ਪਾਕਿਸਤਾਨ ਪਿੱਟੇ ਆਪਣਾ ਢੰਡੋਰਾ, ਸਾਨੂੰ ਕੀ?
ਮਹਿਜ਼ ਛੇ ਮਹੀਨਿਆਂ ਦੇ ਅੰਦਰ ‘ਧੁਰੰਦਰ’ ਅਤੇ ‘ਮੈਂ ਵਾਪਸ ਆਊਂਗਾ’ ਫ਼ਿਲਮਾਂ ਨੇ ਸਾਡੇ ਸਿਨੇਮਾ ਦੇ ਪਰਦੇ ’ਤੇ ਵੱਡਾ ਧਮਾਕਾ ਕੀਤਾ ਹੈ। ਇਹ ਦੋਵੇਂ ਫ਼ਿਲਮਾਂ ਦਿਨ-ਰਾਤ ਵਾਂਗ ਇੱਕ-ਦੂਜੇ ਤੋਂ ਬਿਲਕੁਲ ਉਲਟ ਹਨ ਪਰ ਇਸ ਸਭ ਦੇ ਬਾਵਜੂਦ ਇੱਕ ਸਵਾਲ ਹਰੇਕ ਦੇ ਮਨ ਨੂੰ ਲਗਾਤਾਰ ਟੁੰਬ ਰਿਹਾ ਹੈ ਕਿ ਆਖ਼ਰ ਇੱਕ ਆਮ ਭਾਰਤੀ (ਉੱਤਰ ਭਾਰਤੀ) ਦੇ ਦਿਲ-ਦਿਮਾਗ਼ ’ਤੇ ਪਾਕਿਸਤਾਨ ਹਮੇਸ਼ਾ ਕਿਉਂ ਸਵਾਰ ਰਹਿੰਦਾ ਹੈ? ਭਾਰਤ ਦੇ ਨਾਮੀ ਮਨੋਵਿਗਿਆਨੀ ਆਸ਼ੀਸ਼ ਨੰਦੀ ਦੀ ਕਿਤਾਬ ਦੇ ਨਾਂ ਮੁਤਾਬਿਕ (ਜੇਕਰ ਉਨ੍ਹਾਂ ਦੇ ਵਿਚਾਰਾਂ ਨੂੰ ਪਾਸੇ ਰੱਖ ਦੇਈਏ) ਤਾਂ ਪਾਕਿਸਤਾਨ ਨੂੰ ਇੱਕ ‘ਜਾਨੀ ਦੁਸ਼ਮਣ’ (ਇੰਟੀਮੇਟ ਐਨਮੀ) ਕਿਹਾ ਜਾ ਸਕਦਾ ਹੈ। ਸਾਲ 1947 ਵਿੱਚ ਹੋਈ ਦੇਸ਼ ਦੀ ਵੰਡ ਇੰਨੀ ਖ਼ੂਨੀ ਅਤੇ ਭਿਆਨਕ ਸੀ ਕਿ ਉਸ ਨੇ ਆਉਣ ਵਾਲੇ ਸਮੇਂ ਦੀ ਹਰ ਗੱਲ ’ਤੇ ਆਪਣੀ ਗੂੜ੍ਹੀ ਛਾਪ ਛੱਡੀ। ਇਸ ਵੰਡ ਤੋਂ ਬਾਅਦ ਦੋਵਾਂ ਮੁਲਕਾਂ ਕੋਲ ਇੱਕ-ਦੂਜੇ ਦੀ ਹੋਂਦ ਨੂੰ ਪ੍ਰਵਾਨ ਕਰਨ ਦੇ ਸਿਰਫ਼ ਦੋ ਹੀ ਰਸਤੇ ਸਨ ਜਾਂ ਤਾਂ ਇੱਕ-ਦੂਜੇ ਨੂੰ ਮੁਆਫ਼ ਕਰਕੇ ਗਲ਼ੇ ਲਗਾ ਲਿਆ ਜਾਵੇ ਤੇ ਜਾਂ ਫਿਰ ਹਿੱਕ ਤਾਣ ਕੇ ਵੈਰ ਕਮਾਇਆ ਜਾਵੇ। ਅੱਜ ਜਦੋਂ ਭਾਰਤ ਆਪਣੇ ਵਜੂਦ ਦੇ 80ਵੇਂ ਸਾਲ ਵਿੱਚ ਪੈਰ ਧਰ ਰਿਹਾ ਹੈ ਤਾਂ ਵੱਖ-ਵੱਖ ਸਮਿਆਂ ’ਤੇ ਇਨ੍ਹਾਂ ਦੋਵਾਂ ਹੀ ਵਿਚਾਰਾਂ ’ਤੇ ਮੰਥਨ ਹੁੰਦਾ ਦਿਸਦਾ ਹੈ। ਫ਼ਿਲਮਸਾਜ਼ ਇਮਤਿਆਜ਼ ਅਲੀ ਨੇ ਆਪਣੀ ਫ਼ਿਲਮ ‘ਮੈਂ ਵਾਪਸ ਆਊਂਗਾ’ ਰਾਹੀਂ ਮੁਆਫ਼ ਕਰਨ ਅਤੇ ਮਿਲਾਪ ਦੀ ਕੋਸ਼ਿਸ਼ ਦਿਖਾਈ ਹੈ ਜਦਕਿ ਅਦਿੱਤਿਆ ਧਰ ਨੇ ਆਪਣੀ ਫ਼ਿਲਮ ‘ਧੁਰੰਦਰ’ ਵਿੱਚ ਦੁਸ਼ਮਣੀ ਵਾਲਾ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਦੋਵੇਂ ਫ਼ਿਲਮਾਂ ਪੂਰੀ ਤਰ੍ਹਾਂ ਨਹੀਂ, ਬਲਕਿ ਕੁਝ ਹਕੀਕਤ ਹੀ ਦਿਖਾਉਣ ਵਿੱਚ ਸਫਲ ਹੁੰਦੀਆਂ ਹਨ।
ਪਿਛਲੇ ਦਹਾਕਿਆਂ ਦੌਰਾਨ ਜਦੋਂ ਵੀ ਭਾਰਤ ਨੇ ਪਾਕਿਸਤਾਨ ਨਾਲ ਜੰਗ, ਅਸਿੱਧੀ ਜੰਗ ਜਾਂ ਟਕਰਾਅ ’ਚ ਜਿੱਤ ਹਾਸਲ ਕੀਤੀ ਤਾਂ ਸਭ ਕੁਝ ਠੀਕ-ਠਾਕ ਹੀ ਲੱਗਦਾ ਰਿਹਾ, ਪਰ ਭਾਰਤ ਨੂੰ ਹਰ ਵਾਰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ। ਖ਼ਾਸ ਕਰਕੇ ਪੰਜਾਬ ਅਤੇ ਜੰਮੂ-ਕਸ਼ਮੀਰ ਵਰਗੇ ਸਰਹੱਦੀ ਸੂਬਿਆਂ ਨੇ ਅਤਿਵਾਦੀ ਹਮਲਿਆਂ ਵਿੱਚ ਆਪਣੇ ਬੇਗੁਨਾਹ ਲੋਕ ਅਤੇ ਫ਼ੌਜੀ ਜਵਾਨ ਗੁਆਏ। ਇਨ੍ਹਾਂ ਜ਼ਖ਼ਮਾਂ ਨੇ ਹਰ ਵਾਰ ਅੰਦਰ ਤੱਕ ਧੂਹ ਪਾਈ ਕਿਉਂਕਿ ਇਹ ਉਹ ਅੱਲੇ ਜ਼ਖਮ ਸਨ, ਜੋ ਕਦੇ ਪੂਰੀ ਤਰ੍ਹਾਂ ਭਰੇ ਹੀ ਨਹੀਂ ਸਨ। ਇਹੀ ਕਾਰਨ ਹੈ ਕਿ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ (ਚਾਹੇ ਉਹ ਕ੍ਰਿਕਟ ਦਾ ਮੈਦਾਨ ਹੀ ਕਿਉਂ ਨਾ ਹੋਵੇ) ਪੂਰੇ ਦੇਸ਼ ਨੂੰ ਜੋ ਮਾਨਸਿਕ ਸਕੂਨ ਅਤੇ ਤਸੱਲੀ ਮਿਲਦੀ ਸੀ, ਉਹ ਬੇਮਿਸਾਲ ਹੁੰਦੀ ਸੀ।
ਪਰ ਅਸਲੀਅਤ ਇਹ ਹੈ ਕਿ ਪਾਕਿਸਤਾਨ ਨੇ ਪੱਛਮੀ ਏਸ਼ੀਆ ਦੇ ਸੰਕਟ ਦਾ ਬਹੁਤ ਚਲਾਕੀ ਨਾਲ ਫ਼ਾਇਦਾ ਉਠਾਇਆ ਹੈ ਅਤੇ ਦੁਨੀਆ ਵਿੱਚ ਆਪਣਾ ਦਬਦਬਾ ਵਧਾਇਆ ਹੈ। ਉਸ ਨੇ ਚੀਨ, ਸਾਊਦੀ ਅਰਬ ਅਤੇ ਇਰਾਨ ਨਾਲ ਆਪਣੀ ਨੇੜਤਾ ਦਾ ਹੁਸ਼ਿਆਰੀ ਨਾਲ ਇਸਤੇਮਾਲ ਕਰਕੇ ਇੱਕ ਕੌਮਾਂਤਰੀ ਸਮਝੌਤਾ ਕਰਵਾ ਦਿੱਤਾ, ਭਾਵੇਂ ਕਿ ਆਖ਼ਰੀ ਹਫ਼ਤਿਆਂ ਵਿੱਚ ਇਸ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਉਸ ਨੂੰ ਕਤਰ ਦੀ ਮਦਦ ਵੀ ਲੈਣੀ ਪਈ। ਪਾਕਿਸਤਾਨ ਨੇ ਇਸ ਕੰਮ ਲਈ ਆਪਣੇ ਸਾਰੇ ਸਬੰਧਾਂ ਦਾ ਪੂਰਾ ਜ਼ੋਰ ਲਾ ਦਿੱਤਾ। ਉਸ ਨੇ ਵਾਸ਼ਿੰਗਟਨ ਵਿੱਚ ਇਰਾਨ ਦੇ ਪੱਖ ਦੀ ਨੁਮਾਇੰਦਗੀ ਕੀਤੀ, ਜੋ ਉਹ 1979 ਦੀ ਇਰਾਨੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਕਰਦਾ ਆ ਰਿਹਾ ਹੈ ਅਤੇ ਇਸ ਰਿਸ਼ਤੇ ਦਾ ਉਸ ਨੇ ਭਰਪੂਰ ਫ਼ਾਇਦਾ ਲਿਆ। ਉਸ ਨੇ ਚੀਨ ਦੇ ਪਿਛਲੱਗੂ ਹੋਣ ਦਾ ਵੀ ਪੂਰਾ ਲਾਹਾ ਲਿਆ ਤਾਂ ਜੋ ਰੂਸ ਸਮੇਤ ਸਾਰੇ ਪਾਸੇ ਗੱਲਬਾਤ ਦਾ ਰਸਤਾ ਸਾਫ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਸ ਨੇ ਅਮਰੀਕਾ ਦੇ ਪੱਕੇ ਜੋਟੀਦਾਰ ਸਾਊਦੀ ਅਰਬ ਨਾਲ ਵੀ ਆਪਣੀ ‘ਪੱਕੀ ਯਾਰੀ’ ਦਾ ਦਾਅ ਖੇਡਿਆ ਤਾਂ ਜੋ ਲੋੜ ਪੈਣ ’ਤੇ ਸ਼ਿਕੰਜਾ ਹੋਰ ਕੱਸਿਆ ਜਾ ਸਕੇ। ਪਾਕਿਸਤਾਨੀਆਂ ਨੇ ਆਪਣੀ ਚਾਲ ਬਿਲਕੁਲ ਸਹੀ ਚੱਲੀ, ਅਜਿਹੇ ਕਮਜ਼ੋਰ ਮੁਲਕ ਜਿਨ੍ਹਾਂ ਕੋਲ ਗੁਆਉਣ ਲਈ ਸਭ ਕੁਝ ਹੁੰਦਾ ਹੈ ਉਹ ਆਮ ਤੌਰ ’ਤੇ ਇਹੀ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਭਾਰਤ ਨੂੰ ਵੀ ਰਾਵਲਪਿੰਡੀ ਦੀ ਇਸ ਭੂਮਿਕਾ ਨੂੰ ਖੁੱਲ੍ਹੇ ਦਿਲ ਨਾਲ ਮੰਨ ਲੈਣਾ ਚਾਹੀਦਾ ਹੈ, ਕਿਉਂਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਅਪਰੇਸ਼ਨ ਨੂੰ ਫ਼ੀਲਡ ਮਾਰਸ਼ਲ ਮੁਨੀਰ ਨੇ ਆਪਣੇ ਵਿਦੇਸ਼ ਮੰਤਰਾਲੇ ਦੇ ਮਾਹਿਰ ਰਾਜਦੂਤਾਂ ਨਾਲ ਮਿਲ ਕੇ ਚਲਾਇਆ ਸੀ। ਭਾਰਤ ਨੂੰ ਹੁਣ ਇਸ ਗੱਲ ਨੂੰ ਸਵੀਕਾਰ ਕਰਕੇ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਅਜਿਹੇ ਤਾਕਤਵਰ ਮੁਲਕ, ਜਿਨ੍ਹਾਂ ਨੇ ਅੱਗੇ ਬਹੁਤ ਕੁਝ ਹਾਸਲ ਕਰਨਾ ਹੁੰਦਾ ਹੈ ਉਹ ਇਵੇਂ ਹੀ ਕਰਦੇ ਹਨ।
ਪੱਛਮੀ ਏਸ਼ੀਆ ਦੇ ਇਸ ਸੰਕਟ ਤੋਂ ਅਸੀਂ ਸਾਰੇ ਕਈ ਸਬਕ ਸਿੱਖ ਸਕਦੇ ਹਾਂ। ਪਹਿਲਾ ਸਬਕ ਤਾਂ ਬਿਲਕੁਲ ਸਾਫ਼ ਹੈ, ਜੇਕਰ ਕੋਈ ਦੇਸ਼ ਦੁਨੀਆ ਵਿੱਚ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਾਕਿਸਤਾਨ ਵਾਂਗ ਸਾਰੀਆਂ ਧਿਰਾਂ ਨਾਲ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖਣੇ ਪੈਣਗੇ। ਦੂਜਾ, ਲੀਡਰਾਂ ਵਿੱਚ ਡੋਨਲਡ ਟਰੰਪ ਵਰਗਾ ਜਿਗਰਾ ਹੋਣਾ ਚਾਹੀਦਾ ਹੈ ਕਿ ਉਹ ਹਾਰਦੀ ਹੋਈ ਧਿਰ (ਇਜ਼ਰਾਈਲ) ਦਾ ਖਹਿੜਾ ਛੱਡ ਸਕਣ (ਖ਼ਾਸ ਕਰਕੇ ਉਦੋਂ ਜਦੋਂ ਉਹ ਧਿਰ ਸਾਰਾ ਖੇਡ ਖ਼ਰਾਬ ਕਰ ਰਹੀ ਹੋਵੇ) ਅਤੇ ਜਿੱਤਣ ਵਾਲੇ (ਇਰਾਨ) ਨਾਲ ਹੱਥ ਮਿਲਾ ਸਕਣ। ਟਰੰਪ ਭਲੀ-ਭਾਂਤ ਸਮਝ ਗਏ ਸਨ ਕਿ ਉਨ੍ਹਾਂ ਦੀ ਆਪਣੀ ਆਰਥਿਕਤਾ ਨੂੰ ਸੱਟ ਵੱਜਣੀ ਸ਼ੁਰੂ ਹੋ ਚੁੱਕੀ ਸੀ ਅਤੇ ਨਵੰਬਰ ਵਿੱਚ ਆ ਰਹੀਆਂ ਮੱਧ-ਕਾਲੀ ਚੋਣਾਂ ਕਰਕੇ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਸੀ। ਟਰੰਪ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਆਪਣੀ ਹਉਮੈ ਨੂੰ ਦੇਸ਼ ਦੇ ਹਿੱਤਾਂ ਦੇ ਰਾਹ ਵਿੱਚ ਨਹੀਂ ਆਉਣ ਦੇ ਸਕਦੇ। ਅਜਿਹਾ ਫ਼ੈਸਲਾ ਲੈਣ ਲਈ ਬਹੁਤ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ।
ਤੀਜਾ ਸਬਕ ਇਹ ਹੈ ਕਿ ਭਾਵੇਂ ਪਾਕਿਸਤਾਨ ਉੱਚੀ-ਉੱਚੀ ਆਪਣੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਰਿਹਾ ਹੈ ਪਰ ਫਿਰ ਵੀ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਆਰਥਿਕਤਾ ਹੋਣ ਦੇ ਨਾਤੇ ਭਾਰਤ ਨੂੰ ਇਸ ਗੱਲ ’ਤੇ ਬਹੁਤਾ ਖਿਝਣਾ ਜਾਂ ਮਨ ਛੋਟਾ ਨਹੀਂ ਕਰਨਾ ਚਾਹੀਦਾ। ਆਖ਼ਰ ਕਦੇ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਭਾਰਤ ਦੀ ਤਰੱਕੀ ਨੂੰ ਮਾਪਣ ਦੇ ਆਪਣੇ ਵੱਖਰੇ ਅਤੇ ਵਿਲੱਖਣ ਪੈਮਾਨੇ ਹਨ, ਸਾਡੇ ਵਿਗਿਆਨਕ ਅਦਾਰੇ ਹਨ ਜਿਨ੍ਹਾਂ ਨੇ ਵਿਕਰਮ ਲੈਂਡਰ ਨੂੰ ਪੁਲਾੜ ਵਿੱਚ ਭੇਜਿਆ ਹੈ, ਸਾਡੇ ਕੋਲ ਆਪਣੇ 140 ਕਰੋੜ ਲੋਕਾਂ ਦਾ ਪੇਟ ਭਰਨ ਦੀ ਤਾਕਤ ਹੈ, ਸਾਡੀਆਂ ਵੱਡੀਆਂ ਆਈ ਟੀ ਕੰਪਨੀਆਂ ਹਨ ਅਤੇ ਬਾਲੀਵੁੱਡ ਤਾਂ ਹੈ ਹੀ। ਫਿਰ ਤੁਸੀਂ ਆਪਣੀ ਤੁਲਨਾ ਸਰਹੱਦ ਪਾਰ ਦੇ ਉਸ ਨਿੱਕੇ ਜਿਹੇ ਮੁਲਕ ਨਾਲ ਕਿਉਂ ਕਰਦੇ ਹੋ। ਅਸਲ ਵਿੱਚ ਤੁਸੀਂ ਦੋਵੇਂ ਬਿਲਕੁਲ ਵੱਖਰੇ ਦੇਸ਼ ਹੋ, ਬਿਲਕੁਲ ਉਸੇ ਤਰ੍ਹਾਂ ਜਿਵੇਂ ‘ਧੁਰੰਦਰ’ ਅਤੇ ‘ਮੈਂ ਵਾਪਸ ਆਊਂਗਾ’ ਫ਼ਿਲਮਾਂ ਦਾ ਆਪਸ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।
ਫ਼ਿਲਮਾਂ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਉਹ ਸਿਰਫ਼ ਉਹੀ ਨਹੀਂ ਦਿਖਾਉਂਦੀਆਂ ਜੋ ਨਿਰਦੇਸ਼ਕ ਚਾਹੁੰਦਾ ਹੈ, ਸਗੋਂ ਉਨ੍ਹਾਂ ਵਿੱਚ ਤੁਸੀਂ ਖ਼ੁਦ ਨੂੰ ਵੀ ਦੇਖ ਸਕਦੇ ਹੋ। ‘ਧੁਰੰਦਰ’ ਵਿੱਚ ਅਸੀਂ ਦੇਖਿਆ ਕਿ ਲਿਆਰੀ ਕਿਹੋ ਜਿਹਾ ਦਿਸਦਾ ਹੈ, ਭਾਵੇਂ ਅਸੀਂ ਕਦੇ ਉੱਥੇ ਗਏ ਨਹੀਂ। ਇੱਥੋਂ ਤੱਕ ਕਿ ਚੋਰੀ-ਛਿਪੇ ਕੇਬਲ ਟੀਵੀ ’ਤੇ ਦੇਖਣ ਵਾਲੇ ਪਾਕਿਸਤਾਨੀ ਵੀ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਇਹ ਸਭ ਕਿੰਨਾ ਅਸਲੀ ਲੱਗ ਰਿਹਾ ਸੀ। ਦੂਜੇ ਪਾਸੇ ‘ਮੈਂ ਵਾਪਸ ਆਊਂਗਾ’ ਵਰਗੀ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਵਿੱਚ ਇਮਤਿਆਜ਼ ਅਲੀ ਸਾਨੂੰ ਅਤੀਤ ਦੇ ਝਰੋਖੇ ਵਿੱਚ ਝਾਤੀ ਮਾਰਨ ਦਾ ਮੌਕਾ ਦਿੰਦੇ ਹਨ ਤਾਂ ਜੋ ਉਜਾੜਾ ਕੱਟ ਕੇ ਆਏ ਪੰਜਾਬੀ ਸ਼ਰਨਾਰਥੀ ਪਰਿਵਾਰਾਂ ਦੀਆਂ 80 ਸਾਲ ਪੁਰਾਣੀਆਂ ਯਾਦਾਂ ਦੇ ਜ਼ਖ਼ਮਾਂ ’ਤੇ ਆਖ਼ਰਕਾਰ ਮੱਲ੍ਹਮ ਲੱਗ ਸਕੇ। ਇਸ ਵਿੱਚ ਇੱਕ ਗੱਲ ਇਹ ਵੀ ਮਦਦਗਾਰ ਰਹੀ ਕਿ ਫ਼ਿਲਮ ਵਿੱਚ ਦਿਲਜੀਤ ਦੀ ਅਦਾਕਾਰੀ ਐਨੀ ਫ਼ਿੱਕੀ ਹੈ ਕਿ ਤੁਸੀਂ ਫ਼ਿਲਮ ਦੇਖਦੇ ਹੋਏ ਕਦੇ ਵੀ ਅਸਲੀਅਤ ਨੂੰ ਨਹੀਂ ਭੁੱਲਦੇ ਅਤੇ ਤੁਹਾਨੂੰ ਇਹ ਯਾਦ ਰਹਿੰਦਾ ਹੈ ਕਿ ਤੁਸੀਂ ਸਿਰਫ਼ ਇੱਕ ਫ਼ਿਲਮ ਹੀ ਦੇਖ ਰਹੇ ਹੋ।
ਘੁੰਮਣ-ਫਿਰਨ ਲਈ ਪਾਕਿਸਤਾਨ ਯਕੀਨਨ ਇੱਕ ਖ਼ੂਬਸੂਰਤ ਮੁਲਕ ਹੈ। ਸਾਡੇ ਵਿੱਚੋਂ ਬਹੁਤਿਆਂ ਦੇ ਉੱਥੇ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਹਨ। ਅਸੀਂ ਵੀ ਆਪਣੇ ਬੱਚਿਆਂ ਨੂੰ ਮੋਹੰਜੋਦੜੋ ਅਤੇ ਹੜੱਪਾ ਦੇ ਖੰਡਰਾਤ ਦਿਖਾਉਣਾ ਚਾਹੁੰਦੇ ਹਾਂ, ਜੋ ਇਤਿਹਾਸ ਦਾ ਸਭ ਤੋਂ ਉੱਤਮ ਸਬਕ ਹੈ ਅਤੇ ਕਰਾਚੀ ਦੇ ਕਲਿਫਟਨ ਸਮੁੰਦਰੀ ਤੱਟ ’ਤੇ ਅਰਬ ਸਾਗਰ ਦੇ ਨਿੱਘੇ ਪਾਣੀ ਵਿੱਚ ਪੈਰ ਡੋਬਣਾ ਚਾਹੁੰਦੇ ਹਾਂ। ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਮੁਲਕ ’ਤੇ ਉੱਥੋਂ ਦੀ ਫ਼ੌਜ ਦਾ ਹੀ ਸਿੱਧਾ ਰਾਜ ਹੈ ਜਿਸ ਦਾ ਫ਼ੀਲਡ ਮਾਰਸ਼ਲ ਇਸ ਹਫ਼ਤੇ ਡੋਨਲਡ ਟਰੰਪ ਦਾ ਲਾਡਲਾ ਤਾਂ ਬਣਿਆ ਹੋਇਆ ਹੈ ਪਰ ਉਸੇ ਫ਼ੌਜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਮਨਘੜਤ ਕੇਸਾਂ ਵਿੱਚ 2023 ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਇਸ ਲਈ ‘ਧੁਰੰਦਰ’ ਅਤੇ ‘ਮੈਂ ਵਾਪਸ ਆਊਂਗਾ’ ਦੋਵੇਂ ਫ਼ਿਲਮਾਂ ਜ਼ਰੂਰ ਦੇਖੋ ਪਰ ਇਹ ਯਾਦ ਰੱਖੋ ਕਿ ਦੋਵਾਂ ਵਿੱਚੋਂ ਕੋਈ ਵੀ ਤੁਹਾਨੂੰ ਪੂਰੀ ਹਕੀਕਤ ਨਹੀਂ ਦੱਸੇਗੀ।
Share this content:



Post Comment