ਪੰਜਾਬੀ ਕਲਾਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਚੰਡੀਗਡ਼੍ਹ, 21 ਨਵੰਬਰ- ਪੰਜਾਬੀ ਫਿਲਮ ਐਂਡ ਟੀ ਵੀ ਐਕਟਰਜ਼ ਐਸੋਸੀਏਸ਼ਨ (ਪਫਟਾ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬੀ ਸਿਨੇਮਾ ਨਾਲ ਜੁੜੇ ਮੁੱਦਿਆਂ ਅਤੇ ਇਸ ਉਦਯੋਗ ਵਿੱਚ ਕੰਮ ਕਰਨ ਵਾਲਿਆਂ ਦੀ ਭਲਾਈ ਬਾਰੇ ਚਰਚਾ ਕੀਤੀ। ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਨੂ ਢਿੱਲੋਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਵਿੱਚ ਕਲਾਕਾਰ ਮਲਕੀਤ ਰੌਣੀ ਨੇ ਮੁੱਖ ਮੰਤਰੀ ਨੂੰ ਸੰਸਥਾ ਬਾਰੇ ਜਾਣੂ ਕਰਵਾਇਆ। ਪੱਤਰ ਰਾਹੀਂ ਮੰਗ ਰੱਖੀ ਕਿ ਸੂਬੇ ਵਿੱਚ ‘ਪੰਜਾਬੀ ਫਿਲਮ ਆਰਕਾਈਵ’ ਸਥਾਪਤ ਕਰਨ ਲਈ ਨਿਸ਼ਚਿਤ ਥਾਂ ਹੋਣੀ ਚਾਹੀਦੀ ਹੈ। ‘ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ’ ਦੀ ਤਰਜ਼ ਉੱਤੇ ‘ਪੰਜਾਬ ਸਟੇਟ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ’ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਸੂਬੇ ਭਰ ਦੇ ਸਿਨੇਮਾ ਘਰਾਂ ਵਿੱਚ ਪੰਜਾਬੀ ਫਿਲਮਾਂ ਲਈ ਰੋਜ਼ਾਨਾ ਘੱਟੋ-ਘੱਟ ਦੋ ਸ਼ੋਅ ਰਾਖਵੇਂ ਹੋਣੇ ਚਾਹੀਦੇ ਹਨ। ਪੰਜਾਬੀ ਸਿਨੇਮਾ ਲਈ ਵੱਖਰੀ ਅਤੇ ਵਿਸ਼ੇਸ਼ ਫਿਲਮ ਨੀਤੀ ਹੋਣੀ ਚਾਹੀਦੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਨੂ ਢਿੱਲੋਂ ਨੇ ਕੌਮਾਂਤਰੀ ਫਿਲਮ ਮੇਲਾ ਕਰਵਾਉਣ ਦਾ ਸੁਝਾਅ ਵੀ ਦਿੱਤਾ।
ਕਲਾਕਾਰ ਕਰਮਜੀਤ ਅਨਮੋਲ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ‘ਪੰਜਾਬੀ ਸਿਨੇਮਾ ਐਵਾਰਡ’ ਸ਼ੁਰੂ ਕਰਨ ਜਦਕਿ ਸੀਨੀਅਰ ਕਲਾਕਾਰ ਸ਼ਿਵੇਂਦਰ ਮਾਹਲ ਨੇ ਪੰਜਾਬ ਵਿੱਚ ‘ਫਿਲਮ ਸਿਟੀ’ ਸਥਾਪਤ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਦੇਵ ਖਰੌੜ, ਸੁਨੀਤਾ ਧੀਰ, ਭਰਤ ਭੂਸ਼ਣ ਵਰਮਾ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਪੁਖਰਾਜ ਭੱਲਾ, ਬਲਜਿੰਦਰ ਕੌਰ, ਵਿਨੋਦ ਸ਼ਰਮਾ, ਡਾ. ਰਣਜੀਤ ਸ਼ਰਮਾ, ਪੂਨਮ ਸੂਦ, ਪਰਮਜੀਤ ਭੰਗੂ, ਬਨਿੰਦਰ ਬੰਨੀ, ਭੁਪਿੰਦਰ ਬਰਨਾਲਾ, ਸੁਖਜੀਤ ਪੰਧੇਰ, ਨਵਦੀਪ ਸਿੰਘ ਆਦਿ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਪੰਜਾਬੀ ਸਿਨੇਮਾ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
Share this content:



Post Comment