ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਸਾਂਝੀ ਨਹੀਂ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 17 ਜੁਲਾਈ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਸਾਂਝੀ ਨਹੀਂ ਕੀਤੀ ਜਾਵੇਗੀ। ਸਿਆਸੀ ਹਲਕਿਆਂ ’ਚ ਇਸ ਦੀ ਕਾਫ਼ੀ ਚਰਚਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਇਸ ਤੋਂ ਪਹਿਲਾਂ ਦੇ ਪੰਜਾਬ ਗੇੜਿਆਂ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਸਾ ਵੱਟਿਆ ਸੀ।ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਇੱਕ ਦਫ਼ਾ ਤਾਂ ਮੁੱਖ ਮੰਤਰੀ ਇਲਾਜ ਲਈ ਹਸਪਤਾਲ ਭਰਤੀ ਸਨ। ਏਨਾ ਜ਼ਰੂਰ ਹੈ ਕਿ ਮੁੱਖ ਮੰਤਰੀ ਮਾਨ ਇੱਥੇ ਰਜਿੰਦਰਾ ਪਾਰਕ ’ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਦੀ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਵੱਖ ਵੱਖ ਥਾਵਾਂ ’ਤੇ ਡਿਊਟੀ ਲਗਾਈ ਗਈ ਹੈ।
ਜਲੰਧਰ ’ਚ ਭਾਜਪਾ ਵੱਲੋਂ ਕੀਤਾ ਗਿਆ ਇਕੱਠ: ‘ਆਪ’
ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਜਲੰਧਰ ’ਚ ਭਾਜਪਾ ਵੱਲੋਂ ਇਕੱਠ ਕੀਤਾ ਗਿਆ ਹੈ ਜਿਸ ’ਚ ਮੁੱਖ ਮੰਤਰੀ ਦੇ ਸ਼ਾਮਲ ਹੋਣ ਦੀ ਕੋਈ ਤੁਕ ਨਹੀਂ ਬਣਦੀ। ਆਗੂ ਦਾ ਕਹਿਣਾ ਸੀ ਕਿ ਪ੍ਰੋਟੋਕਾਲ ਮੁਤਾਬਿਕ ਮੁੱਖ ਮੰਤਰੀ ਮਾਨ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ। ਪਤਾ ਲੱਗਿਆ ਹੈ ਕਿ ਜਲੰਧਰ ਹਲਕੇ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਜਲੰਧਰ ਰੇਲਵੇ ਸਟੇਸ਼ਨ ’ਤੇ ਤਾਂ ਜਾਣਗੇ ਪ੍ਰੰਤੂ ਸਮਾਗਮਾਂ ’ਚ ਉਨ੍ਹਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ। ਆਮ ਆਦਮੀ ਪਾਰਟੀ ਚੋਂ ਭਾਜਪਾ ’ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੀ ਹਾਜ਼ਰੀ ਵੀ ਸਮਾਗਮਾਂ ਵਿੱਚ ਨਜ਼ਰ ਆਵੇਗੀ।
Share this content:



Post Comment