ਪਰਵਾਸੀਆਂ ਲਈ ਆਸਟਰੇਲੀਆ ਦੀ ਅਸਲ ਸਥਿਤੀ
ਪੰਜਾਬੀ ਭਾਈਚਾਰੇ ਲਈ ਕੈਨੇਡਾ ਵਾਂਗ ਹੀ ਆਸਟਰੇਲੀਆ ਵੀ ਹਮੇਸ਼ਾ ਤੋਂ ਹੀ ਉੱਚ ਸਿੱਖਿਆ, ਵਧੀਆ ਜੀਵਨ-ਸ਼ੈਲੀ ਅਤੇ ਸੁਨਹਿਰੀ ਭਵਿੱਖ ਦੀਆਂ ਆਸਾਂ ਦਾ ਇੱਕ ਵੱਡਾ ਕੇਂਦਰ ਰਿਹਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਲੱਖਾਂ ਪੰਜਾਬੀ ਨੌਜਵਾਨ ਸਟੂਡੈਂਟ ਵੀਜ਼ਾ, ਸਕਿਲਡ ਵਰਕਰ ਵੀਜ਼ਾ ਅਤੇ ਪੱਕੀ ਰਿਹਾਇਸ਼ ਦੀ ਆਸ ਵਿੱਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਮੈਲਬਰਨ, ਸਿਡਨੀ, ਬ੍ਰਿਸਬੇਨ ਅਤੇ ਪਰਥ ਆਦਿ ਵੱਲ ਗਏ ਹਨ। ਆਸਟਰੇਲੀਆ ਦਾ ਸਾਫ਼-ਸੁਥਰਾ ਵਾਤਾਵਰਨ, ਉੱਚ ਦਰਜੇ ਦਾ ਸਿੱਖਿਆ ਢਾਂਚਾ, ਮਜ਼ਬੂਤ ਅਰਥਚਾਰਾ ਅਤੇ ਮਿਹਨਤ ਦੀ ਪੂਰੀ ਕਦਰ ਕਰਨ ਵਾਲਾ ਕਲਚਰ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਹਾਲਾਂਕਿ ਅੱਜ ਦੇ ਮੌਜੂਦਾ ਦੌਰ ਵਿੱਚ ਆਸਟਰੇਲੀਆ ਦੀ ਆਰਥਿਕ ਅਤੇ ਸਮਾਜਿਕ ਤਸਵੀਰ ਵਿੱਚ ਕਾਫ਼ੀ ਵੱਡੇ ਬਦਲਾਅ ਆ ਚੁੱਕੇ ਹਨ। ਅੰਤਰਰਾਸ਼ਟਰੀ ਪੱਧਰ ’ਤੇ ਵਧੀ ਮਹਿੰਗਾਈ, ਹਾਊਸਿੰਗ ਸੰਕਟ ਅਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਆਈਆਂ ਤਬਦੀਲੀਆਂ ਕਾਰਨ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ, ਰਿਹਾਇਸ਼, ਗਰੌਸਰੀ ਦੇ ਖ਼ਰਚੇ ਅਤੇ ਅੰਤ ਵਿੱਚ ਆਪਣਾ ਘਰ ਖ਼ਰੀਦਣ ਦਾ ਸੁਪਨਾ ਪੂਰਾ ਕਰਨਾ ਹੁਣ ਆਸਾਨ ਨਹੀਂ ਰਿਹਾ। ਆਸਟਰੇਲੀਆ ਦਾ ਮੌਜੂਦਾ ਮਾਹੌਲ ਪੰਜਾਬੀ ਨੌਜਵਾਨਾਂ ਲਈ ਕਿੰਨਾ ਕੁ ਸਾਜ਼ਗਾਰ ਜਾਂ ਅਨੁਕੂਲ ਹੈ, ਇਸ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨਾ ਅੱਜ ਬਹੁਤ ਜ਼ਰੂਰੀ ਹੋ ਗਿਆ ਹੈ।
ਰੁਜ਼ਗਾਰ ਅਤੇ ਕੰਮ ਦੇ ਮੌਕਿਆਂ ਦੀ ਦ੍ਰਿਸ਼ਟੀ ਤੋਂ ਆਸਟਰੇਲੀਆ ਵਿੱਚ ਪੰਜਾਬੀ ਨੌਜਵਾਨਾਂ ਲਈ ਸਥਿਤੀ ਦੋਹਰੀ ਬਣ ਚੁੱਕੀ ਹੈ। ਇੱਕ ਪਾਸੇ ਜਿੱਥੇ ਆਸਟਰੇਲੀਆ ਵਿੱਚ ਘੱਟੋ-ਘੱਟ ਮਜ਼ਦੂਰੀ ਦਰ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਵਧੀਆ ਹੈ, ਉੱਥੇ ਹੀ ਨਵੀਂ ਆਬਾਦੀ ਦੇ ਭਾਰੀ ਵਾਧੇ ਕਾਰਨ ਆਮ ਜਾਂ ਗੈਰ-ਹੁਨਰਮੰਦ ਕੰਮਾਂ ਦੀ ਪ੍ਰਾਪਤੀ ਵਿੱਚ ਬਹੁਤ ਵੱਡਾ ਮੁਕਾਬਲਾ ਪੈਦਾ ਹੋ ਚੁੱਕਾ ਹੈ। ਪਿਛਲੇ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰੈਸਟੋਰੈਂਟਾਂ, ਗੈਸ ਸਟੇਸ਼ਨਾਂ, ਰੀਟੇਲ ਸਟੋਰਾਂ, ਸਕਿਊਰਿਟੀ, ਡਿਲੀਵਰੀ ਅਤੇ ਵੇਅਰਹਾਊਸਾਂ ਵਿੱਚ ਕੰਮ ਆਸਾਨੀ ਨਾਲ ਮਿਲ ਜਾਂਦਾ ਸੀ, ਪਰ ਹੁਣ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਵਿਦਿਆਰਥੀਆਂ ਅਤੇ ਵਰਕ ਪਰਮਿਟ ਧਾਰਕਾਂ ਕਾਰਨ ਪਾਰਟ-ਟਾਈਮ ਕੰਮ ਲੱਭਣਾ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਬਹੁਤ ਸਾਰੇ ਨਵੇਂ ਆਏ ਨੌਜਵਾਨਾਂ ਨੂੰ ਕੰਮ ਦੀ ਭਾਲ ਵਿੱਚ ਕਈ-ਕਈ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਆਸਟਰੇਲੀਅਨ ਸਰਕਾਰ ਵੱਲੋਂ ਸਟੂਡੈਂਟ ਵੀਜ਼ਾ ਦੇ ਕੰਮ ਕਰਨ ਦੇ ਘੰਟਿਆਂ ’ਤੇ ਲਗਾਈਆਂ ਗਈਆਂ ਸੀਮਾਵਾਂ ਕਾਰਨ ਵੀ ਵਿਦਿਆਰਥੀਆਂ ਦੀ ਕਮਾਈ ਦਾ ਦਾਇਰਾ ਸੀਮਤ ਹੋ ਜਾਂਦਾ ਹੈ। ਹਾਲਾਂਕਿ ਜਿਹੜੇ ਨੌਜਵਾਨ ਤਕਨੀਕੀ ਜਾਂ ਪੇਸ਼ੇਵਰ ਹੁਨਰ ਰੱਖਦੇ ਹਨ ਜਿਵੇਂ ਕਿ ਆਈ.ਟੀ. ਮਾਹਿਰ, ਨਰਸਾਂ, ਏਜਡ ਕੇਅਰ ਵਰਕਰ, ਚਾਈਲਡ ਕੇਅਰ ਵਰਕਰ, ਇੰਜਨੀਅਰ, ਅਕਾਊਂਟੈਂਟ ਅਤੇ ਟਰੇਡ ਵਰਕਰ (ਜਿਵੇਂ ਪਲੰਬਰ, ਵਿਲਡਰ, ਇਲੈੱਕਟ੍ਰੀਸ਼ਨ) ਆਦਿ ਲਈ ਆਸਟਰੇਲੀਆ ਵਿੱਚ ਅੱਜ ਵੀ ਰੁਜ਼ਗਾਰ ਦੇ ਬਹੁਤ ਸਾਜ਼ਗਾਰ ਮੌਕੇ ਮੌਜੂਦ ਹਨ। ਅਜਿਹੇ ਪੇਸ਼ੇਵਰ ਨੌਜਵਾਨ ਨਾ ਕੇਵਲ ਵਧੀਆ ਕਮਾਈ ਕਰਦੇ ਹਨ, ਸਗੋਂ ਉਨ੍ਹਾਂ ਲਈ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦਾ ਰਸਤਾ ਵੀ ਕਾਫ਼ੀ ਹੱਦ ਤੱਕ ਆਸਾਨ ਹੋ ਜਾਂਦਾ ਹੈ, ਪਰ ਬਿਨਾਂ ਕਿਸੇ ਖ਼ਾਸ ਹੁਨਰ ਦੇ ਆਏ ਨੌਜਵਾਨਾਂ ਲਈ ਸ਼ੁਰੂਆਤੀ ਦਿਨਾਂ ਵਿੱਚ ਆਪਣਾ ਖ਼ਰਚਾ ਕੱਢਣਾ ਅਤੇ ਫੀਸਾਂ ਭਰਨਾ ਇੱਕ ਭਾਰੀ ਮਾਨਸਿਕ ਅਤੇ ਵਿੱਤੀ ਬੋਝ ਬਣ ਜਾਂਦਾ ਹੈ।
ਰਿਹਾਇਸ਼ ਦਾ ਮੁੱਦਾ ਅੱਜ ਦੇ ਸਮੇਂ ਵਿੱਚ ਆਸਟਰੇਲੀਆ ਵਿੱਚ ਪੰਜਾਬੀ ਨੌਜਵਾਨਾਂ ਲਈ ਸਭ ਤੋਂ ਵੱਡਾ ਅਤੇ ਵਿਰਾਟ ਸੰਕਟ ਬਣ ਕੇ ਉੱਭਰਿਆ ਹੈ। ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਮੈਲਬਰਨ, ਸਿਡਨੀ, ਬ੍ਰਿਸਬੇਨ ਅਤੇ ਪਰਥ ਵਿੱਚ ਕਿਰਾਏ ਦੇ ਮਕਾਨਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਕਿਰਾਏ ਦੀਆਂ ਦਰਾਂ ਅਸਮਾਨੀਂ ਛੂਹ ਰਹੀਆਂ ਹਨ। ਇੱਕ ਛੋਟਾ ਅਪਾਰਟਮੈਂਟ ਜਾਂ ਕਮਰਾ ਕਿਰਾਏ ’ਤੇ ਲੈਣਾ ਆਮ ਨੌਜਵਾਨ ਦੀ ਜੇਬ ’ਤੇ ਬਹੁਤ ਭਾਰੀ ਪੈਂਦਾ ਹੈ। ਇਸ ਹਾਊਸਿੰਗ ਸੰਕਟ ਦੇ ਚੱਲਦਿਆਂ ਨਵੇਂ ਆਏ ਸਟੂਡੈਂਟਸ ਅਤੇ ਨੌਜਵਾਨਾਂ ਨੂੰ ਆਪਣੇ ਰਹਿਣ ਦੇ ਖ਼ਰਚੇ ਘਟਾਉਣ ਲਈ ਇੱਕ-ਇੱਕ ਕਮਰੇ ਵਿੱਚ ਤਿੰਨ-ਤਿੰਨ ਜਾਂ ਚਾਰ-ਚਾਰ ਜਣਿਆਂ ਨਾਲ ਸ਼ੇਅਰਿੰਗ ਵਿੱਚ ਰਹਿਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਨੌਜਵਾਨਾਂ ਦੀ ਨਿੱਜਤਾ, ਸੁੱਖ-ਸਹੂਲਤ, ਮਾਨਸਿਕ ਸ਼ਾਂਤੀ ਅਤੇ ਪੜ੍ਹਾਈ ਦਾ ਮਾਹੌਲ ਬਹੁਤ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਸ਼ਹਿਰ ਦੇ ਮੁੱਖ ਹਿੱਸਿਆਂ ਵਿੱਚ ਕਿਰਾਏ ਬਹੁਤ ਮਹਿੰਗੇ ਹੋਣ ਕਰਕੇ ਨੌਜਵਾਨਾਂ ਨੂੰ ਸ਼ਹਿਰ ਤੋਂ ਬਹੁਤ ਦੂਰ ਦੂਰਾਡੇ ਇਲਾਕਿਆਂ ਵਿੱਚ ਰਹਿਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਆਉਣ-ਜਾਣ ਦਾ ਸਮਾਂ ਅਤੇ ਟ੍ਰੈਫਿਕ ਜਾਂ ਪਬਲਿਕ ਟਰਾਂਸਪੋਰਟ ਦਾ ਖ਼ਰਚਾ ਵੀ ਕਾਫ਼ੀ ਵਧ ਜਾਂਦਾ ਹੈ। ਇਸ ਤਰ੍ਹਾਂ ਰਿਹਾਇਸ਼ ਦੇ ਪੱਖੋਂ ਆਸਟਰੇਲੀਆ ਦੀ ਮੌਜੂਦਾ ਸਥਿਤੀ ਨੌਜਵਾਨਾਂ ਲਈ ਬਹੁਤੀ ਸਾਜ਼ਗਾਰ ਨਹੀਂ ਕਹੀ ਜਾ ਸਕਦੀ, ਸਗੋਂ ਇਹ ਉਨ੍ਹਾਂ ਦੀ ਰੋਜ਼ਾਨਾ ਜੀਵਨ-ਸ਼ੈਲੀ ਦਾ ਸਭ ਤੋਂ ਚੁਣੌਤੀਪੂਰਨ ਪਹਿਲੂ ਬਣ ਚੁੱਕੀ ਹੈ।
ਗਰੌਸਰੀ ਅਤੇ ਰੋਜ਼ਾਨਾ ਖਾਣ-ਪੀਣ ਦੀਆਂ ਲੋੜਾਂ ਦੀ ਗੱਲ ਕਰੀਏ ਤਾਂ ਆਸਟਰੇਲੀਆ ਵਿੱਚ ਮਹਿੰਗਾਈ ਦਾ ਅਸਰ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸੁਪਰ ਮਾਰਕੀਟਾਂ ਵਿੱਚ ਦੁੱਧ, ਸਬਜ਼ੀਆਂ, ਫਲ, ਆਟਾ, ਦਾਲਾਂ, ਮਾਸ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪੰਜਾਬੀ ਨੌਜਵਾਨਾਂ ਲਈ ਆਪਣੀ ਦੇਸੀ ਖੁਰਾਕ ਬਣਾ ਕੇ ਖਾਣਾ ਅਤੇ ਮਹਿੰਗੀ ਗਰੌਸਰੀ ਦਾ ਪ੍ਰਬੰਧ ਕਰਨਾ ਇੱਕ ਵਿੱਤੀ ਅਨੁਸ਼ਾਸਨ ਮੰਗਦਾ ਹੈ। ਆਸਟਰੇਲੀਆ ਵਿੱਚ ਵੱਡੀਆਂ ਸੁਪਰ ਮਾਰਕੀਟ ਚੇਨਾਂ ਜਿਵੇਂ ਕਿ ‘ਕੋਲਜ਼’ ਅਤੇ ‘ਵੂਲਵਰਥਸ’ ਤੋਂ ਇਲਾਵਾ ‘ਐੱਲਡੀ’ ਵਰਗੇ ਬਜਟ ਸਟੋਰ ਵੀ ਮੌਜੂਦ ਹਨ, ਜਿੱਥੋਂ ਨੌਜਵਾਨ ਸਸਤੇ ਭਾਅ ’ਤੇ ਸਾਮਾਨ ਖ਼ਰੀਦ ਕੇ ਬਜਟ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਭਾਰਤੀ ਅਤੇ ਪੰਜਾਬੀ ਗਰੌਸਰੀ ਸਟੋਰਾਂ ਦੀ ਵੱਡੀ ਭਰਮਾਰ ਹੈ, ਜਿੱਥੋਂ ਪੰਜਾਬੀ ਖਾਣ-ਪੀਣ ਦਾ ਹਰ ਸਾਮਾਨ ਜਿਵੇਂ ਕਿ ਦੇਸੀ ਘਿਓ, ਦਾਲਾਂ, ਮਸਾਲੇ ਅਤੇ ਰਵਾਇਤੀ ਵਸਤੂਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਗਰੌਸਰੀ ਦੇ ਪੱਖੋਂ ਇੱਕ ਚੰਗੀ ਗੱਲ ਇਹ ਹੈ ਕਿ ਆਸਟਰੇਲੀਆ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ, ਸਫ਼ਾਈ ਅਤੇ ਸ਼ੁੱਧਤਾ ਬਹੁਤ ਉੱਚੇ ਮਿਆਰ ਦੀ ਹੁੰਦੀ ਹੈ। ਹਾਲਾਂਕਿ ਵਧਦੀ ਮਹਿੰਗਾਈ ਦੇ ਕਾਰਨ ਮਹੀਨੇ ਦਾ ਰਸੋਈ ਬਜਟ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ। ਜਿਸ ਨਾਲ ਨੌਜਵਾਨਾਂ ਨੂੰ ਆਪਣੇ ਫਾਲਤੂ ਖ਼ਰਚਿਆਂ ਅਤੇ ਬਾਹਰ ਖਾਣ-ਪੀਣ ’ਤੇ ਕੰਟਰੋਲ ਕਰਨਾ ਪੈਂਦਾ ਹੈ। ਇਸ ਲਈ ਗਰੌਸਰੀ ਦੇ ਪੱਖੋਂ ਮਾਹੌਲ ਉੱਥੇ ਉਪਲੱਬਧਤਾ ਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਹੈ, ਪਰ ਖ਼ਰਚੇ ਦੇ ਲਿਹਾਜ਼ ਨਾਲ ਸਾਵਧਾਨੀ ਦੀ ਮੰਗ ਕਰਦਾ ਹੈ।
ਆਪਣਾ ਘਰ ਖ਼ਰੀਦਣਾ ਹਰ ਪੰਜਾਬੀ ਦਾ ਇੱਕ ਵੱਡਾ ਸੁਫ਼ਨਾ ਅਤੇ ਸਮਾਜਿਕ ਪ੍ਰਾਪਤੀ ਦਾ ਪ੍ਰਤੀਕ ਹੁੰਦਾ ਹੈ, ਪਰ ਆਸਟਰੇਲੀਆ ਵਿੱਚ ਇਹ ਸੁਪਨਾ ਸਾਕਾਰ ਕਰਨਾ ਹੁਣ ਅਤਿਅੰਤ ਕਠਿਨ ਹੋ ਗਿਆ ਹੈ। ਆਸਟਰੇਲੀਆਈ ਰੀਅਲ ਅਸਟੇਟ ਮਾਰਕੀਟ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਮਾਰਕੀਟਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਮੈਲਬਰਨ ਅਤੇ ਸਿਡਨੀ ਵਰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਰਿਜ਼ਰਵ ਬੈਂਕ ਥੋਕ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵਧਾਈਆਂ ਗਈਆਂ ਵਿਆਜ ਦਰਾਂ ਨੇ ਘਰ ਖ਼ਰੀਦਣ ਦੀ ਲਾਗਤ ਨੂੰ ਬਹੁਤ ਵਧਾ ਦਿੱਤਾ ਹੈ। ਘਰ ਖ਼ਰੀਦਣ ਲਈ ਨੌਜਵਾਨਾਂ ਨੂੰ ਘੱਟੋ-ਘੱਟ 10% ਤੋਂ 20% ਤੱਕ ਦੀ ਡਾਊਨ ਪੇਮੈਂਟ ਜਮ੍ਹਾਂ ਕਰਵਾਉਣੀ ਪੈਂਦੀ ਹੈ ਜੋ ਕਿ ਲੱਖਾਂ ਡਾਲਰ ਬਣਦੀ ਹੈ। ਅੱਜ ਦੇ ਸਮੇਂ ਵਿੱਚ ਨਵੇਂ ਪੱਕੇ ਹੋਏ ਨੌਜਵਾਨਾਂ ਲਈ ਇੰਨੀ ਵੱਡੀ ਰਕਮ ਇਕੱਠੀ ਕਰਨਾ ਆਪਣੇ ਆਪ ਵਿੱਚ ਇੱਕ ਵੱਡਾ ਪਹਾੜ ਤੋੜਨ ਸਮਾਨ ਹੈ। ਜੋ ਨੌਜਵਾਨ ਘਰ ਖ਼ਰੀਦਣ ਵਿੱਚ ਕਾਮਯਾਬ ਹੋ ਵੀ ਜਾਂਦੇ ਹਨ, ਉਨ੍ਹਾਂ ਨੂੰ ਹਰ ਮਹੀਨੇ ਭਾਰੀ ਮੋਰਟਗੇਜ਼ ਦੀਆਂ ਕਿਸ਼ਤਾਂ ਭਰਨੀਆਂ ਪੈਂਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਬੈਂਕਾਂ ਦੀਆਂ ਕਿਸ਼ਤਾਂ ਵਿੱਚ ਹੀ ਚਲਾ ਜਾਂਦਾ ਹੈ। ਪਹਿਲਾਂ ਦੇ ਸਮੇਂ ਵਿੱਚ ਪੰਜਾਬੀ ਨੌਜਵਾਨ ਪੀਆਰ ਮਿਲਣ ਦੇ ਕੁਝ ਹੀ ਸਾਲਾਂ ਬਾਅਦ ਆਪਣਾ ਘਰ ਖ਼ਰੀਦ ਲੈਂਦੇ ਸਨ, ਪਰ ਹੁਣ ਦੋਹਰੀ ਆਮਦਨ (ਪਤੀ ਅਤੇ ਪਤਨੀ ਦੋਵਾਂ ਦੇ ਕੰਮ ਕਰਨ) ਅਤੇ ਚੰਗੀਆਂ ਉੱਚੀਆਂ ਤਨਖਾਹਾਂ ਤੋਂ ਬਿਨਾਂ ਘਰ ਖ਼ਰੀਦਣਾ ਲਗਭਗ ਅਸੰਭਵ ਜਾਪਦਾ ਹੈ। ਇਸ ਲਈ ਘਰ ਖ਼ਰੀਦਣ ਦੇ ਪੱਖੋਂ ਮੌਜੂਦਾ ਸਮਾਂ ਪੰਜਾਬੀ ਨੌਜਵਾਨਾਂ ਲਈ ਬਿਲਕੁਲ ਵੀ ਸਾਜ਼ਗਾਰ ਨਹੀਂ ਹੈ।
ਇਨ੍ਹਾਂ ਸਾਰੀਆਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਬਾਵਜੂਦ ਆਸਟਰੇਲੀਆ ਦੇ ਕੁਝ ਅਜਿਹੇ ਸਕਾਰਾਤਮਕ ਪੱਖ ਹਨ ਜੋ ਅਜੇ ਵੀ ਪੰਜਾਬੀ ਨੌਜਵਾਨਾਂ ਲਈ ਇਸ ਦੇਸ਼ ਨੂੰ ਇੱਕ ਉੱਤਮ ਵਿਕਲਪ ਬਣਾਉਂਦੇ ਹਨ। ਆਸਟਰੇਲੀਆ ਦਾ ਕਾਨੂੰਨ ਵਿਵਸਥਾ ਸਿਸਟਮ ਬਹੁਤ ਮਜ਼ਬੂਤ ਅਤੇ ਨਿਰਪੱਖ ਹੈ। ਉੱਥੋਂ ਦੀਆਂ ਸਿਹਤ ਸਹੂਲਤਾਂ ਜਿਵੇਂ ਕਿ ਮੈਡੀਕੇਅਰ ਅਤੇ ਸਮਾਜਿਕ ਸੁਰੱਖਿਆ ਢਾਂਚਾ ਪੱਕੇ ਨਾਗਰਿਕਾਂ ਲਈ ਬਹੁਤ ਸਾਜ਼ਗਾਰ ਹਨ। ਇਸ ਤੋਂ ਇਲਾਵਾ ਉੱਥੋਂ ਦਾ ਵਾਤਾਵਰਨ, ਪ੍ਰਦੂਸ਼ਣ-ਮੁਕਤ ਹਵਾ ਅਤੇ ਜੀਵਨ ਦਾ ਉੱਚ ਮਿਆਰ ਨੌਜਵਾਨਾਂ ਨੂੰ ਇੱਕ ਵਧੀਆ ਜੀਵਨ ਸ਼ੈਲੀ ਪ੍ਰਦਾਨ ਕਰਦਾ ਹੈ। ਆਸਟਰੇਲੀਆਈ ਸਮਾਜ ਵਿੱਚ ਕੰਮ ਦਾ ਸੱਭਿਆਚਾਰ ਬਹੁਤ ਸਤਿਕਾਰਯੋਗ ਹੈ। ਉੱਥੇ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਿਆ ਜਾਂਦਾ ਜਿਸ ਨਾਲ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਦੀ ਭਾਵਨਾ ਪੈਦਾ ਹੁੰਦੀ ਹੈ। ਪੰਜਾਬੀ ਭਾਈਚਾਰੇ ਦਾ ਆਸਟਰੇਲੀਆ ਵਿੱਚ ਵੱਡਾ ਆਧਾਰ ਹੋਣ ਕਾਰਨ ਉੱਥੇ ਗੁਰਦੁਆਰਾ ਸਾਹਿਬਾਨ, ਭਾਈਚਾਰਕ ਸੰਸਥਾਵਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਕੋਈ ਘਾਟ ਨਹੀਂ ਹੈ, ਜਿਸ ਨਾਲ ਨੌਜਵਾਨਾਂ ਨੂੰ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ। ਪੰਜਾਬੀ ਨੌਜਵਾਨਾਂ ਲਈ ਕੰਮ, ਰਿਹਾਇਸ਼, ਗਰੌਸਰੀ ਅਤੇ ਘਰ ਖ਼ਰੀਦਣ ਦੇ ਮਾਮਲੇ ਵਿੱਚ ਆਸਟਰੇਲੀਆ ਹੁਣ ਪਹਿਲਾਂ ਵਰਗਾ ਸਹਿਜ ਅਤੇ ਆਸਾਨ ਦੇਸ਼ ਨਹੀਂ ਰਿਹਾ। ਇਹ ਇੱਕ ਬਹੁਤ ਹੀ ਸੰਘਰਸ਼ਪੂਰਨ ਅਤੇ ਮਹਿੰਗਾ ਦੌਰ ਹੈ, ਜਿੱਥੇ ਸਫਲਤਾ ਪ੍ਰਾਪਤ ਕਰਨ ਲਈ ਕੇਵਲ ਸੁਫ਼ਨੇ ਹੀ ਨਹੀਂ, ਸਗੋਂ ਠੋਸ ਯੋਜਨਾਬੰਦੀ, ਅਣਥੱਕ ਮਿਹਨਤ ਅਤੇ ਉੱਚ ਹੁਨਰ ਦੀ ਲੋੜ ਹੈ। ਜਿਹੜੇ ਨੌਜਵਾਨ ਬਿਨਾਂ ਕਿਸੇ ਤਿਆਰੀ, ਬਿਨਾਂ ਭਾਸ਼ਾਈ ਮੁਹਾਰਤ ਅਤੇ ਬਿਨਾਂ ਕਿਸੇ ਤਕਨੀਕੀ ਹੁਨਰ ਦੇ ਆਸਟਰੇਲੀਆ ਜਾਣ ਦਾ ਫ਼ੈਸਲਾ ਕਰਦੇ ਹਨ, ਉਨ੍ਹਾਂ ਨੂੰ ਉੱਥੇ ਜਾ ਕੇ ਮਾਨਸਿਕ ਤਣਾਅ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਉਲਟ ਜਿਹੜੇ ਨੌਜਵਾਨ ਭਾਰਤ ਤੋਂ ਹੀ ਕਿਸੇ ਮੰਗ ਵਾਲੇ ਖੇਤਰ ਵਿੱਚ ਚੰਗੀ ਸਿਖਲਾਈ ਲੈ ਕੇ ਜਾਂਦੇ ਹਨ, ਆਰਥਿਕ ਅਨੁਸ਼ਾਸਨ ਬਣਾ ਕੇ ਰੱਖਦੇ ਹਨ ਅਤੇ ਧੀਰਜ ਨਾਲ ਆਪਣੇ ਰਾਹ ’ਤੇ ਚੱਲਦੇ ਹਨ, ਉਹ ਅੱਜ ਵੀ ਆਸਟਰੇਲੀਆ ਵਿੱਚ ਇੱਕ ਬਿਹਤਰ, ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਸਥਾਪਤ ਕਰਨ ਵਿੱਚ ਸਫਲ ਹੋ ਰਹੇ ਹਨ।
Share this content:



Post Comment