Loading Now

ਪਰਗਟ ਕੀ ਕਰੇ…

ਪਰਗਟ ਕੀ ਕਰੇ…

ਪੰਜਾਬ ਕਾਂਗਰਸ ਦੇ ਨਵੇਂ ਬਣਾਏ ਗਏ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਹੈ ਕਿ ਉਹ ਲੋਕ ਮੁੱਦਿਆਂ ਦੀ ਗੱਲ ਕਰਨਗੇ | ਪੰਜਾਬ ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ, ਪਾਰਟੀ ਕੋਲ ਤਜਰਬੇਕਾਰ ਤੇ ਹੰਢੇ ਹੋਏ ਆਗੂ ਹਨ, ਜਿਨ੍ਹਾਂ ਨੂੰ ਨਾਲ ਲੈ ਕੇ ਉਹ ਚੋਣਾਂ ਲੜਨਗੇ ਤੇ ਜਿੱਤਣਗੇ | ਚੋਣਾਂ ਦਾ ਸਾਲ ਸ਼ੁਰੂ ਹੁੰਦਿਆਂ ਹੀ ਪੰਜਾਬ ਕਾਂਗਰਸ ਵਿੱਚ ਧੜੇਬੰਦਕ ਜੰਗ ਤੇਜ਼ ਹੋ ਗਈ ਸੀ | ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਖਿਲਾਫ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਵਰਗਿਆਂ ਨੇ ਤਿੱਖੀ ਲੜਾਈ ਛੇੜ ਦਿੱਤੀ ਸੀ, ਜਿਸ ਨੂੰ ਖਤਮ ਕਰਦਿਆਂ ਹਾਈ ਕਮਾਨ ਨੇ ਕਾਫੀ ਵਕਤ ਜ਼ਾਇਆ ਕਰ ਲਿਆ | ਚੋਣਾਂ ਵਿੱਚ ਸਮਾਂ ਥੋੜ੍ਹਾ ਰਹਿ ਗਿਆ ਹੈ | ਪੁਰਾਣੇ ਵੇਲਿਆਂ ਵਿੱਚ ਚੋਣ ਮੁੱਖ ਲੜਾਈ ਅਕਾਲੀਆਂ ਤੇ ਕਾਂਗਰਸ ਜਾਂ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਵਿਚਾਲੇ ਹੁੰਦੀ ਸੀ | ਵਰਤਮਾਨ ਵਿੱਚ ਪਿਛਲੇ ਕਰੀਬ ਪੰਜ ਸਾਲ ਤੋਂ ਰਾਜ ਕਰ ਰਹੀ ਆਮ ਆਦਮੀ ਪਾਰਟੀ ਵੀ ਹੈ ਅਤੇ ਅਕਾਲੀਆਂ ਦੇ ਨਵੇਂ ਧੜੇ ਵੀ ਮੈਦਾਨ ਵਿੱਚ ਕੁੱਦੇ ਹੋਏ ਹਨ | ਸੋ, ਲੜਾਈ ਬਹੁਕੋਣੀ ਹੋ ਚੁੱਕੀ ਹੈ | ਨਤੀਜੇ ਵਜੋਂ ਜਿੱਤ-ਹਾਰ ਦਾ ਫਰਕ ਵੀ ਕਾਫੀ ਘਟ ਜਾਣਾ ਹੈ | ਇਨ੍ਹਾਂ ਹਾਲਤਾਂ ਵਿੱਚ ਕਾਂਗਰਸ ਨੂੰ 1998 ਦੀ ਆਦਮਪੁਰ ਹਲਕੇ ਦੀ ਜ਼ਿਮਨੀ ਚੋਣ ਯਾਦ ਰੱਖਣੀ ਪੈਣੀ ਹੈ, ਜਦੋਂ ਬਾਪੂ ਸਰੂਪ ਸਿੰਘ ਦੇ ਦੇਹਾਂਤ ਤੋਂ ਬਾਅਦ ਹੋਈ ਚੋਣ ਵਿੱਚ ਕਾਂਗਰਸ ਦੇ ਕੰਵਲਜੀਤ ਸਿੰਘ ਲਾਲੀ ਨੇ ਅਕਾਲੀ ਦਲ ਦੇ ਸਰਬਜੀਤ ਸਿੰਘ ਮੱਕੜ ਨੂੰ ਪੰਜ ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ ਸੀ | ਇਹ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨਗੀ ਸੰਭਾਲਣ ਤੋਂ ਕੁਝ ਦੇਰ ਬਾਅਦ ਹੋਈ ਸੀ |

ਇਸ ਹਲਕੇ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੁਲਵੰਤ ਸਿੰਘ ਵੀ ਵਿਧਾਇਕ ਰਹਿ ਚੁੱਕੇ ਸਨ ਤੇ ਹਲਕੇ ਵਿੱਚ ਕਮਿਊਨਿਸਟਾਂ ਦੀ ਪੁੱਛ-ਪ੍ਰਤੀਤ ਵੀ ਕਾਫੀ ਸੀ | ਕਮਿਊਨਿਸਟਾਂ ਦਾ ਸਮਰਥਨ ਨਾ ਮਿਲਿਆ ਹੁੰਦਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੀ ਕਾਂਗਰਸ ਪਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਜ਼ਿਮਨੀ ਚੋਣ ਜਿੱਤ ਸਕਦੀ ਸੀ? ਆਦਮਪੁਰ ਦੀ ਜ਼ਿਮਨੀ ਚੋਣ ਦੀ ਜਿੱਤ ਨੇ ਸੂਬੇ ਵਿੱਚ ਅਜਿਹਾ ਮਾਹੌਲ ਬਣਾਇਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ | ਪਰਗਟ ਸਿੰਘ ਵੀ ਚੋਣਾਂ ਦੇ ਐਨ ਮੌਕੇ ਪ੍ਰਧਾਨ ਬਣੇ ਹਨ | ਉਨ੍ਹਾ ਨੂੰ ਆਪਣੀ ਚੋਣ ਮੁਹਿੰਮ ਵਿੱਢਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਪੈਣਾ ਕਿ ਪੰਜਾਬ ਦੇ ਹਿੱਤਾਂ ਵਿਰੁੱਧ ਕੰਮ ਕਰ ਰਹੀਆਂ ਤਾਕਤਾਂ ਨੂੰ ਪਛਾੜਨ ਲਈ ਕਿਨ੍ਹਾਂ ਸੈਕੂਲਰ ਤੇ ਜਮਹੂਰੀ ਤਾਕਤਾਂ ਦਾ ਸਾਥ ਜ਼ਰੂਰੀ ਹੈ | ਕਾਂਗਰਸ ਵਿੱਚ ਚਲਦੀ ਧੜੇਬੰਦੀ ਨੂੰ ਦੇਖਦਿਆਂ ਨਵੇਂ ਪ੍ਰਧਾਨ ਲਈ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਸੂਬੇ ਦੇ ਅਗਾਂਹਵਧੂ ਲੋਕਾਂ ਦੇ ਨਾਲ-ਨਾਲ ਸੂਬੇ ਦੇ ਹਿੱਤਾਂ ਲਈ ਹਮੇਸ਼ਾ ਲੜਾਈ ਲੜਦੀਆਂ ਆਈਆਂ ਸੈਕੂਲਰ ਤੇ ਜਮਹੂਰੀ ਤਾਕਤਾਂ ਨਾਲ ਤਾਲਮੇਲ ਬਿਠਾਉਣ | ਕੌਮੀ ਪੱਧਰ ‘ਤੇ ਇੰਡੀਆ ਗੱਠਜੋੜ ਦਾ ਢਾਂਚਾ ਪਹਿਲਾਂ ਹੀ ਮੌਜੂਦ ਹੈ, ਇਸ ਨੂੰ ਪੰਜਾਬ ਵਿੱਚ ਅਮਲੀ ਸ਼ਕਲ ਦੇ ਕੇ ਪਰਗਟ ਆਪਣੀ ਪਾਰਟੀ ਦਾ ਵੀ ਤੇ ਪੰਜਾਬ ਦਾ ਵੀ ਭਲਾ ਕਰ ਸਕਦੇ ਹਨ | ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਕਾਂਗਰਸ ਇਕੱਲੀ ਲੜ ਕੇ ਨਤੀਜੇ ਦੇਖਦੀ ਹੀ ਆ ਰਹੀ ਹੈ |

Share this content:

Post Comment