾਉਣਗੇ। ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਇਸ ਬੈਠਕ ਵਿਚ ਵਿਸ਼ੇਸ਼ ਆਮਦ ਹੋਵੇਗੀ।
ਤੀਜੀ ਬੈਠਕ ਵਿਚ ਲੋਕ ਕਲਾਵਾਂ ਦਾ ਹਾਸ਼ੀਆਕਰਨ ਜਿੰਮੇਵਾਰ ਕੌਣ ? ਵਿਸ਼ੇ ਤੇ ਹਰਦਿਆਲ ਥੂਹੀ, ਜਸਵਿੰਦਰ ਸ਼ਰਮਾ ਅਤੇ ਦਵਿੰਦਰ ਕੌਰ ਢੱਟ ਲਾਲ ਹਰਿੰਦਰ ਕੌਰ ਹੁੰਦਲ ਸੰਵਾਦ ਕਰਨਗੇ ਜਦੋਂ ਕਿ ਚੌਥੀ ਬੈਠਕ ਵਿਚ ਸੰਗੀਤ ਸ਼ਾਮ ਦੌਰਾਨ ਸ਼ਾਮੀਂ 3.30 ਵਜੇ ਪ੍ਰਸਿੱਧ ਗਾਇਕਾਵਾਂ ਰਣਜੀਤ ਕੌਰ, ਗੁਲਸ਼ਨ ਕੋਮਲ ਅਤੇ ਸੁੱਖੀ ਬਰਾੜ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,ਵੇਰਕਾ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਅੱਜ ਦੇ ਸਮਾਗਮ ਵਿਚ ਇਸ ਸਮਾਗਮ ਲੜੀ ਵਿਚ ਜਿੱਥੇ ਵਿਸ਼ੇਸ਼ ਤੌਰ ਤੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫਸਰ ਡਾ. ਬੀ.ਬੀ. ਸਿੰਗਲਾ ਹਾਜ਼ਰ ਰਹੇ ਉਥੇ ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਿੰਦਰ ਲਹਿਰੀ, ਡਾ. ਰਾਜਮੋਹਿੰਦਰ ਕੌਰ,ਡਾ. ਗੁਰਪ੍ਰੀਤ ਕੌਰ,ਡਾ. ਬਲਵਿੰਦਰ ਕੌਰ ਭੱਟੀ,ਭਗਵਾਨ ਦਾਸ ਗੁਪਤਾ, ਹਰਜੀਤ ਕੈਂਥ,ਡਾ. ਕੁਲਦੀਪ ਸਿੰਘ ਦੀਪ,ਦਵਿੰਦਰ ਪਟਿਆਲਵੀ,ਨਵਦੀਪ ਸਿੰਘ ਮੁੰਡੀ,ਬਲਵਿੰਦਰ ਸਿੰਘ ਭੱਟੀ,ਡਾ. ਜਸਵੀਰ ਕੌਰ,ਰਘਬੀਰ ਸਿੰਘ ਮਹਿਮੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਸ਼ਾਵਾਂ ਨਾਲ ਸੰਬੰਧਤ ਵਿਭਾਗਾਂ ਦਾ ਅਧਿਆਪਨ ਅਤੇ ਗੈਰ ਅਧਿਆਪਨ ਅਮਲਾ, ਵਿਦਵਾਨ,ਲੇਖਕ,ਕਲਾਕਾਰ,ਅਤੇ ਸ੍ਰੋਤੇ ਹਾਜ਼ਰ ਸਨ।
Share this content:



Post Comment