ਪਹਿਲੀ ਵਾਰ ਹੋਵੇਗੀ ‘ਡਿਜੀਟਲ ਮਰਦਮਸ਼ੁਮਾਰੀ’
ਨਵੀਂ ਦਿੱਲੀ, 1 ਅਪ੍ਰੈਲ – ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ, ਸ੍ਰੀ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਅੱਜ ਨਵੀਂ ਦਿੱਲੀ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ‘ਮਰਦਮਸ਼ੁਮਾਰੀ-2027’ ਦੇ ਰੂਪ ਰੇਖਾ ਦਾ ਐਲਾਨ ਕੀਤਾ। ਵਿਸ਼ਵ ਦੀ ਇਹ ਸਭ ਤੋਂ ਵੱਡੀ ਮਰਦਮਸ਼ੁਮਾਰੀ ਦੋ ਪੜਾਵਾਂ ਵਿੱਚ ਕਰਵਾਈ ਜਾਵੇਗੀ, ਜਿਸ ਦਾ ਪਹਿਲਾ ਪੜਾਅ ਅੱਜ ਯਾਨੀ 1 ਅਪ੍ਰੈਲ 2026 ਤੋਂ ਸ਼ੁਰੂ ਹੋ ਗਿਆ ਹੈ।
ਪਹਿਲੀ ਵਾਰ ਡਿਜੀਟਲ ਅਤੇ ਸੈਲਫ-ਐਨਿਊਮਰੇਸ਼ਨ (ਖ਼ੁਦ ਵੇਰਵੇ ਭਰਨ) ਦੀ ਸਹੂਲਤ
ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਕਈ ਇਤਿਹਾਸਕ ਬਦਲਾਅ ਕੀਤੇ ਗਏ ਹਨ। ਪਹਿਲੀ ਵਾਰ ਸਾਰਾ ਡਾਟਾ ਮੋਬਾਈਲ ਐਪ ਰਾਹੀਂ ਇਕੱਠਾ ਕੀਤਾ ਜਾਵੇਗਾ। ਗਣਨਾਕਾਰ ਆਪਣੇ ਸਮਾਰਟਫੋਨ ਦੀ ਵਰਤੋਂ ਕਰਕੇ ਜਾਣਕਾਰੀ ਦਰਜ ਕਰਨਗੇ। ਨਾਗਰਿਕਾਂ ਨੂੰ ਪਹਿਲੀ ਵਾਰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਗਣਨਾਕਾਰ ਦੇ ਘਰ ਆਉਣ ਤੋਂ ਪਹਿਲਾਂ ਹੀ ਆਨਲਾਈਨ ਪੋਰਟਲ (se.census.gov.in) ਰਾਹੀਂ ਆਪਣੇ ਪਰਿਵਾਰ ਦੇ ਵੇਰਵੇ ਖ਼ੁਦ ਭਰ ਸਕਦੇ ਹਨ। ਇਹ ਸਹੂਲਤ ਪੰਜਾਬੀ ਸਮੇਤ 16 ਭਾਸ਼ਾਵਾਂ ਵਿੱਚ ਉਪਲਬਧ ਹੈ।
ਮਰਦਮਸ਼ੁਮਾਰੀ ਦੇ ਦੋ ਪੜਾਅ
ਪਹਿਲਾ ਪੜਾਅ (ਅਪ੍ਰੈਲ-ਸਤੰਬਰ 2026): ਇਸ ਵਿੱਚ ਘਰਾਂ ਦੀ ਸੂਚੀ ਅਤੇ ਰਿਹਾਇਸ਼ੀ ਗਣਨਾ ਕੀਤੀ ਜਾਵੇਗੀ। ਇਸ ਦੌਰਾਨ ਮਕਾਨਾਂ ਦੀ ਹਾਲਤ, ਉਪਲਬਧ ਸਹੂਲਤਾਂ ਅਤੇ ਸੰਪਤੀਆਂ ਬਾਰੇ ਜਾਣਕਾਰੀ ਲਈ ਜਾਵੇਗੀ।
ਦੂਜਾ ਪੜਾਅ (ਫਰਵਰੀ 2027): ਇਸ ਵਿੱਚ ਆਬਾਦੀ ਦੀ ਗਣਨਾ ਕੀਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਪੜਾਅ ਦੌਰਾਨ ਜਾਤੀ ਅਧਾਰਤ ਮਰਦਮਸ਼ੁਮਾਰੀ (Caste Census) ਵੀ ਕਰਵਾਈ ਜਾਵੇਗੀ।
Share this content:



Post Comment