ਪਿੰਡ ਫਿੱਡੇ ਕਲਾਂ ਵਿੱਚ “ਮੇਰਾ ਘਰ ਮੇਰੇ ਨਾਮ” ਤਹਿਤ ਮਲਕਾਨਾ ਹੱਕ ਦੇਣ ਲਈ ਸਮਾਗਮ 8 ਅਪ੍ਰੈਲ ਨੂੰ
ਕੋਟਕਪੂਰਾ, 8 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਲਕਾਨਾ ਹੱਕ ਪ੍ਰਦਾਨ ਕਰਨ ਲਈ ਚਲਾਈ ਜਾ ਰਹੀ “ਮੇਰਾ ਘਰ ਮੇਰੇ ਨਾਮ” ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਫਿੱਡੇ ਕਲਾਂ ਵਿਖੇ 8 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਪੀਕਰ ਦਫ਼ਤਰ, ਕੋਟਕਪੂਰਾ ਵੱਲੋਂ ਸਾਂਝੀ ਕੀਤੀ ਗਈ।
ਇਸ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ 170 ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਲਕਾਨਾ ਹੱਕਾਂ ਦੇ ਸਰਟੀਫਿਕੇਟ ਸੌਂਪੇ ਜਾਣਗੇ। ਜਿਕਰਯੋਗ ਹੈ ਕਿ ਪਹਿਲਾਂ ਕਈ ਲੋਕ ਆਪਣੇ ਘਰਾਂ ਵਿੱਚ ਰਹਿ ਰਹੇ ਹੋਣ ਦੇ ਬਾਵਜੂਦ ਵੀ ਕਾਨੂੰਨੀ ਦਸਤਾਵੇਜ਼ਾਂ ਜਾਂ ਮਲਕਾਨਾ ਹੱਕ ਤੋਂ ਵੰਚਿਤ ਸਨ, ਜਿਸ ਕਾਰਨ ਉਨ੍ਹਾਂ ਨੂੰ ਬੈਂਕ ਲੋਨ ਲੈਣ ਜਾਂ ਘਰ ਦੀ ਖਰੀਦ-ਫਰੋਖ਼ਤ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਦੀ ਇਸ ਪਹਿਲ ਨਾਲ ਹੁਣ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨੂੰ ਆਪਣੇ ਘਰਾਂ ਉੱਤੇ ਪੂਰਾ ਕਾਨੂੰਨੀ ਹੱਕ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਰਥਿਕ ਸੁਰੱਖਿਆ ਅਤੇ ਸਥਿਰਤਾ ਆਵੇਗੀ।
Share this content:



Post Comment