Loading Now

ਨਿਊਜ਼ੀਲੈਂਡ ਚੋਣਾਂ : ਵੋਟਾਂ ਦੀ ਅਤਿੰਮ ਗਿਣਤੀ ‘ਚ ਕਿਸੇ ਵੀ ਪਾਰਟੀ ਨੂੰ ‘ਬਹੁਮਤ’ ਨਹੀਂ

ਨਿਊਜ਼ੀਲੈਂਡ ਚੋਣਾਂ : ਵੋਟਾਂ ਦੀ ਅਤਿੰਮ ਗਿਣਤੀ ‘ਚ ਕਿਸੇ ਵੀ ਪਾਰਟੀ ਨੂੰ ‘ਬਹੁਮਤ’ ਨਹੀਂ

ਵੇਲਿੰਗਟਨ, 28 ਨਵੰਬਰ – ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਦਿਲਚਸਪ ਮੋੜ ਆ ਗਿਆ ਹੈ। 130 ਮੈਂਬਰੀ ਸੰਸਦ ਵਿਚ ਕਿਸੇ ਵੀ ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਅਗਵਾਈ ਵਾਲਾ ਮੌਜੂਦਾ ਸੱਤਾਧਾਰੀ ਗਠਜੋੜ ਬਹੁਮਤ ਦੇ 66 ਸੀਟਾਂ ਦੇ ਅੰਕੜੇ ਤੋਂ ਸਿਰਫ਼ ਇਕ ਸੀਟ ਪਿੱਛੇ ਰਹਿ ਕੇ 65 ਸੀਟਾਂ ’ਤੇ ਸਿਮਟ ਗਿਆ ਹੈ। ਦੂਜੇ ਪਾਸੇ, ਵਿਦੇਸ਼ਾਂ ਵਿਚ ਰਹਿੰਦੇ ਨਿਊਜ਼ੀਲੈਂਡ ਵਾਸੀਆਂ ਸਮੇਤ ਪਰਵਾਸੀ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਇਹ ਹੈ ਕਿ ਪੰਜਾਬੀ ਮੂਲ ਦੀ ਡਾ. ਪਰਮਜੀਤ ਪਰਮਾਰ ਸਮੇਤ ਚਾਰ ਭਾਰਤੀ ਮੂਲ ਦੇ ਉਮੀਦਵਾਰ ਸੰਸਦ ਵਿਚ ਪਹੁੰਚਣ ਵਿਚ ਕਾਮਯਾਬ ਰਹੇ ਹਨ। ਚੋਣ ਕਮਿਸ਼ਨ ਵਲੋਂ ਜਾਰੀ ਅੰਤਮ ਅੰਕੜਿਆਂ ਅਨੁਸਾਰ, ਨੈਸ਼ਨਲ ਪਾਰਟੀ ਨੂੰ ਸੱਭ ਤੋਂ ਵੱਧ 40 ਸੀਟਾਂ ਮਿਲੀਆਂ ਹਨ, ਜਦਕਿ ਵਿਰੋਧੀ ਧਿਰ ਲੇਬਰ ਪਾਰਟੀ 36 ਸੀਟਾਂ ਨਾਲ ਦੂਜੇ ਸਥਾਨ ’ਤੇ ਰਹੀ। ਗ੍ਰੀਨ ਪਾਰਟੀ ਨੇ 17, ਐਕਟ ਨਿਊਜ਼ੀਲੈਂਡ ਨੇ 13, ਨਿਊਜ਼ੀਲੈਂਡ ਫਸਟ ਨੇ 12, ਅਪੋਰਚੂਨਿਟੀ ਪਾਰਟੀ ਨੇ 7 ਅਤੇ ਤੇ ਪਾਤੀ ਮਾਓਰੀ ਨੇ 5 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ।

ਚੋਣਾਂ ਵਾਲੀ ਰਾਤ ਦੇ ਸ਼ੁਰੂਆਤੀ ਨਤੀਜਿਆਂ ਵਿਚ ਸੱਤਾਧਾਰੀ ਗਠਜੋੜ ਕੋਲ 67 ਸੀਟਾਂ ਸਨ, ਪਰ ਲਗਭਗ 4.85 ਲੱਖ ਸਪੈਸ਼ਲ ਵੋਟਾਂ ਦੀ ਗਿਣਤੀ ਨੇ ਨੈਸ਼ਨਲ ਪਾਰਟੀ ਦੀਆਂ ਦੋ ਅਹਿਮ ਸੀਟਾਂ (ਵੈਰਾਰਾਪਾ ਅਤੇ ਹੈਮਿਲਟਨ ਈਸਟ) ਲੇਬਰ ਪਾਰਟੀ ਦੀ ਝੋਲੀ ਪਾ ਦਿਤੀਆਂ। ਸੱਤਾਧਾਰੀ ਗਠਜੋੜ (ਨੈਸ਼ਨਲ, ਐਕਟ ਅਤੇ ਨਿਊਜ਼ੀਲੈਂਡ ਫਸਟ) ਕੋਲ 65 ਅਤੇ ਵਿਰੋਧੀ ਖੇਮੇ (ਲੇਬਰ, ਗ੍ਰੀਨ ਅਤੇ ਤੇ ਪਾਤੀ ਮਾਓਰੀ) ਕੋਲ 58 ਸੀਟਾਂ ਹੋਣ ਕਾਰਨ 7 ਸੀਟਾਂ ਜਿੱਤਣ ਵਾਲੀ ਕੇਂਦਰਵਾਦੀ ‘ਅਪੋਰਚੂਨਿਟੀ ਪਾਰਟੀ’ ਹੁਣ ਕਿੰਗਮੇਕਰ ਦੀ ਭੂਮਿਕਾ ਵਿਚ ਆ ਗਈ ਹੈ। ਸਰਕਾਰ ਬਣਾਉਣ ਲਈ ਨੈਸ਼ਨਲ ਪਾਰਟੀ ਦੇ ਗਠਜੋੜ ਨੂੰ ਇਸ ਪਾਰਟੀ ਦੇ ਸਮਰਥਨ ਦੀ ਲੋੜ ਹੋਵੇਗੀ। ਕਈ ਹਲਕਿਆਂ ਵਿਚ ਜਿੱਤ-ਹਾਰ ਦਾ ਫਰਕ ਬਹੁਤ ਘੱਟ ਹੋਣ ਕਾਰਨ ਪਾਰਟੀਆਂ ਕੋਲ 2 ਦਸੰਬਰ ਤਕ ਮੁੜ-ਗਿਣਤੀ ਲਈ ਅਰਜ਼ੀ ਦੇਣ ਦਾ ਸਮਾਂ ਹੈ। ਇਨ੍ਹਾਂ ਚੋਣਾਂ ਵਿਚ ਐਕਟ ਪਾਰਟੀ ਦੀ ਉਮੀਦਵਾਰ ਡਾ. ਪਰਮਜੀਤ ਪਰਮਾਰ ਪਾਰਟੀ ਸੂਚੀ ਰਾਹੀਂ ਮੁੜ ਸੰਸਦ ਮੈਂਬਰ ਚੁਣੀ ਗਈ ਹੈ, ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ। ਡਾ. ਪਰਮਜੀਤ ਪਰਮਾਰ ਐਕਟ ਨਿਊਜ਼ੀਲੈਂਡ ਪਾਰਟੀ ਵਲੋਂ ਪਾਰਟੀ ਸੂਚੀ ਰਾਹੀਂ ਸੰਸਦ ਮੈਂਬਰ ਚੁਣੀ ਗਈ ਹੈ। ਉਨ੍ਹਾੰ ਨੇ ਸਿੱਧੀ ਚੋਣ ਪਾਕੁਰੰਗਾ ਹਲਕੇ ਤੋਂ ਲੜੀ ਸੀ, ਜਿੱਥੋਂ ਉਹ ਹਾਰ ਗਏ ਸਨ ਪਰ ਪਾਰਟੀ ਦੀ ਸੂਚੀ ਵਿਚ 10ਵੇਂ ਸਥਾਨ ’ਤੇ ਹੋਣ ਕਾਰਨ ਮੁੜ ਸੰਸਦ ਵਿਚ ਪਹੁੰਚਣ ਵਿਚ ਕਾਮਯਾਬ ਰਹੇ। ਇਸ ਤੋਂ ਇਲਾਵਾ ਕੇਰਲ ਪਿਛੋਕੜ ਵਾਲੇ ਮਹੇਸ਼ ਮੁਰਲੀਧਰ ਨੇ ਆਕਲੈਂਡ ਦੇ ਟਾਮਾਕੀ ਹਲਕੇ ਤੋਂ ਸਿੱਧੀ ਚੋਣ ਜਿੱਤ ਕੇ ਨੈਸ਼ਨਲ ਪਾਰਟੀ ਵਲੋਂ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਮੂਲ ਦੇ ਆਗੂ ਹੋਣ ਦਾ ਇਤਿਹਾਸ ਰਚਿਆ ਹੈ। ਲੇਬਰ ਪਾਰਟੀ ਵਲੋਂ ਸਾਬਕਾ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਅਤੇ ਰਾਕੇਸ਼ ਨਾਇਡੂ ਵੀ ਪਾਰਟੀ ਸੂਚੀ ਰਾਹੀਂ ਸੰਸਦ ਵਿਚ ਪਹੁੰਚੇ ਹਨ।

Share this content:

Post Comment