ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਦਸਤਾਰ ਦੀ ਜਾਂਚ ਸਬੰਧੀ ਮਸਲੇ ਦਾ ਹੋਇਆ ਹੱਲ
ਆਕਲੈਂਡ, 24 ਨਵੰਬਰ – ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਨੂੰ ਦਸਤਾਰ ਉਤਾਰਨ ਸਬੰਧੀ ਆ ਰਹੀ ਮੁਸ਼ਕਲ ਦਾ ਅੱਜ ਐਵੀਏਸ਼ਨ ਨਿਊਜ਼ੀਲੈਂਡ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਵਿਚ ਸਫਲਤਾਪੂਰਵਕ ਹੱਲ ਕੱਢਣ ਲਈ ਸਹਿਮਤੀ ਬਣ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਹੋਇਆ ਇਹ ਫੈਸਲਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇਸ ਲਗਭਗ ਡੇਢ ਘੰਟੇ ਦੀ ਮੀਟਿੰਗ ਦੌਰਾਨ ਭਾਈਚਾਰੇ ਵੱਲੋਂ ਪਿਛਲੇ ਸਮੇਂ ਤੋਂ ਸਾਹਮਣੇ ਆ ਰਹੀਆਂ ਮੁਸ਼ਕਲਾਂ ਅਤੇ ਸਿੱਖ ਧਰਮ ਵਿੱਚ ਦਸਤਾਰ ਦੀ ਧਾਰਮਿਕ, ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਦਸਤਾਰ ਦੀ ਮਹਾਨਤਾ ਨੂੰ ਸਮਝਦਿਆਂ ਐਵੀਏਸ਼ਨ ਨਿਊਜ਼ੀਲੈਂਡ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਵੀਆਂ ਸੁਰੱਖਿਆ ਜਾਂਚ ਮਸ਼ੀਨਾਂ ਲੱਗਣ ਕਾਰਨ ਪੈਦਾ ਹੋਈ ਇਸ ਸਮੱਸਿਆ ਨੂੰ ਸਿੱਖ ਭਾਈਚਾਰੇ ਨਾਲ ਮਿਲ ਕੇ ਤੁਰੰਤ ਹੱਲ ਕੀਤਾ ਜਾ ਰਿਹਾ ਹੈ । ਇਸ ਸਬੰਧੀ ਨਵੀਂ ਨੀਤੀ ਬਹੁਤ ਜਲਦੀ ਲਾਗੂ ਹੋ ਜਾਵੇਗੀ, ਤਾਂ ਜੋ ਭਵਿੱਖ ਵਿੱਚ ਸਿੱਖ ਯਾਤਰੀਆਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਅਹਿਮ ਮੀਟਿੰਗ ਦੀ ਸ਼ੁਰੂਆਤ ਸੰਸਦ ਮੈਂਬਰ ਰੀਮਾ ਨਾਕਲੇ ਵੱਲੋਂ ਕੀਤੀ ਗਈ। ਇਸ ਦੌਰਾਨ ਐਥਨਿਕ ਕਮਿਊਨਿਟੀਜ਼ ਮੰਤਰੀ ਮਮਾਰਕ ਮਿਚਲ ਅਤੇ ਹਵਾਬਾਜ਼ੀ ਮੰਤਰੀ ਜੈਰੇਮੀ ਮੀਗਰ ਵੀ ਫ਼ੋਨ ਰਾਹੀਂ ਸੰਪਰਕ ਵਿੱਚ ਰਹੇ ਅਤੇ ਮਸਲੇ ਦੇ ਸਫਲ ਹੱਲ ਵੱਲ ਵਧਣ ’ਤੇ ਭਾਈਚਾਰੇ ਨੂੰ ਵਧਾਈ ਦਿੱਤੀ।
ਮੀਟਿੰਗ ਦੌਰਾਨ ਨਿਊਜੀਲੈਡ ਸਿੱਖ ਐਸ਼ੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਵਰਪਾਲ ਸਿੰਘ ਨੇ ਸਿੱਖ ਭਾਈਚਾਰੇ ਵੱਲੋਂ ਪਿਛਲੇ ਸਮੇਂ ਦੌਰਾਨ ਦਰਪੇਸ਼ ਮੁਸ਼ਕਲਾਂ, ਤਜਰਬਿਆਂ ਅਤੇ ਮੁੱਖ ਮੰਗਾਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ ਅਤੇ ਇਸ ਸਬੰਧੀ ਸਬਮਿਸ਼ਨ ਪੇਸ਼ ਕੀਤੇ ।ਇਸ ਮੀਟਿੰਗ ਵਿੱਚ ਵਫਦ ਦੇ ਮੈਂਬਰਾਂ ਵਿੱਚ ਰੀਮਾ ਨਾਕਲੇ, ਦਲਜੀਤ ਸਿੰਘ, ਵਰਪਾਲ ਸਿੰਘ, ਬੇਅੰਤ ਸਿੰਘ ਜੈਡੋਰ, ਲਾਲੀ ਰਣਵੀਰ ਸਿੰਘ, ਕਰਮਜੀਤ ਸਿੰਘ ਤਲਵਾਰ, ਮਨਦੀਪ ਸਿੰਘ, ਰਾਣਾ ਜੱਜ, ਤੇਜਵੀਰ ਸਿੰਘ ਸ਼ਾਮਲ ਸਨ। ਅੰਤ ਵਿੱਚ ਦਲਜੀਤ ਸਿੰਘ ਨੇ ਸਮੁੱਚੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਨਵੀਂ ਨੀਤੀ ਨੂੰ ਲਾਗੂ ਹੋਣ ਵਿੱਚ ਇੱਕ-ਦੋ ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਉਦੋਂ ਤੱਕ ਸੰਗਤ ਏਅਰਪੋਰਟ ’ਤੇ ਦਸਤਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਬਹਿਸ ਜਾਂ ਟਕਰਾਅ ਤੋਂ ਗੁਰੇਜ਼ ਕਰੇ ਅਤੇ ਸਹਿਯੋਗ ਬਣਾਈ ਰੱਖੇ।
Share this content:



Post Comment