ਪ੍ਰਬੰਧਾਂ ਦੀ ਘਾਟ ਕਾਰਨ ਸਰਕਾਰੀ ਲਾਇਬ੍ਰੇਰੀ ਨੂੰ ਲੱਗਿਆ ਤਾਲਾ
ਧਰਮਕੋਟ, 17 ਜੁਲਾਈ – ਪੰਜਾਬ ਸਰਕਾਰ ਵੱਲੋਂ ਨਜ਼ਦੀਕੀ ਪਿੰਡ ਭਿੰਡਰ ਖੁਰਦ ਵਿਖੇ ਲੰਘੇ ਵਰ੍ਹੇ ਸਥਾਪਤ ਕੀਤੀ ਗਈ ਲਾਇਬ੍ਰੇਰੀ ਪ੍ਰਬੰਧਾਂ ਦੀ ਘਾਟ ਕਾਰਨ ਬੰਦ ਹੋ ਗਈ ਹੈ ਅਤੇ ਇਸ ਨੂੰ ਤਾਲਾ ਲਟਕ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਇਸ ਲਾਇਬ੍ਰੇਰੀ ਦਾ ਉਦਘਾਟਨ ਬੜੇ ਚਾਅ ਨਾਲ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ, ਭਿੰਡਰ ਖੁਰਦ ਅਤੇ ਭਿੰਡਰ ਕਲਾਂ ਪਿੰਡਾਂ ਦੇ ਲੋਕਾਂ ਦੀ ਪੁਰਜ਼ੋਰ ਮੰਗ ‘ਤੇ ਇੱਥੇ ਇਸ ਸਰਕਾਰੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਸੀ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਿਆ ਜਾ ਸਕੇ।
ਕਿਤਾਬਾਂ ‘ਤੇ ਜੰਮ ਰਹੀ ਧੂੜ; ਪਾਠਕ ਹੋ ਰਹੇ ਨਿਰਾਸ਼
ਲੋਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੁਣ ਪ੍ਰਬੰਧਕੀ ਲਾਪਰਵਾਹੀ ਕਾਰਨ ਹਵਾ-ਹਵਾਈ ਹੁੰਦਾ ਦਿਖਾਈ ਦੇ ਰਿਹਾ ਹੈ। ਲਾਇਬ੍ਰੇਰੀ ਵਿੱਚ ਮੌਜੂਦ ਕੀਮਤੀ ਕਿਤਾਬਾਂ ਧੂੜ-ਮਿੱਟੀ ਫੱਕ ਰਹੀਆਂ ਹਨ। ਇਸ ਨੂੰ ਨਿਯਮਤ ਤੌਰ ‘ਤੇ ਚਲਾਉਣ ਲਈ ਕੋਈ ਪੁਖ਼ਤਾ ਇੰਤਜ਼ਾਮ ਨਾ ਹੋਣ ਕਾਰਨ ਆਖ਼ਰਕਾਰ ਇਸ ਦੇ ਦਰਵਾਜ਼ੇ ਨੂੰ ਤਾਲਾ ਲਗਾਉਣਾ ਪਿਆ। ਹੁਣ ਰੋਜ਼ਾਨਾ ਕਿਤਾਬਾਂ, ਅਖ਼ਬਾਰਾਂ ਅਤੇ ਪੰਜਾਬੀ ਸਾਹਿਤ ਪੜ੍ਹਨ ਲਈ ਆਉਣ ਵਾਲੇ ਪਾਠਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਮਹੀਨੇ ਤਾਂ ਲਾਇਬ੍ਰੇਰੀ ਨਿਯਮਤ ਖੁੱਲ੍ਹੀ, ਜਿਸ ਸਦਕਾ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਸਾਹਿਤ ਨਾਲ ਜੁੜਿਆ ਅਤੇ ਕਿਤਾਬਾਂ ਉਨ੍ਹਾਂ ਦੀਆਂ ਦੋਸਤ ਬਣਨ ਲੱਗੀਆਂ ਸਨ, ਪਰ ਹੁਣ ਇਹ ਪੂਰੀ ਤਰ੍ਹਾਂ ਬੰਦ ਹੈ।
ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਲਾਇਬ੍ਰੇਰੀ ਨੂੰ ਨਿਯਮਤ ਚਾਲੂ ਰੱਖਣ ਲਈ ਇੱਥੇ ਤੁਰੰਤ ਪੱਕਾ ਲਾਇਬ੍ਰੇਰੀਅਨ ਨਿਯੁਕਤ ਕੀਤਾ ਜਾਵੇ। ਦੂਜੇ ਪਾਸੇ, ਜਦੋਂ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਲਾਇਬ੍ਰੇਰੀ ਨੂੰ ਨਿਯਮਤ ਰੂਪ ਵਿੱਚ ਚਾਲੂ ਰੱਖਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।
Share this content:



Post Comment