Loading Now

ਪਹਿਲੀ ਮਈ ਲਈ ਵਿਸ਼ੇਸ਼ – ਇਨਕਲਾਬੀ ਸੰਕਲਪ ਦੇ, ਇਤਿਹਾਸਕ ਵਿਰਸੇ ਨੂੰ ਯਾਦ ਰੱਖੀਏ ! ਕਿਰਤੀ-ਵਰਗ ਅਮਨ ਚਾਹੁੰਦਾ ਹੈ, ਜੰਗ ! ਨਹੀਂ/ਜਗਦੀਸ਼ ਸਿੰਘ ਚੋਹਕਾ

ਪਹਿਲੀ ਮਈ ਲਈ ਵਿਸ਼ੇਸ਼ – ਇਨਕਲਾਬੀ ਸੰਕਲਪ ਦੇ, ਇਤਿਹਾਸਕ ਵਿਰਸੇ ਨੂੰ ਯਾਦ ਰੱਖੀਏ ! ਕਿਰਤੀ-ਵਰਗ ਅਮਨ ਚਾਹੁੰਦਾ ਹੈ, ਜੰਗ ! ਨਹੀਂ/ਜਗਦੀਸ਼ ਸਿੰਘ ਚੋਹਕਾ

ਪਹਿਲੀ ਮਈ ਮਜ਼ਦੂਰ-ਦਿਵਸ ਦਾ ਦਵੰਦਾਤਮਕਵਾਦੀ ਇਤਿਹਾਸ ਦੁਨੀਆਂ ਦੇ ਕਿਰਤੀ-ਇਤਿਹਾਸ ਦੀਆਂ ਤਿੰਨ  ਇਤਿਹਾਸਕ ਵਰ੍ਹੇ-ਗੰਢਾਂ ਦੇ ਰਿਲੇਵੇਂ ਨਾਲ ਜੁੜਿਆ ਹੋਇਆ ਹੈ ! ਪਹਿਲੀ ਇਤਿਹਾਸਕ ਘਟਨਾ ਦਾ ਸੰਬੰਧ ਮਈ-1886 ਨਾਲ ਹੈ ਜਦੋਂ ਅਮਰੀਕਾ ਦੇ ਕਿਰਤੀਆਂ ਨੇ 8-ਘੰਟੇ ਦੇ ਕੰਮ-ਦਿਨ ਲਈ ਸੰਘਰਸ਼ ਵਿਢਿਆ ਸੀ। ਇਸ ਮੁਹਿੰਮ ਦਾ ਇਹ ਸਿਖਰ ਸੀ ਜਦੋਂ ਉਸ ਵੇਲੇ ਦੇ ਪੂੰਜੀਪਤੀ-ਮਾਲਕਾਂ ਅਤੇ ਰਾਜਸਤਾ ‘ਤੇ ਕਾਬਜ਼ ਪੂੰਜੀਪਤੀਆਂ ਦੀ ਮਿਲੀ-ਭੁਗਤ ਵਲੋਂ ਹੱਕ ਲਈ ਸੰਘਰਸ਼ ਕਰਦੇ ਕਿਰਤੀਆਂ ਨੂੰ ਦਬਾਉਣ ਲਈ ਸ਼ਿਕਾਗੋ ਸ਼ਹਿਰ ਵਿਖੇ ਹਾਕਮਾਂ ਅਤੇ ਉਸ ਦੀ ਜ਼ਾਬਰ ਪੁਲਿਸ ਨੇ ਗੋਲੀਆ ਚਲਾ ਕੇ ਕਿਰਤੀਆਂ ਨੂੰ ਸ਼ਹੀਦ ਕਰ ਦਿਤਾ ਸੀ। ਸਾਲ 1889 ਨੂੰ ਦੂਸਰੀ ਕੌਮਾਂਤਰੀ ਕਾਂਗਰਸ ਜਿਸ ਨੇ ਪਹਿਲੀ ਮਈ ਨੂੰ ਕੌਮਾਂਤਰੀ ਪੱਧਰ ‘ਤੇ ਕਿਰਤੀਆਂ ਨਾਲ ਇਕਮੁਠਤਾ ਵਜੋਂ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਸੀ। ਤੀਸਰੀ ਵਰ੍ਹੇ-ਗੰਢ ਸੰਬੰਧੀ 1890 ਨੂੰ ਉਪਰੋਕਤ ਫੈਸਲੇ ਅਨੁਸਾਰ ਕਈ ਦੇਸ਼ਾਂ ਨੇ ਪਹਿਲੀ ਮਈ ਨੂੰ ਮਜ਼ਦੂਰ -ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤਰ੍ਹਾਂ ਦੁਨੀਆਂ ਅੰਦਰ ਪਹਿਲੀ ਮਈ ਨੂੰ ਲੜਾਕੂ ਕਿਰਤੀ-ਰਵਾਇਤਾਂ ਨੂੰ, ‘ਸਦਾ ਹੀ ਕਿਰਤੀਆਂ ਦੇ ਸਮਾਜਕ-ਆਰਥਕ ਅਤੇ ਰਾਜਸੀ ਹਿਤਾਂ ਲਈ ਉਪਜੇ ਸੰਘਰਸ਼ਾਂ ਦੀ ਪੂਰਤੀ ਵਜੋਂ ਅੱਗੇ ਵਧਾਉਣ ਲਈ ਅੱਜ ਵੀ ਇਨ੍ਹਾਂ ਨੂੰ ਯਕੀਨੀ ਤੇ ਸਦੀਵੀ ਤੌਰ ‘ਤੇ ਹੱਕਾਂ ਲਈ ਯਾਦ ਕੀਤਾ ਜਾਂਦਾ ਹੈ।
ਮਨੁੱਖੀ ਸੰਸਾਰ ਅੰਦਰ ਅਨਿਆਏ, ਸੀਨਾ-ਜੋਰੀ ਅਤੇ ਜ਼ਬਰ ਵਿਰੁੱਧ ਸੰਘਰਸ਼ ਲਗਾਤਾਰ ਪਨਪਦਾ ਅਤੇ ਉਪਜਦਾ ਰਹਿੰਦਾ ਹੈ। ਆਦਿ ਤੋਂ ਹੀ ਉਜ਼ਰਤੀ-ਗੁਲਾਮੀ ਅਤੇ ਕਿਰਤੀ ਸ਼ੋਸ਼ਣ ਮਾਲਕ ਅਤੇ ਕਿਰਤੀ-ਵਰਗ ਵਿਚਕਾਰ ਮੁੱਢ-ਕਦੀਮ ਤੋਂ ਇਕ ਸਦੀਵੀਂ ਵਤੀਰਾ ਤੇ ਅੰਦੋਲਨ ਚਲਿਆ ਜਾ ਰਿਹਾ ਹੈ। ਭਾਵੇਂ ਇਹ ਅੰਦੋਲਨ ਕਈ ਵਾਰੀ ਅਚੇਤ ਹੁੰਦਾ ਹੈ ਅਤੇ ਕਈ ਵਾਰ ਸੁਚੇਤ ਰੂਪ ਰਾਹੀ ਸਾਹਮਣੇ ਵੀ ਆਉਂਦਾ ਹੈ। ਪਰ ਪਹਿਲੀ ਵਾਰ ਅਮਰੀਕਾ ਅੰਦਰ, ‘ਦੱਖਣੀ ਰਾਜਾਂ ਦੇ ਵੱਡੇ ਭੂਮੀਪਤੀਆਂ ਵਲੋਂ ਸਿਆਹ-ਫ਼ਾਮ ਗੁਲਾਮਾਂ (ਕਾਲੇ ਲੋਕਾਂ) ‘ਤੇ ਜ਼ਬਰ ਅਤੇ ਉਤਰੀ ਰਾਜਾਂ ਦੇ ਸਨਅਤਾਂ ਦੇ ਮਾਲਕ ਪੂੰਜੀਪਤੀਆਂ ਵੱਲੋ, ‘ਆਪਣੀ ਲੁੱਟ ਲਈ ਉਜ਼ਰਤੀ-ਕਿਰਤੀਆਂ ਦੀ ਗੁਲਾਮੀ ਨੂੰ ਸਦੀਵੀ ਬਣਾਉਣ ਤੇ ਕਾਇਮ ਰੱਖਣ ਲਈ ਇਹ ਇਕ ਆਪਣੀ ਵਰਗੀ-ਸੰਘਰਸ਼ ਦੇ ਰੂਪ ਵਿੱਚ ਅਜਿਹੀ ਟੱਕਰ ਸੀ। ਕਿਰਤੀ-ਵਰਗ ਦੇ ਸ਼ੋਸ਼ਣ ਲਈ, ‘ਭੂਮੀਪਤੀਆਂ ਅਤੇ ਪੂੰਜੀਪਤੀਆਂ ਵਿਚਕਾਰ ਕਿਰਤੀ ਦੀ ਲੁੱਟ ਕਰਨ ਲਈ ਅਜਿਹੀ ਖਹਿ-ਬਾਜ਼ੀ ਦਾ ਉਤਪਨ ਹੋਣਾ ਵੀ ਇਕ ਹਾਂ ਪੱਖੀ ਲਾਜ਼ਮੀ ਤਬਦੀਲੀ ਸੀ, ਜਿਸ ਨੇ ਚਾਲਕ ਸ਼ਕਤੀ ਨੂੰ ਵੀ ਜਨਮ ਦਿੱਤਾ ? ਇਹ ਗੁਣਾਂਤਮਕ ਤਬਦੀਲੀ ਹੀ ਅੱਗੋ ਉਜ਼ਰਤੀ-ਕਿਰਤੀਆਂ ਦੇ ਚੰਗੇ ਜੀਵਨ ਲਈ, ਇਤਿਹਾਸਕ ਬਰਾਬਤਾ ਦੇ ਨਿਆਂ ਅਧੀਨ ਸਮਾਜਕ, ਆਰਥਿਕ ਤੇ ਰਾਜਨੀਤਕ ਖੇਤਰ ਅੰਦਰ, ਬਰਾਬਰਤਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕਿਰਤੀ ਅੰਦੋਲਨਾਂ ਨੂੰ ਜਨਮ ਦੇਣ ਲਈ ਹੀ ਸਹਾਇਕ ਬਣੀ। ਜੋ ਆਰਥਿਕ ਗੁਲਾਮੀ ਵਿਰੁਧ ਇਹ ਇਕ ਪਹਿਲਾ ਇਨਕਲਾਬੀ ਕਦਮ ਸੀ ਜਿਸ ਨੇ ਵਰਗ ਸੰਘਰਸ਼ ਨੂੰ ਤੇਜ ਕੀਤਾ ਸੀ।
ਉਨ੍ਹੀਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਅਮਰੀਕਾ ਅੰਦਰ ਵਿਕਸਤ ਹੋ ਰਹੇ ਪੂੰਜੀਵਾਦੀ ਸਮਾਜ ਦੇ ਗਰਭ ਅੰਦਰ ਕਿਰਤੀ ਜਮਾਤ ਦੀਆ ਆਰਥਿਕ ਹਾਲਤਾਂ ਦਾ ਖਰਾਬ ਹੋਣਾ ਕੇਵਲ ਬੇਰੁਜ਼ਗਾਰੀ ਦਾ ਕਾਰਨ ਹੀ ਨਹੀਂ ਸੀ ਸਗੋਂ ਹੋਰ ਕਾਰਨ ਵੀ ਸਨ। ਜਿਵੇਂ ਉਜਰਤਾਂ ਵਿੱਚ ਕਟੌਤੀ, ਕੰਮ ਦੀਆਂ ਹਾਲਤਾਂ ਦਾ ਖਰਾਬ ਹੋਣਾ, ਵਧੇਰੇ ਕਿਰਾਏ, ਮਾੜੀਆਂ ਰਿਹਾਇਸ਼ੀ ਹਾਲਤਾਂ, ਰੁਜ਼ਗਾਰ ਦੀ ਅਸਥਿਰਤਾ ‘ਤੇ ਅਸਹਿ ਤੌਰ ਉਤੇ ਲੰਮੀਆਂ ਕੰਮ ਦੀਆਂ ਘੜੀਆ ਦਾ ਹੋਣਾ ? ਉਸ ਸਮੇਂ ਨਾ ਤਾਂ ਸਮਾਜਵਾਦੀ ਲਹਿਰ ਏਨੀ ਤਕੜੀ ਸੀ, ਨਾ ਹੀ ਵਿਚਾਰਧਾਰਕ ਤੌਰ ‘ਤੇ ਅਤੇ ਨਾ ਹੀ ਜੱਥੇਬੰਦਕ ਤੌਰ ‘ਤੇ ਹੀ ਇਕ ਜਾਨ ਲਹਿਰ ਸੀ ! ਕਿਰਤੀ ਤੇ ਟਰੇਡ ਯੂਨੀਅਨ ਲਹਿਰ ਨਾਲੋਂ ਨਿਖੜਕੇ ਸਮਾਜਵਾਦੀ ਲੇਬਰ ਪਾਰਟੀ ਕਿਰਤੀਆਂ ਨੂੰ ਰਾਜਸੀ ਤੌਰ ਉਤੇ ਸਿਖਿਆ ਦੇਣ ਅਤੇ ਉਨ੍ਹਾਂ ਵਿੱਚ ਸਮਾਜਵਾਦੀ ਚੇਤਨਾ ਭਰਨ ਲਈ ਵੀ ਬਹੁਤ ਕੁਝ ਵੀ ਨਾ ਕਰ ਸਕੀ। ਇਸ ਦਾ ਹਵਾਲਾ ਅਲਬਰਟ ਪਾਰਸਨਜ਼ ਵੱਲੋਂ ਜੀਵਨ ਦੇ ਆਖਰੀ ਵਰੇ ਲਿਖੀ ‘‘ਅਰਾਜਕਤਾਵਾਦ“ ਇਸ ਦਾ ਸਿਧਾਂਤ ਤੇ ਇਸ ਦਾ ਵਿਗਿਆਨਕ ਅਧਾਰ ਜੋ 27-ਅਕਤੂਬਰ, 1887 ਨੂੰ ਜੇਲ੍ਹ ਦੌਰਾਨ ਲਿਖੀ ਅਮਰੀਕਾ ਅੰਦਰ ਪੂੰਜੀਵਾਦ ਦਾ ਵਿਕਾਸ ਅਤੇ ਸਨਅਤੀ ਕਿਰਤੀ ਜਮਾਤ ਦੇ ਪਸਾਰ ਨੂੰ ਦਵੰਦਾਤਮਕ ਪਦਾਰਥਵਾਦ ਦੀ ਦਰਿਸ਼ਟੀ ਵੱਜੋ ਰੂਪਮਾਨ ਕਰਦੇ ਹੋਏ ਪੇਸ਼ ਕੀਤਾ ਗਿਆ ਸੀ! ਉਸ ਸਮੇਂ ਕਿਰਤੀ ਲਹਿਰਾਂ ਤੇ ਰੋਸ ਸਾਰੇ ਅਮਰੀਕਾ ਅੰਦਰ ਫੈਲ ਰਿਹਾ ਸੀ।
ਸ਼ਿਕਾਗੋ, ਮਈ 1886 ਦੇ ਕਾਂਡ ਤੋਂ ਪਹਿਲਾ ਅਪ੍ਰੈਲ ਦੇ ਅਖੀਰ ਤਕ ਬਹੁਤ ਸਾਰੀਆਂ ਕਿਰਤੀ ਜੱਥੇਬੰਦੀਆਂ ਨੇ 8-ਘੰਟੇ ਕੰਮ-ਦਿਨ ਜਾਂ ਆਮ ਤੌਰ ਤੇ ਕੰਮ-ਦਿਨ ਨੂੰ ਛੋਟਾ ਕਰਨ ਦੀ ਮੰਗ ਉਠਾਈ। ਪਹਿਲੀ ਮਈ ਨੂੰ ਹੀ ਦਸ-ਹਜ਼ਾਰ ਤੋਂ ਵੱਧ ਕਿਰਤੀਆਂ ਨੇ ਹੜਤਾਲ ਕਰ ਦਿੱਤੀ। ਕੁਝ ਕੰਪਨੀਆਂ  ਨੇ ਰਿਆਇਤਾਂ ਵੀ ਦਿਤੀਆਂ, ਪਰ ਸੰਘਰਸ਼ ਜਾਰੀ ਰਿਹਾ। 3-ਮਈ ਨੂੰ ਸ਼ਹਿਰ ਵਿਆਪੀ ਮੁਜ਼ਾਹਰਾ ਹੋਣ ਵਾਲਾ ਸੀ। ਮੁਜ਼ਾਹਰੇ ਸਮੇਂ ਪੁਲੀਸ ਨੇ ਹਥਿਆਰਾਂ ਦੀ ਵਰਤੋਂ ਕੀਤੀ। ਕਈ ਕਿਰਤੀ ਸ਼ਹੀਦ ਹੋ ਗਏ। ਅਗਲੇ ਦਿਨ ਰੋਸ ਵੱਜੋ ਕਿਰਤੀ ਗੁੱਸੇ ‘ਚ ਆਮ-ਹੜਤਾਲ ਦੀ ਤਿਆਰੀ ਕਰ ਰਹੇ ਸਨ। ਪੁਲੀਸ ਨੇ ਕਿਰਤੀਆਂ ਤੇ ਹਮਲਾ ਕਰ ਦਿਤਾ ਤੇ ਫੌਜ ਨੇ ਗੋਲੀ ਚਲਾ ਦਿੱਤੀ। ਕਈ ਕਿਰਤੀ ਸ਼ਹੀਦ ਹੋ ਗਏ। ਚਾਰ ਮਈ, 1886 ਨੂੰ ਸ਼ਾਮ ਦੇ 7-ਵਜੇ ਦੋ-ਤਿੰਨ ਹਜ਼ਾਰ ਦੇ ਵਿਚਕਾਰ ਕਿਰਤੀ ‘‘ਹੇਅ ਮਾਰਕਿਟ ਚੌਂਕ“ ਵਿੱਚ ਇੱਕਠੇ ਹੋਏ। ਕਿਰਤੀ ਆਗੂ ਸਪਾਈਜ਼, ਪਾਰਸਨਜ਼ ਤੇ ਫੀਲਡਨ ਨੇ ਅਧਿਕਾਰੀਆਂ ‘ਤੇ ਮਿਲ ਮਾਲਕਾਂ ਦੀ ਬਰਬਰਤਾ ਅਤੇ ਕਿਰਤੀ ਵਿਰੋਧੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਉਸ ਵੇਲੇ ਨਾ ਤਾਂ ਕਿਰਤੀ ਹਥਿਆਰਬੰਦ ਸਨ ਤੇ ਨਾ ਹੀ ਕੋਈ ਮੁਕਾਬਲੇ ਦਾ ਡਰ ਸੀ। ਰੈਲੀ ਦੌਰਾਨ ਮੀਂਹ ਪੈਣ ਲੱਗ ਪਿਆ ਤੇ ਕਿਰਤੀ ਘਰਾਂ ਵਲ ਜਾ ਰਹੇ ਹਨ, ਆਖਰੀ ਬੁਲਾਰਾ ਫੀਲਡਨ ਸੀ। ਵੱਡੀ ਗਿਣਤੀ ਵਿੱਚ ਮਿਲਟਰੀ (ਪੁਲਿਸ) ਨੇ ਸਟੇਜ ਦੇ ਲਾਗੇ ਜਾ ਕੇ ਪੁਜੀਸ਼ਨਾਂ ਲੈ ਲਈਆ। ਪੁਰ ਅਮਨ ਰੈਲੀ ਖਤਮ ਹੋ ਰਹੀ ਸੀ ਤੇ ਇਕ ਬੰਬ ਉਥੇ ਸੁਟਿਆ ਗਿਆ? ਇਕ ਪੁਲਿਸ ਕਰਮਚਾਰੀ ਮਾਰਿਆ ਗਿਆ ਤੇ ਕੁਝ ਲੋਕ ਜ਼ਖਮੀ ਹੋ ਗਏ। 4-ਮਈ ਦੀ ਬਰਬਰਤਾ, ਬਸ ! ਫਿਰ ਕੀ ਸੀ, ਜਿਵੇਂ ਪੂੰਜੀਪਤੀ ਮਾਲਕਾਂ ਅਤੇ ਪੁਲਿਸ ਦੀ ਯੋਜਨਾ-ਬੰਦੀ ਸੀ, ਪੁਲਿਸ ਵਲੋਂ ਅੱਧਾਧੁੰਦ ਬੜੀ ਬੇਕਿਰਕੀ ਨਾਲ ਕਿਰਤੀਆਂ ‘ਤੇ ਗੋਲੀਆਂ ਦਾ ਮੀਂਹ ਵਰਾਹ ਦਿੱਤਾ।
ਬਹੁਤ ਸਾਰੇ ਕਿਰਤੀ-ਮਰਦ, ਇਸਤਰੀਆਂ ਅਤੇ ਬੱਚੇ ਸ਼ਹੀਦ ਹੋ ਗਏ ਤੇ ਜਖ਼ਮੀ ਹੋ ਗਏ। ਪੁਲਿਸ ਨੇ ਨਿੱਠ-ਕੇ ਕਿਰਤੀਆਂ ਦਾ ਪਿੱਛਾ ਕੀਤਾ। ਜਮਹੂਰੀ ਦੇਸ਼ ਕਹਾਉਣ ਵਾਲੇ ਅਮਰੀਕਾ ਅੰਦਰ ਪੁਲਿਸ ਜ਼ਬਰ, ਬਰਬਰਤਾ ਅਤੇ ਮਨ-ਮਰਜ਼ੀ ਦੇ ਤਸ਼ੱਦਦ ਨੇ ‘‘ਹੇਅ-ਮਾਰਕਿਟ ਦੇ ਕਾਂਡ“ ਨੂੰ ਸ਼ਹੀਦ ਕਿਰਤੀਆਂ ਦੀ ਯਾਦ ਵਿੱਚ ਮਈ ਦਿਵਸ ਨੂੰ ਕੌਮਾਂਤਰੀ ਕਿਰਤੀ-ਜਮਾਤ ਨਾਲ ਇਕਮੁਠਤਾ ਵਜੋਂ ਅਮਰ ਬਣਾ ਦਿੱਤਾ ? ਕਿਰਤੀਆਂ ਦੇ ਡੁਲ੍ਹੇ ਖੂਨ ਨਾਲ ਉਹਨਾਂ ਦੇ ਸਬਰ ਨੇ, ‘ਚਿੱਟੇ ਝੰਡੇ ਨੂੰ ਖੂਨ ਦੇ ਕੇ ਲਾਲ ਸੁਰਖ਼ ਬਣਾ ਦਿੱਤਾ ! ਜੋ ਸ਼ਿਕਾਗੋ ਹੀ ਨਹੀਂ ਅੱਜ ਸਾਰੀ ਦੁਨੀਆਂ ਅੰਦਰ ਕਿਰਤੀ-ਜਮਾਤ ਦੀ ਪ੍ਰਤੀਨਿਧਤਾ ਕਰਕੇ ਕਿਰਤੀ ਕੁਰਬਾਨੀ ਦਾ ਇਹ ‘ਲਾਲ ਝੰਡਾਂ` ਇਕ ਪ੍ਰਤੀਕ ਬਣ ਗਿਆ। ਪਾਰਸਨਜ਼ ਨੇ ‘‘ਹੇਅ-ਮਾਰਕਿਟ ਗੋਲੀ ਕਾਂਡ“ ਦੇ ਦੁਖਾਂਤ ਨੂੰ ਨੰਗਾ ਕੀਤਾ, ‘ਜਿਹੜੇ ਅਦਾਲਤ ਵਿੱਚ ਝੂਠੇ ਗਵਾਹ, ਇਸਤਗਾਸਾ ਅਤੇ ਜੱਜ ਖੇਡ ਰਹੇ ਸਨ ? ਉਸ ਨੇ ਹਾਕਮੀ ਸਾਜਸ਼ ਨੂੰ ਨੰਗਾ ਕਰਦੇ ਦੱਸਿਆ ਕਿ ਇਹ ਮੁਕੱਦਮਾ ਕਿਰਤੀ ਜਮਾਤ ਦੀ ਆਜ਼ਾਦੀ ਵਿਰੁਧ ਇਕ ਸਾਜਸ਼ ਸੀ,  ਜਿਸ ਲਈ ਸ਼ਿਕਾਗੋ ਦੇ ਕਰੋੜਾਂਪਤੀ ਕਾਰਖਾਨੇਦਾਰਾਂ ਨੇ ਧਨ ਦਿਤਾ ਸੀ। ਫਾਂਸੀ ਲੱਗਣ ਤੋਂ ਥੋੜੀ ਦੇਰ ਪਹਿਲਾ ਜੇਲ੍ਹ ਵਿੱਚ ਪਾਰਸਨਜ਼ ਨੇ ਆਪਣੀ ਪੁਸਤਕ ਖਤਮ ਕੀਤੀ ਜਿਸ ਵਿੱਚ ਉਸਨੇ ਸਮਾਜ ਦੇ ਵਿਕਾਸ ਬਾਰੇ ਆਪਣੇ ਵਿਚਾਰ ਦੱਸੇ ਸਨ। ਉਸ ਦੀ ਪਤਨੀ ਲੂਸੀ ਪਾਰਸਨਜ਼ ਨੇ, ਜਿਹੜੀ ਕਿ ਇਨਕਲਾਬੀਆਂ ਦੀ ਮਿੱਤਰ ਤੇ ਸਾਥੀ ਸੀ  ਨੇ ਅਦਾਲਤ ਵਿੱਚ ਲੋਕਾਂ ਦੇ ਬਿਆਨਾਂ, ਮੁਕੱਦਮੇ ਦੀ ਤਫ਼ਤੀਸ ਤੇ ਰੀਕਾਰਡ ਪ੍ਰਕਾਸ਼ ਕਰਾਏ।
 ਸ਼ਿਕਾਗੋ ਦੀਆਂ ਦੁੱਖਦਾਈ ਘਟਨਾਵਾਂ ਦੀ ਖਬਰ ਸਾਰੀ ਦੁਨੀਆਂ ਵਿੱਚ ਫੈਲ ਗਈ ! ਕਿਰਤ ਅਤੇ ਆਜਾਦੀ ਲਈ ਸੰਘਰਸ਼ ਦਾ ਸ਼ਿਕਾਰ ਹੋਏ ਕਿਰਤੀਆਂ ਲਈ ਵਿਆਪਕ ਤੌਰ ‘ਤੇ ਹਮਦਰਦੀ ਦੀ ਲਹਿਰ ਉਠ ਖੜੀ ਹੋ ਗਈ ! ਇਲੀ ਨੌਇਜ਼ ਦੇ ਗਵਰਨਰ ਨੂੰ ਕਿਰਤੀਆਂ ਨੂੰ ਦਿਤੀ ਸਜ਼ਾਅ ਦੀ ਮਨਸੂਖੀ ਕਰਨ ਦੀਆਂ ਦਰਖਾਸਤਾਂ ਕਈ ਦੇਸ਼ਾਂ ਦੀਆਂ ਸਖਸ਼ੀਅਤਾਂ ਤੇ ਜੱਥੇਬੰਦੀਆਂ ਵੱਲੋਂ ਭੇਜੀਆਂ ਗਈਆਂ। ਜਿਨ੍ਹਾਂ ਵਿੱਚ ਜਾਰਜ ਬਰਨਾਰਡ ਸ਼ਾਅ, ਫਰਾਂਸ ਦੇ ਡਿਪਟੀਆਂ ਦੀ ਚੈਂਬਰ, ਪੈਰਿਸ ਦੀ ਮਿਊਂਸਪਲ ਕੌਂਸਲ, ਸੇਈਨ ਦੇ ਕੌਂਸਲ, ਫਰਾਂਸ, ਰੂਸ, ਇਟਲੀ ਤੇ ਸਪੇਨ  ਦੇ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਸ਼ਾਮਲ ਸਨ। ਖੁਦ ਅਮਰੀਕਾ ਵਿੱਚ ਉਘੇ ਕਨੂੰਨੀ ਮਾਹਿਰਾਂ, ਜਨਤਕ ਆਗੂ, ਹੈਨਰੀ ਡੇਮਾਰਿਸਟ ਲਾਇਡ, ਸੈਨੇਟਰ ਈਮਾਨ ਟਰਨਬੁਲ, ਸਟੀਫਨ ਐਸ, ਗਰੀਗੋਰੀ, ਲੀਮਾਨ ਗੇਜ, ਆਰ.ਜੀ. ਇਨਗਰ ਸੋਲ ਆਦਿ ਸ਼ਾਮਲ ਸਨ। 11-ਨਵੰਬਰ, 1887 ਨੂੰ ਅਲਬਰਟ ਪਾਰਸਨਜ਼, ਅਗਸਤ ਸਪਾਈਸ, ਅਡਾਲਫ਼ ਫਿਸ਼ਰ ਅਤੇ ਜਾਰਜ ਏਂਗਲ ਨੂੰ ਫਾਂਸੀ ਲਾਈ ਗਈ। ਇਨ੍ਹਾਂ ਸੂਰਮਿਆਂ ਨੇ ਆਪਣੇ ਆਖਰੀ ਸ਼ਬਦਾਂ ਰਾਹੀ ਕਿਰਤੀ ਜਮਾਤ ਨੂੰ ਸੰਘਰਸ਼ ਜਾਰੀ ਰੱਖਣ ਲਈ ਜੁਸ਼ੀਲੇ ਸੁਨੇਹੇ ਰਾਹੀ ਯਾਦ ਕੀਤਾ। ਪਹਿਲੀ ਮਈ ਦੇ ਖੂਨੀ ਕਾਂਡ ਅੰਦਰ ਜ਼ਾਬਰ ਹਾਕਮਾਂ ਨੂੰ ਸੰਸਾਰ ਦਬਾਅ ਅਧੀਨ ਸੈਮੂਐਲ ਫੀਲਡਨ ਤੇ ਮਾਈਕਲ ਸ਼ਾਅਬ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਪਿਆ। ਜੇਲ੍ਹ ਅੰਦਰ ਸ਼ਹੀਦ ਹੋਏ ਲੂਈ ਅਤੇ ਫਾਂਸੀ ਲੱਗੇ ਸ਼ਹੀਦ ਆਗੂਆਂ ਨੂੰ ਸ਼ਿਕਾਗੋ ਵਿਖੇ ਵਾਲਧਾਈਮ ਕਬਰਸਤਾਨ ਵਿੱਚ ਪੂਰੇ ਸਨਮਾਨਾਂ ਨਾਲ ਦਫ਼ਨਾਅ ਦਿੱਤਾ ਗਿਆ। ਮਈ ਦੇ ਸ਼ਹੀਦ ਕਿਰਤੀ ਜਮਾਤ ਦੇ ਆਗੂਆਂ ਦੇ ਜਨਾਜ਼ੇ ਵਿੱਚ ਮਜ਼ਦੂਰ ਜਮਾਤ ਨਾਲ ਯਕਜਿਹਤੀ ਪ੍ਰਗਟ ਕਰਨ ਲਈ 25-ਹਜ਼ਾਰ ਤੋਂ ਵੱਧ ਕਿਰਤੀ ਲੋਕਾਂ ਦੇ ਹਜੂਮ ਨੇ ਸਤਿਕਾਰ ਵਜੋਂ ਹਿਸਾ ਲਿਆ ਅਤੇ ਆਪਣੇ ਜਮਾਤੀ ਭਰਾਵਾਂ ਤੇ ਸਾਥੀਆਂ ਨੂੰ ਆਖਰੀ ਅਲਵਿਦਾ ਕਹੀ ! ਬਹੁਤ ਸਾਰੇ ਕਿਰਤੀ ਲੋਕਾਂ ਅਤੇ ਜਮਹੂਰੀ-ਸੋਚ ਵਾਲੇ ਅਮਰੀਕੀ ਇਸ ਗਲ ‘ਤੇ ਬਜ਼ਿਦ ਰਹੇ ਕਿ ਮਈ ‘ਹੇਅ-ਮਾਰਕਿਟ’ ਦੇ ਖੂਨੀ-ਕਾਂਡ ‘ਤੇ ਮੁੜ ਕੇਸ ਨਵੇਂ ਸਿਰਿਓ ਚਲਾਇਆ ਜਾਵੇ। ਲੋਕ ਦਬਾਅ ਅਧੀਨ 26-ਜੁਲਾਈ,1893 ਨੂੰ ਇਲੀਨੋਇਜ਼ ਦੇ ਨਵੇਂ ਚੁਣੇ ਗਵਰਨਰ ਜਾਹਨ ਪੀ.ਐਟਗੈਲਡ ਨੇ ਫੀਲਡਨ, ਸ਼ਾਅਬ ਤੇ ਨੀਬ ਨੂੰ ਮੁਆਫੀ ਦੇ ਦਿੱਤੀ। ਆਪਣੇ ਐਲਾਨ ਵਿੱਚ ਗਵਰਨਰ ਨੇ ਕਿਹਾ ਇਹ ਲੋਕ ਆਪਣੇ ਸਾਥੀਆਂ ਵਾਂਗ ਨਿਰਦੋਸ਼ ਸਨ ਤੇ ਉਹਨਾਂ ਉਤੇ ਮੁਕੱਦਮੇ ਚਲਾਉਣਾ ਅਦਾਲਤੀ ਜ਼ਾਬਤੇ ਦੀ ਭੱਦੀ ਉਲੰਘਣਾ ਸੀ।
ਹੇਅ ਮਾਰਕਿਟ ਦੇ ਖੂਨੀ ਕਾਂਡ ਵੇਲੇ ਜਦੋਂ ਕਿਰਤੀ ਪੁਰ-ਅਮਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਨ ਤਾਂ ਅਮਰੀਕਾ ਦੇ ਹੰਕਾਰੀ ਪੂੰਜੀਪਤੀ ਮਿਲ ਮਾਲਕ ਤੇ ਰਾਜਤੰਤਰ ਮਨ-ਮਰਜ਼ੀ ਦੀਆਂ ਕਾਰਵਾਈਆਂ ਰਾਹੀਂ ਹੜਤਾਲੀ ਕਿਰਤੀਆ ਅੰਦਰ ਭੜਕਾਹਟ ਪੈਦਾ ਕਰਕੇ ਵੱਡੇ ਪੱਧਰ ‘ਤੇ ਤਸ਼ੱਦਦ ਕਰਨ ਲਈ ਬਹਾਨੇ ਲੱਭ ਰਿਹਾ ਸੀ। 3-ਮਈ 1886 ਨੂੰ ਮੈਕਾਰਮਿਕ ਫੈਕਟਰੀ ਦੇ ਕਿਰਤੀਆਂ ‘ਤੇ ਪੁਲੀਸ ਵਲੋਂ ਚਲਾਈ ਗੋਲੀ ਕਾਰਨ 6-ਕਿਰਤੀ ਸ਼ਹੀਦ ਹੋ ਗਏ ਸਨ। ਇਸੇ ਤਰ੍ਹਾਂ ਰੋਸ ਪ੍ਰਗਟ ਕਰਦੇ ਕਿਰਤੀਆਂ ‘ਤੇ 4-ਮਈ ਨੂੰ ਚੱਲੀ ਗੋਲੀ ਦੌਰਾਨ ਜਿਹੜੇ ਵੀ ਕਿਰਤੀ ਸ਼ਹੀਦ ਹੋਏ ਸਨ ਉਹਨਾਂ ਲਈ ਵੀ ਹਾਕਮ ਤੇ ਉਸ ਦੀ ਪੁਲੀਸ ਹੀ ਜਿੰਮੇਵਾਰ ਸੀ। ਉਸ ਸੰਬੰਧੀ ਉਸ ਵੇਲੇ ਦਾ ਪ੍ਰੈਸ ਕਿਵੇਂ ਮਾਲਕਾਂ ਪੱਖੀ ਰੋਲ ਅਦਾ ਕਰ ਰਿਹਾ ਸੀ, ‘ਸ਼ਿਕਾਗੋ ਟ੍ਰਿਬਿਊਨ ਨੇ ਕਿਰਤੀਆਂ ਦੀ ਮੀਟਿੰਗ ਨੂੰ ‘‘ਅਵਾਰਾ ਹਜੂਮ“ ਕਹਿੰਦੇ ਹੋਏ ਲਿਖਿਆ, ‘ਕਿ ਜੇ ਅਰਾਜਕਤਾਵਾਦ ਅਤੇ ਕਮਿਊਨਿਜ਼ਮ ਨੂੰ ਛੇਤੀ ਤੇ ਪੂਰੀ ਤਰ੍ਹਾਂ ਦਰੜਿਆ ਨਾ ਗਿਆ ਤਾਂ ਸਾਡਾ ਅਮਰੀਕਨ ਸਮਾਜ ਖਤਰੇ ‘ਚ ਪੈ ਜਾਵੇਗਾ ? ਇਸ ਤੋਂ ਸਪਸ਼ਟ ਜ਼ਾਹਰ ਹੈ ਕਿ ਅਮਰੀਕੀ ਰਾਜਸਤਾ ਅੰਦਰ ਉਸ ਵੇਲੇ ਹਾਕਮ, ਮਿਲ ਮਾਲਕ ਅਤੇ ਰਾਜਤੰਤਰ ਪੂਰੀ ਤਰ੍ਹਾਂ ਇਕ-ਮਿਕ ਤੇ ਕਿਰਤੀਆਂ ਵਿਰੋਧੀ ਸੀ। ਪਰ ਸ਼ਿਕਾਗੋ ਸ਼ਹਿਰ ਦੇ ਹੇਅ-ਮਾਰਕਿਟ ‘ਚ ਡੁੱਲੇ ਕਿਰਤੀਆਂ ਦੇ ਖੂਨ ਕਾਰਨ, ਜੋ ਇਤਿਹਾਸ ਉਸਰਿਆ ਹੈ, ਉਸ ਨੇ ਸਾਰੀ ਦੁਨੀਆਂ ਅੰਦਰ ਇਕ ਨਿਰਣਾਇਕ ਅਸੂਲਾਂ ਨੂੰ ਉਜਾਗਰ ਕਰਦੇ ਹੋਏ ਕਿਰਤ ਦੀ ਲੁੱਟ ਕਰਨ ਵਾਲੇ ਪੂੰਜੀਪਤੀ ਵਰਗ ਨੂੰ ਵੰਗਾਰਿਆ। 1893 ਨੂੰ ਸ਼ਿਕਾਗੋ ਦੇ ਕਿਰਤੀਆਂ ਨੇ ਹੇਅ ਮਾਰਕਿਟ ਦੇ ਸੂਰਮਿਆਂ ਦੀਆਂ ਕਬਰਾਂ ਉਤੇ ਇਕ ਯਾਦਗਾਰੀ ਸਿਲ ਲਾ ਦਿਤੀ ਜੋ ਨਿਆਂ ਲਈ ਆਵਾਜ਼ ਨੂੰ ਸਦੀਵੀ ਬੁਲੰਦ ਕਰਦੀ ਰਹੇਗੀ ? ‘‘ਉਹ ਸਵੇਰਾ (ਦਿਨ) ਜਰੂਰ ਆਵੇਗਾ, ਜਦੋਂ ਸਾਡੀ ਚੁਪ (ਜ਼ਬਰ ਨਾਲ ਬੰਦ ਕੀਤੀ ਜ਼ੁਬਾਨ) ਹੋਰ ਵੀ ਸ਼ਕਤੀਸ਼ਾਲੀ ਹੋਵੇਗੀ ?ਸਾਡੀ ਆਵਾਜ਼ ਜਿਸ ਨੂੰ ਤੁਸੀ ਬੰਦ ਕਰ ਰਹੇ ਹੋ, ਇਕ ਭਾਂਬੜ ਬਣ ਕੇ ਹਰ ਪਾਸੇ ਮੱਚਣਗੇ ?
ਕਦੀ ਜਾਗਰਿਤੀ ਅਤੇ ਪੁਨਰ-ਨਿਰਮਾਣ ਦੀਆਂ ਲਹਿਰਾਂ ਜੋ ਪੱਛਮ ਵੱਲੋ ਪੈਦਾ ਹੋ ਕੇ ਸੰਸਾਰ ਨੂੰ ਰੁਸ਼ਨਾਉਂਦੀਆਂ ਸਨ ! ਪਰ ਪਹਿਲੀ ਮਈ, 1886 ਦੇ ਇਤਿਹਾਸਕ ਮਜ਼ਦੂਰ ਦਿਵਸ ਨੇ ਅਮਰੀਕਾ ਤੋਂ ਤੁਰ ਕੇ ਯੂਰਪ, ਏਸ਼ੀਆ, ਅਫਰੀਕਾ ਤੇ ਆਸਟ੍ਰੇਲੀਆ ਅਤੇ ਸਾਰੀ ਦੁਨੀਆਂ ਦੇ ਕਿਰਤੀਆਂ ਨੂੰ ਜਾਗਰਿਤ ਕੀਤਾ ! ਇਸ ਮਹਾਨ ਘੋਲ ਨੇ ਦੁਨੀਆਂ ਅੰਦਰ ਪੂੰਜੀਪਤੀ ਵਰਗ ਦੀ ਲੁੱਟ-ਖਸੁੱਟ ਵਿਰੁਧ, ‘ਲੁੱਟੀ ਜਾਣ ਵਾਲੀ ਸ਼ੋਸ਼ਤ ਕਿਰਤੀ-ਜਮਾਤ ਨੂੰ, ‘ਹੱਕਾਂ ਲਈ ‘ਤੇ ਅਨਿਆਏ ਵਿਰੁੱਧ ਮਾਲਕਾਂ ਦੇ ਆਹਮੋ-ਸਾਹਮਣੇ ਖੜਾ ਕਰ ਦਿੱਤਾ। ਦੁਨੀਆਂ ਭਰ ‘ਚ ਕਿਰਤੀ-ਜਮਾਤ ਅੰਦਰ ਮਈ ਦਿਵਸ ਤੋਂ ਬਾਅਦ ਆਈ ਜਮਾਤੀ-ਜਾਗਰਿਤੀ ਵਾਲੀ ਚੇਤਨਤਾ ਨੇ ਮਨੁੱਖ ਹੱਥੋ ਮਨੁੱਖ ਦੀ ਹੁੰਦੀ ਲੁੱਟ-ਖਸੁੱਟ ਨੂੰ ਖਤਮ ਕਰਨ, ਹਰ ਜ਼ੁਲਮ, ਜ਼ਬਰ ਤੇ ਜ਼ਹਾਲਤ ਤੋਂ ਮੁਕਤੀ ਦਿਵਾਉਣ ਲਈ ਕਿਰਤੀ-ਵਰਗ ਨੂੰ ਇਕ ਤਕੜਾ ਝੰਜੋੜਾ ਦਿੱਤਾ! ਸ਼ਿਕਾਗੋ ਦੇ ਇਸ ਇਤਿਹਾਸਕ ਵਰਤਾਰੇ ਨੇ ਦੋ-ਸੰਸਾਰ, ‘ਮਾਲਕ ਤੇ ਮਜ਼ਦੂਰ ਅਤੇ ਦੋਨਾਂ-ਵਿਚਕਾਰ ਲੁੱਟ-ਖਸੁੱਟ ਵਿਰੁਧ ਸ਼ੋਸ਼ਣ ਵਾਲੇ ਰਾਜ ਦੇ ਖਾਤਮੇ ਵਿਰੁੱਧ ਸੰਘਰਸ਼ਾਂ ਤੇ ਖੁਸ਼ਹਾਲੀ ਵਾਲਾ ਰਾਜ, ਗੁਲਾਮੀ ਦੀ ਥਾਂ ਭਰੱਪਣ ਵਾਲੇ ਸੰਸਾਰ ਦੀ ਸਥਾਪਤੀ ਵਲ ਇਕ ਨਾ ਮਿਟਣ ਵਾਲਾ ਸੰਕਲਪ ਅਤੇ ਮੁੱਕਤੀ ਵਾਲਾ ਅਸਲੀ ਰਾਹ ਸਾਹਮਣੇ ਲਿਆਂਦਾ! ਇਸ ਵਰਗ-ਸੰਘਰਸ਼ ਵਾਲੇ ਵਰਤਾਰੇ ਨੇ ਹੀ ਪਹਿਲੀ ਵਾਰ ਰੂਸ ਅੰਦਰ (ਸੋਵੀਅਤ ਯੂਨੀਅਨ) ਹੋਏ ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ, 1917 ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਨੇ ਸੱਚ ਕਰ ਦਿਖਾਇਆ ਕਿ ਕਿਰਤੀ ਹੀ ਇਸ ਸੰਸਾਰ ਦੇ ਮਾਲਕ ਹਨ ! ਭਾਵੇਂ ਪਹਿਲੇ ਸਮਾਜਵਾਦੀ ਰਾਜ ਪ੍ਰਬੰਧ ਵਾਲਾ ਸੋਵੀਅਤ ਰੂਸ (1917-1991) ਢੈਅ-ਢੇਰੀ ਹੋ ਚੁੱਕਾ ਹੈ। ਪਰ ਜੋ ਪ੍ਰਾਪਤੀਆਂ ਸਮਾਜਵਾਦੀ ਪ੍ਰਭਾਵ ਹੇਠ ਪ੍ਰਾਪਤ ਹੋਈਆਂ ਉਹ ਸੀ ਸਭ ਤੋਂ ਵੱਡੀ ਕਿਰਤੀ-ਵਰਗ ਅੰਦਰ ਆਈ ਜਾਗਰਿਤੀ ਸੀ! ਗੁਲਾਮ ਕੌਮਾਂ ਤੇ ਦੇਸ਼ਾਂ ਦੀ ਆਜ਼ਾਦੀ, ਸੰਸਾਰ-ਅਮਨ, ਵਿਗਿਆਨ ਅਤੇ ਟੈਕਨੌਲਜੀ ਖੇਤਰ ਅੰਦਰ ਹੋਈਆਂ ਅਥਾਹ ਪ੍ਰਾਪਤੀਆਂ ਵੀ ਸਭ ਵਰਣਨ-ਯੋਗ ਹਨ। ਇਹ ਚੜ੍ਹਤ ਸਮਾਜਵਾਦੀ ਵਿਚਾਰਾਂ, ਅਮਲਾਂ ਤੇ ਪ੍ਰਭਾਵਾਂ ਦਾ ਹੀ ਸਿੱਟਾ ਸੀ। ਇਸ ਇਨਕਲਾਬੀ ਮਿਸ਼ਨ ਲਈ 1886 ਦੇ ਸ਼ਿਕਾਗੋ ਦੇ ਕਿਰਤੀਆਂ ਵੱਲੋ ਅਪਣਾਇਆ ਕੁਰਬਾਨੀ ਭਰਿਆ ਕਦਮ ਅਤੇ ਏਕਾ ਹੀ ਸੀ ਜਿਸ ਨੇ ਸਮਾਜ ਦੀ ਇਤਿਹਾਸਕ ਅਤੇ ਗੁਣਾਂਤਮਿਕ ਤਾਸੀਰ ਹੀ ਬਦਲ ਦਿੱਤੀ।  ਅੱਜ ਭਾਵੇਂ ਦੁਨੀਆਂ ਅੰਦਰ ਪੂੰਜੀਵਾਦ ਕਈ ਰੂਪਾਂ ਰਾਹੀ ਕਿਰਤੀ ਦੀ ਲੁੱਟ ਕਰਨ ਲਈ ਕਈ ਢੰਗ ਤਰੀਕੇ ਵਰਤ ਰਿਹਾ ਹੈ,ਪਰ ਸਮਾਜਵਾਦੀ ਬਲਾਕ ਇਕ ਜੁਟ ਨਾ ਹੋਣ ਦੇ ਬਾਵਜੂਦ ਵੀ ਦੁਨੀਆਂ ਅੰਦਰ ਵਰਗੀ-ਸੰਘਰਸ਼ ਵੀ ਕਈ ਰੂਪਾਂ ‘ਚ ਅੱਗੇ ਵਧ ਰਹੇ ਹਨ। ਸੱਜ-ਪਿਛਾਖੜੀ ਰਾਜਨੀਤਕ ਪ੍ਰਭਾਵ ਦੇ ਵਿਰੁਧ ਸਮਾਜਵਾਦੀ ਚੇਤਨਾ ਅਤੇ ਵਰਗ ਸੰਘਰਸ਼ ਵੀ ਅੱਗੇ ਵੱਧ ਰਹੇ ਹਨ। ਨਵੇਂ-ਨਵੇਂ ਰੂਪਾਂ ਵਿੱਚ ਲੋਕ ਸੰਘਰਸ਼ ਵੀ ਪਣਪ ਰਹੇ ਹਨ ਅਤੇ ਹੋ ਰਹੇ ਕਿਰਤੀ ਸ਼ੋਸ਼ਣ ਨੂੰ ਵੰਗਾਰ ਰਹੇ ਹਨ। ਪਹਿਲੀ ਮਈ ਮਨੁੱਖੀ ਸਮਾਜ ਅੰਦਰ ਮਨੁੱਖ ਦੀ ਮਨੁੱਖ ਹੱਥੋ ਹੋ ਰਹੀ ਲੁੱਟ-ਖਸੁੱਟ ਵਿਰੁਧ ਸੰਘਰਸ਼ ਦੇ ਸੰਕਲਪ ਦਾ ਦਿਨ ਹੈ ! ਮਈ ਦਿਵਸ ਦੀ ਵਿਰਾਸਤ ਦੀ ਮਜ਼ਬੂਤੀ, ਮਨੁੱਖਤਾ ਦੀ ਖੁਸ਼ਹਾਲੀ ਅਤੇ ਸੰਸਾਰ ਅਮਨ ਦੀ ਸਥਾਪਤੀ ਕਰਨ ਲਈ ਇਹ ਦਿਨ ਹੈ! ਸਦੀਆਂ ਤੋਂ ਗਰੀਬੀ-ਗੁਰਬਤ ਦਾ ਹਨ੍ਹੇਰਾ ਢੋਣ ਵਾਲਿਆ ਦੀ ਬੰਦ-ਖਲਾਸੀ ਦਾ ਦਿਨ ਹੈ ! ਜੋ ਕਿਰਤੀਆਂ ਦੀ ਮੁਕਤੀ ਦੇ ਰਾਹ ‘ਚ ਸੂਹੀ-ਸਵੇਰ ਦੀ ਰੌਸ਼ਨੀ ਲੈ ਕੇ ਪਹਿਲੀ ਮਈ ਦਾ ਦਿਨ ਹਰ ਸਾਲ ਸਾਡੇ ਲਈ ਆਉਂਦਾ ਹੈ, ਜਗਾਉਂਦਾ ਹੈ ਅਤੇ ਇਨਕਲਾਬੀ ਸੰਕਲਪ ਨੂੰ ਮਜ਼ਬੂਤ ਕਰਦਾ ਹੈ ਕਿ ਦੁਨੀਆ ਭਰ ਦੇ ਕਿਰਤੀਓ, ਇਕ ਹੋ ਜਾਵੋ! ਮਨੁੱਖੀ ਕਿਰਤ ਦੀ ਰਾਖੀ ਤਾਂ ਹੀ ਹੋ ਸਕਦੀ ਹੈ ਜੇ ਅਮਨ ਹੋਵੇਗਾ ? ਜੰਗ ! ਦੌਰਾਨ ਸਭ ਤੋਂ ਵੱਧ ਮਾਰ ਕਿਰਤੀ-ਵਰਗ ਨੂੰ ਹੀ ਪੈਂਦੀ ਹੈ। ਅੱਜ ! ਅਮਰੀਕੀ-ਸਾਮਰਾਜ ਜੋ ਦੁਨੀਆ ਅੰਦਰ ਜੰਗ ਵੰਡ ਰਿਹਾ ਹੈ, ਉਸ ਵਿਰੁਧ ਕਿਰਤੀ ਵਰਗ ਨੂੰ ਵੀ ਆਪਣੇ ਹੱਕਾਂ ਲਈ ਕੀਤੇ ਜਾਂਦੇ ਸੰਘਰਸ਼ਾਂ ਨੂੰ ਇਕ ਦਵੰਦਾਤਮਕ ਹਿੱਸਾ ਬਣਾ ਕੇ, ਜੰਗ ਦਾ ਘੋਰ ਵਿਰੋਧ ਕਰਨਾ ਚਾਹੀਦਾ ਹੈ। ਅਸੀਂ ਅਮਨ ਚਾਹੁੰਦੇ ਹਾਂ, ਜੋ ਸਮਾਜਵਾਦ ਲਈ ਇਕ ਬੁਨਿਆਦੀ ਪੌੜੀ ਹੈ, ਜੰਗ ਨਹੀਂ ?
 
ਜਗਦੀਸ਼ ਸਿੰਘ ਚੋਹਕਾ
ਹੁਸ਼ਿਆਰਪੁਰ
91-9217997445
001-403-285-4208

Share this content:

Post Comment