ਨਵੀਂ ਪਰਵਾਸ ਯੋਜਨਾ ਤਹਿਤ ਮਿਲੇਗਾ 1.85 ਲੱਖ PR ਦਾ ਕੋਟਾ
ਸਿਡਨੀ, 3 ਅਗਸਤ – ਆਸਟਰੇਲੀਆ ਸਰਕਾਰ ਨੇ ਸਾਲ 2026-27 ਦੇ ਪਰਵਾਸ ਪ੍ਰੋਗਰਾਮ ਲਈ ਆਪਣੀਆਂ ਨਵੀਆਂ ਤਰਜੀਹਾਂ ਸਪੱਸ਼ਟ ਕਰ ਦਿੱਤੀਆਂ ਹਨ। ਸਰਕਾਰ ਦਾ ਮੁੱਖ ਧਿਆਨ ਹੁਣ ਉਨ੍ਹਾਂ ਖੇਤਰਾਂ ‘ਤੇ ਹੈ, ਜਿੱਥੇ ਹੁਨਰਮੰਦ ਕਰਮਚਾਰੀਆਂ ਦੀ ਸਭ ਤੋਂ ਵੱਧ ਘਾਟ ਹੈ। ਸਰਕਾਰੀ ਅੰਕੜਿਆਂ ਅਨੁਸਾਰ ਨਵੇਂ ਵਿੱਤੀ ਸਾਲ ਲਈ ਸਥਾਈ ਪਰਵਾਸ (Permanent Migration Program) ਦਾ ਕੋਟਾ 1,85,000 ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ 1,32,200 ਤੋਂ ਵੱਧ ਥਾਵਾਂ ਹੁਨਰਮੰਦ ਪਰਵਾਸੀਆਂ ਲਈ ਹਨ, ਜਦੋਂ ਕਿ ਬਾਕੀ ਪਰਿਵਾਰਕ ਅਤੇ ਹੋਰ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਕੀਤੀਆਂ ਗਈਆਂ ਹਨ।
ਸਿਹਤ, ਸਿੱਖਿਆ, ਇੰਜੀਨੀਅਰਿੰਗ ਅਤੇ ਆਈ.ਟੀ. ਮਾਹਿਰਾਂ ਨੂੰ ਤਰਜੀਹ
ਸਿਹਤ, ਬਜ਼ੁਰਗਾਂ ਦੀ ਦੇਖਭਾਲ, ਨਿਰਮਾਣ, ਸਿੱਖਿਆ, ਇੰਜੀਨੀਅਰਿੰਗ, ਆਈ.ਟੀ. ਅਤੇ ਖੇਤਰੀ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੀਜ਼ਾ ਪ੍ਰਕਿਰਿਆ ਵਿੱਚ ਪਹਿਲ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਕਿ, “ਆਸਟਰੇਲੀਆ ਦੀ ਪਰਵਾਸ ਪ੍ਰਣਾਲੀ ਦਾ ਉਦੇਸ਼ ਸਿਰਫ਼ ਗਿਣਤੀ ਵਧਾਉਣਾ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ ਅਤੇ ਰੁਜ਼ਗਾਰ ਬਾਜ਼ਾਰ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।” ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਹੈ, ਉੱਥੇ ਹੁਨਰਮੰਦ ਲੋਕਾਂ ਨੂੰ ਪਹਿਲ ਮਿਲਣ ਨਾਲ ਹਸਪਤਾਲਾਂ, ਉਸਾਰੀ ਅਤੇ ਖੇਤਰੀ ਭਾਈਚਾਰਿਆਂ ਨੂੰ ਵੱਡਾ ਲਾਭ ਮਿਲੇਗਾ।
ਅਸਥਾਈ ਵੀਜ਼ਾ ਧਾਰਕਾਂ ਨੂੰ ਮਿਲਦਾ ਰਿਹਾ ਹੈ ਵੱਡਾ ਹਿੱਸਾ
ਇਸੇ ਦੌਰਾਨ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਰਿਪੋਰਟ ਨੇ ਵਿਸ਼ੇਸ਼ ਧਿਆਨ ਖਿੱਚਿਆ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲਾਂ ਵਿੱਚ ਪਰਵਾਸ ਪ੍ਰੋਗਰਾਮ ਦੀਆਂ ਸਿਰਫ਼ 12 ਫ਼ੀਸਦੀ ਥਾਵਾਂ ਹੀ ਸਿੱਧੇ ਵਿਦੇਸ਼ਾਂ ਤੋਂ ਆਉਣ ਵਾਲੇ ਹੁਨਰਮੰਦ ਉਮੀਦਵਾਰਾਂ ਨੂੰ ਮਿਲੀਆਂ, ਜਦੋਂ ਕਿ ਬਾਕੀ ਜ਼ਿਆਦਾਤਰ ਥਾਵਾਂ ਪਹਿਲਾਂ ਹੀ ਆਸਟਰੇਲੀਆ ਵਿੱਚ ਮੌਜੂਦ ਅਸਥਾਈ ਵੀਜ਼ਾ ਧਾਰਕਾਂ ਨੂੰ ਸਥਾਈ ਨਿਵਾਸ ਦੇਣ ਲਈ ਵਰਤੀਆਂ ਗਈਆਂ।
ਵਿਦੇਸ਼ਾਂ ਤੋਂ ਅਰਜ਼ੀ ਦੇਣ ਵਾਲਿਆਂ ਲਈ ਮੁਕਾਬਲਾ ਹੋਵੇਗਾ ਸਖ਼ਤ
ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਨੀਤੀ ਨਾਲ ਦੇਸ਼ ਵਿੱਚ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੂਰ ਕਰਨ ਵਿੱਚ ਅਹਿਮ ਮਦਦ ਮਿਲੇਗੀ, ਪਰ ਨਾਲ ਹੀ ਵਿਦੇਸ਼ਾਂ ਤੋਂ ਅਰਜ਼ੀ ਦੇਣ ਵਾਲੇ ਨਵੇਂ ਉਮੀਦਵਾਰਾਂ ਲਈ ਮੁਕਾਬਲਾ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਹੋ ਸਕਦਾ ਹੈ।
Share this content:



Post Comment