Loading Now

ਨੌਕਰੀ ਲਈ ਸੰਘਰਸ਼ ਤੀਜੇ ਦਿਨ ਵੀ ਜਾਰੀ, ਪਾਵਰਕੌਮ ਅੱਗੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਆਮਨੇ-ਸਾਮਨੇ

ਨੌਕਰੀ ਲਈ ਸੰਘਰਸ਼ ਤੀਜੇ ਦਿਨ ਵੀ ਜਾਰੀ, ਪਾਵਰਕੌਮ ਅੱਗੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਆਮਨੇ-ਸਾਮਨੇ

 

ਪਟਿਆਲਾ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸਹਾਇਕ ਲਾਈਨਮੈਨਾਂ ਦੀ ਨੌਕਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਈ ਟੀ ਆਈ ਪਾਸ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਕੀਤੀ ਗਈ ਤਾਲਾਬੰਦੀ ਖੁਲ੍ਹਵਾਉਣ ਮੌਕੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋਈ। ਦੁਪਹਿਰੇ ਜਦੋਂ ਦਫ਼ਤਰ ਵਿੱਚ ਛੁੱਟੀ ਹੋਈ ਅਤੇ ਬਿਜਲੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਬਾਹਰ ਆਉਣਾ ਚਾਹਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਸਾਰੇ ਗੇਟ ਬੰਦ ਕਰ ਦਿੱਤੇ। ਪੁਲੀਸ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਨੌਜਵਾਨ ਪਿੱਛੇ ਨਾ ਹਟੇ ਤਾਂ ਪੁਲੀਸ ਨੇ ਜਬਰੀ ਗੇਟ ਖੁਲ੍ਹਵਾਏ। ਇਸ ਖਿੱਚ-ਧੂਹ ਦੌਰਾਨ ਇੱਕ ਏ ਐੱਸ ਆਈ ਦੀ ਅੱਖ ’ਤੇ ਮਾਮੂਲੀ ਸੱਟ ਲੱਗੀ। ਪੁਲੀਸ ਨੇ ਸਥਿਤੀ ’ਤੇ ਕਾਬੂ ਪਾਉਂਦਿਆਂ ਗੇਟ ਤਾਂ ਖੁਲ੍ਹਵਾ ਲਏ, ਪਰ ਬੇਰੁਜ਼ਗਾਰਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ।

ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਮਿੰਦਰ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਮੋਰਚਾ ਖ਼ਤਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ਸਬੰਧੀ ਮੈਨੇਜਮੈਂਟ ਵੱਲੋਂ ਜਾਰੀ ਕਰ ਕੇ ਰੱਦ ਕੀਤਾ ਗਿਆ ਇਸ਼ਤਿਹਾਰ ਮੁੜ ਜਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਭਰਤੀ ਵਿੱਚ ਦੂਜੇ ਰਾਜਾਂ ਦੇ ਉਮੀਦਵਾਰਾਂ ਨੂੰ ਰੋਕਣ ਲਈ ਪੰਜਾਬ ਨਿਵਾਸੀ ਸਰਟੀਫਿਕੇਟ ਦੀ ਸ਼ਰਤ ਵੀ ਲਾਜ਼ਮੀ ਕੀਤੀ ਜਾਵੇ। ਪਾਵਰਕੌਮ ਵਿੱਚ ਸਹਾਇਕ ਲਾਈਨਮੈਨ ਦੀ ਨੌਕਰੀ ਲਈ ਸਾਲਾਂ ਤੋਂ ਚੱਲੀ ਆ ਰਹੀ ਅਪ੍ਰੈਂਟਿਸਸ਼ਿਪ ਦੀ ਸ਼ਰਤ ਹਟਾ ਕੇ ਸਰਕਾਰ ਨੇ ਚਾਰ ਮਹੀਨੇ ਪਹਿਲਾਂ ਆਈ ਟੀ ਆਈ ਦੀ ਸ਼ਰਤ ਤਹਿਤ 3000 ਆਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਇਸ ਫ਼ੈਸਲੇ ਦੇ ਖ਼ਿਲਾਫ਼ 2600 ਲਾਈਨਮੈਨ ਅਪ੍ਰੈਂਟਿਸਸ਼ਿਪ ਆਲ ਪੰਜਾਬ ਯੂਨੀਅਨ ਵੱਲੋਂ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਇੱਥੇ ਕਈ ਦਿਨਾਂ ਤੱਕ ਧਰਨਾ ਦਿੱਤਾ ਗਿਆ ਸੀ। ਅਪ੍ਰੈਂਟਿਸਸ਼ਿਪ ਕਰ ਰਹੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਚਾਰ ਮਹੀਨਿਆਂ ਤੋਂ ਸਿਖਲਾਈ ਲੈ ਰਹੇ ਹਨ ਅਤੇ ਪਾਵਰਕੌਮ ਉਨ੍ਹਾਂ ਨੂੰ 10 ਹਜ਼ਾਰ ਰੁਪਏ ਮਹੀਨਾ ਵਜ਼ੀਫ਼ਾ ਵੀ ਦੇ ਰਿਹਾ ਹੈ। ਇੱਕ ਸਾਲ ਦੀ ਇਸ ਸਿਖਲਾਈ ਨੂੰ ਸਹਾਇਕ ਲਾਈਨਮੈਨ ਦੀ ਮੁੱਖ ਟਰੇਨਿੰਗ ਮੰਨਿਆ ਜਾਂਦਾ ਹੈ। ਉਸ ਵੇਲੇ ਸਰਕਾਰ ਨੇ ਅਪ੍ਰੈਂਟਿਸਸ਼ਿਪ ਪੂਰੀ ਹੋਣ ’ਤੇ ਭਰਤੀ ਕਰਨ ਦਾ ਭਰੋਸਾ ਦੇ ਕੇ ਇਸ਼ਤਿਹਾਰ ਵਾਪਸ ਲੈ ਲਿਆ ਸੀ। ਹੁਣ ਆਈ ਟੀ ਆਈ ਪਾਸ ਵਰਕਰਾਂ ਨੇ ਆਈ ਟੀ ਆਈ ਵਾਲੀ ਸ਼ਰਤ ਤਹਿਤ ਭਰਤੀ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਲਈ ਇਹ ਧਰਨਾ ਲਾਇਆ ਹੈ।

 

 

Share this content:

Post Comment