ਪੇਂਡੂਆਂ ਦੇ ਬਦਲਦੇ ਸੁਆਦ, ਵਧਦੇ ਖ਼ਤਰੇ
ਪੇਂਡੂ ਭਾਰਤ ਦੇ ਖਾਣ-ਪੀਣ ਦੇ ਤੌਰ-ਤਰੀਕਿਆਂ ਵਿੱਚ ਆ ਰਹੀ ਤੇਜ਼ ਤਬਦੀਲੀ ਖ਼ਤਰੇ ਦੀ ਘੰਟੀ ਹੈ। ਘਰੇਲੂ ਖ਼ਰਚਿਆਂ ਦੇ ਅੰਕੜਿਆਂ ’ਤੇ ਆਧਾਰਿਤ ਆਈ ਆਈ ਐੱਮ ਅਹਿਮਦਾਬਾਦ ਦੀ ਇੱਕ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਿਛਲੇ 24 ਸਾਲਾਂ ਦੌਰਾਨ ਪੇਂਡੂ ਪਰਿਵਾਰਾਂ ਦੇ ਪ੍ਰੋਸੈੱਸਡ ਭੋਜਨ (ਡੱਬਾਬੰਦ ਖਾਧ ਪਦਾਰਥਾਂ) ’ਤੇ ਹੋਣ ਵਾਲਾ ਖ਼ਰਚਾ 2.35 ਗੁਣਾ ਵਧ ਗਿਆ ਹੈ, ਜੋ ਕਿ 1999-2000 ਵਿੱਚ 4.19 ਫ਼ੀਸਦੀ ਸੀ ਅਤੇ 2023-24 ਵਿੱਚ ਵਧ ਕੇ 9.84 ਫ਼ੀਸਦੀ ਹੋ ਗਿਆ ਹੈ। ਇਸ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ ਇਹ ਵਾਧਾ ਕਾਫ਼ੀ ਘੱਟ ਰਿਹਾ ਹੈ। ਪੇਂਡੂ ਅਤੇ ਸ਼ਹਿਰੀ ਦੋਵਾਂ ਤਰ੍ਹਾਂ ਦੇ ਪਰਿਵਾਰਾਂ ਵਿੱਚ ਖਾਣ-ਪੀਣ ’ਤੇ ਹੋਣ ਵਾਲੇ ਕੁੱਲ ਖ਼ਰਚੇ ਵਿੱਚ ਅਨਾਜ, ਦੁੱਧ ਅਤੇ ਸਬਜ਼ੀਆਂ ਨੂੰ ਪਛਾੜ ਕੇ ਪੈਕੇਟਬੰਦ ਭੋਜਨ, ਪੀਣ ਵਾਲੇ ਪਦਾਰਥ ਅਤੇ ਹਲਕੇ-ਫੁਲਕੇ ਸਨੈਕਸ ਸਭ ਤੋਂ ਵੱਡੀ ਸ਼੍ਰੇਣੀ ਬਣ ਗਏ ਹਨ। ਇਹ ਮਹਿਜ਼ ਜੀਵਨ-ਸ਼ੈਲੀ ਵਿੱਚ ਆਇਆ ਬਦਲਾਅ ਨਹੀਂ ਹੈ, ਸਗੋਂ ਇਸ ਦੇ ਲੋਕਾਂ ਦੀ ਸਿਹਤ ਲਈ ਬੇਹੱਦ ਗੰਭੀਰ ਸਿੱਟੇ ਨਿਕਲ ਸਕਦੇ ਹਨ। ਪੈਕੇਟਬੰਦ ਸਨੈਕਸ, ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਪਹਿਲਾਂ ਤੋਂ ਤਿਆਰ ਜਾਂ ਡੱਬਾਬੰਦ ਭੋਜਨ ਦੀ ਵਧਦੀ ਪਹੁੰਚ ਲੋਕਾਂ ਦੀਆਂ ਬਦਲਦੀਆਂ ਇੱਛਾਵਾਂ, ਕੰਪਨੀਆਂ ਵੱਲੋਂ ਕੀਤੇ ਜਾਂਦੇ ਜ਼ੋਰਦਾਰ ਪ੍ਰਚਾਰ ਅਤੇ ਪਿੰਡਾਂ ਤੱਕ ਵਧਦੀ ਪਹੁੰਚ (ਸਪਲਾਈ ਲੜੀ) ਨੂੰ ਦਰਸਾਉਂਦੀ ਹੈ। ਹਾਲਾਂਕਿ ਸਾਰਾ ਪ੍ਰੋਸੈੱਸਡ ਭੋਜਨ ਗੈਰ-ਸਿਹਤਮੰਦ ਨਹੀਂ ਹੁੰਦਾ ਪਰ ਜ਼ਿਆਦਾ ਖੰਡ, ਨਮਕ ਅਤੇ ਨੁਕਸਾਨਦੇਹ ਚਰਬੀ ਵਾਲੇ ਉਤਪਾਦਾਂ ਦੀ ਲੋੜੋਂ ਵੱਧ ਵਰਤੋਂ ਮੋਟਾਪੇ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੀ ਹੈ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ ਸੀ ਐੱਮ ਆਰ) ਦੇ ਖ਼ੁਰਾਕ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਪਹਿਲਾਂ ਹੀ ਅਜਿਹੇ ਭੋਜਨ ਦੀ ਜ਼ਿਆਦਾ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਪੇਂਡੂ ਪਰਿਵਾਰ, ਜੋ ਆਪਣੇ ਬੱਜਟ ਦਾ ਇੱਕ ਵੱਡਾ ਹਿੱਸਾ ਖਾਣ-ਪੀਣ ’ਤੇ ਖ਼ਰਚ ਕਰਦੇ ਹਨ, ਹੁਣ ਅਜਿਹੇ ਉਤਪਾਦਾਂ ਦੀ ਗ੍ਰਿਫ਼ਤ ਵਿੱਚ ਆ ਰਹੇ ਹਨ ਜਿਨ੍ਹਾਂ ਦੇ ਪੌਸ਼ਟਿਕ ਤੱਤ ਸ਼ੱਕ ਦੇ ਘੇਰੇ ਵਿੱਚ ਹਨ। ਭੋਜਨ ਦੀ ਸੁਰੱਖਿਆ ਇੱਕ ਹੋਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਿਪੋਰਟ ਇਸ ਵਿਡੰਬਨਾ ਨੂੰ ਉਜਾਗਰ ਕਰਦੀ ਹੈ ਕਿ ਗੁਣਵੱਤਾ ਦੇ ਮਾਪਦੰਡਾਂ ’ਤੇ ਖ਼ਰੇ ਨਾ ਉੱਤਰਨ ਕਾਰਨ ਵਿਦੇਸ਼ੀ ਬਾਜ਼ਾਰਾਂ ਵਿੱਚ ਰੱਦ ਕੀਤੇ ਗਏ ਭਾਰਤੀ ਮਸਾਲਿਆਂ ਦੀ ਖਪਤ ਦੇਸ਼ ਦੇ ਅੰਦਰ ਹੀ ਹੋ ਰਹੀ ਹੈ। ਸਾਲ 2023-24 ਦੌਰਾਨ ਸਬੰਧਿਤ ਅਧਿਕਾਰੀਆਂ ਵੱਲੋਂ ਪਰਖੇ ਗਏ 33,000 ਤੋਂ ਵੱਧ ਨਮੂਨੇ ਮਿਆਰਾਂ ’ਤੇ ਖ਼ਰੇ ਨਹੀਂ ਉੱਤਰੇ। ਇਸ ਲਈ ਸਖ਼ਤ ਨਿਗਰਾਨੀ, ਭਰੋਸੇਯੋਗ ਲੈਬਾਰਟਰੀ ਜਾਂਚ ਅਤੇ ਸਖ਼ਤ ਸਜ਼ਾਵਾਂ ਤੇ ਜੁਰਮਾਨਿਆਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਹੀ ਪੈਕੇਟ ਦੇ ਅਗਲੇ ਹਿੱਸੇ ’ਤੇ ਪੌਸ਼ਟਿਕ ਤੱਤਾਂ ਬਾਰੇ ਸਪੱਸ਼ਟ ਜਾਣਕਾਰੀ ਦੇਣ ਦੇ ਨਿਯਮਾਂ ਨੂੰ ਸਖ਼ਤ ਕਰਨਾ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੁੰਮਰਾਹਕੁੰਨ ਇਸ਼ਤਿਹਾਰਾਂ ’ਤੇ ਲਗਾਮ ਲਗਾਉਣੀ ਵੀ ਓਨੀ ਹੀ ਜ਼ਰੂਰੀ ਹੈ। ਸਿਹਤਮੰਦ ਬਦਲ ਆਮ ਲੋਕਾਂ ਦੀ ਪਹੁੰਚ ਵਿੱਚ ਅਤੇ ਕਿਫ਼ਾਇਤੀ ਹੋਣੇ ਚਾਹੀਦੇ ਹਨ। ਰਵਾਇਤੀ ਅਨਾਜ, ਦਾਲਾਂ ਅਤੇ ਸਥਾਨਕ ਤੌਰ ’ਤੇ ਪੈਦਾ ਹੋਣ ਵਾਲੇ ਖਾਧ ਪਦਾਰਥਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਦੀ ਲੋੜ ਹੈ। ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਦੇ ਨਾਲ-ਨਾਲ ਸਰਕਾਰੀ ਨੀਤੀਆਂ ਦੀਆਂ ਤਰਜੀਹਾਂ ਵਿੱਚ ਵੀ ਬਦਲਾਅ ਲਿਆਉਣਾ ਜ਼ਰੂਰੀ ਹੈ। ਭੋਜਨ ਦੇ ਅਧਿਕਾਰ ਦਾ ਅਸਲ ਅਰਥ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ।
Share this content:



Post Comment